ਦਰੀਆਂ ਨੀ ਦਰੀਆਂ ਤੇਰੀ ਪੇਟੀ ’ਚ ਕਿੱਥੋਂ ਰੱਖਾਂ ਧੀਏ ਰਾਣੀਏ
ਵਕਤ ਦੀ ਗਰਦਿਸ਼ ’ਚ ਗੁੰਮ ਹੋਈ ਵਿਰਾਸਤੀ ਖੁਸ਼ਬੋ
ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ 2024: ਪੱਛਮੀਕਰਨ ਦੀ ਹਨੇਰੀ ਅਤੇ ਨਵੇਂ ਮਹੌਲ ’ਚ ਪਲੀਆਂ ਤੇ ਵੱਡੀਆਂ ਹੋਈਆਂ ਕੁੜੀਆਂ ਵੱਲੋਂ ਵਿਰਾਸਤ ਸੰਭਾਲਣ ਦੀ ਥਾਂ ਪਾਸਾ ਵੱਟਣ ਕਾਰਨ ਦਰੀਆਂ ਬੁਣਨ ਦੀ ਕਲਾ ਵਕਤ ਦੀ ਗਰਦਿਸ਼ ’ਚ ਗੁੰਮ ਹੋ ਗਈ ਹੈ। ਲੋਕਾਂ ਦੇ ਕਮਰਿਆਂ ਵਿੱਚ ਸੌਣ ਦੇ ਰੁਝਾਨ ਨੇ ਵੀ ਦਰੀਆਂ ਦੀ ਅਹਿਮੀਅਤ ਨੂੰ ਖਤਮ ਕਰਨ ‘ਚ ਯੋਗਦਾਨ ਪਾਇਆ ਹੈ। ਮੰਜਿਆਂ ਦੀ ਥਾਂ ਡਬਲ ਬੈਡ ਅਤੇ ਦਰੀਆਂ ਚਾਦਰਾਂ ਦੀ ਥਾਂ ਗੱਦਿਆਂ ਦਾ ਪ੍ਰਚਲਨ ਹੋਣ ਕਾਰਨ ਵੀ ਇੰਨ੍ਹਾਂ ਵਸਤਾਂ ਨੂੰ ਤਿਆਰ ਕਰਨ ਨੂੰ ਵੀ ਖੋਰਾ ਲੱਗਿਆ ਹੈ। ਉਂਗਲਾਂ ਤੇ ਗਿਨਣ ਜੋਗੇ ਪਿੰਡ ਏਦਾਂ ਦੇ ਰਹਿ ਗਏ ਹਨ ਜਿੰਨ੍ਹਾਂ ’ਚ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਔਰਤਾਂ ਨੇ ਇਸ ਵਿਰਾਸਤੀ ਕਲਾ ਦਾ ਝੰਡਾ ਬੁਲੰਦ ਰੱਖਿਆ ਹੋਇਆ ਹੈ ਜਦੋਂਕਿ ਸ਼ਹਿਰਾਂ ’ਚ ਤਾਂ ਇਹ ਕੰਮ ਅਲੋਪ ਜਿਹਾ ਹੀ ਹੋ ਗਿਆ ਹੈ। ਬਠਿੰਡਾ ਦੇ ਵਿਰਾਸਤੀ ਮੇਲੇ ’ਚ ਕੁੜੀਆਂ ਜਦੋਂ ਦਰੀ ਬੁਣਨ ਦੀ ਕਲਾ ਪੇਸ਼ ਕਰਦੀਆਂ ਹਨ ਤਾਂ ਲੋਕ ਉਨ੍ਹਾਂ ਨੂੰ ਅੱਠਵੇਂ ਅਜੂਬੇ ਵਾਂਗ ਦੇਖਦੇ ਹਨ।
ਦੂਜੇ ਪਾਸੇ ਪੁਰਾਤਨ ਵੇਲਿਆਂ ’ਚ ਤਕਰੀਬਨ ਹਰ ਔਰਤ ਆਪਣੀ ਧੀਅ ਨੂੰ ਦਰੀਆਂ ਬੁਣਨ ਅਤੇ ਕਢਾਈ ਆਦਿ ਦਾ ਕੰਮ ਬੜੀ ਲਗਨ ਨਾਲ ਸਿਖਾਉਂਦ ਸੀ ਜਿਸ ਨਾਲ ਹਰ ਲੜਕੀ ਇਸ ਕਲਾ ’ਚ ਨਿਪੁੰਨ ਹੋ ਜਾਂਦੀ ਸੀ। ਉਦੋਂ ਔਰਤਾਂ ਵਿੱਚ ਇਹ ਧਾਰਨਾ ਪਾਈ ਜਾਂਦੀ ਸੀ ਕਿ ਜਿੰਨਾਂ ਕੋਈ ਲੜਕੀ ਘਰੇਲੂ ਕੰਮ ਕਾਜ ਦੇ ਨਾਲ ਨਾਲ ਆਪਣੇ ਹੱਥੀਂ ਦਰੀਆਂ ਬੁਨਣਾ ਅਤੇ ਕਢਾਈ ਵਗੈਰਾ ਸਿੱਖਕੇ ਸਹੁਰੇ ਘਰ ਜਾਏਗੀ ਤਾਂ ਉਸ ਨੂੰ ਓਨੀਂ ਹੀ ਸਿਆਣੀ ਸਮਝਿਆ ਜਾਏਗਾ। ਇਸ ਮਿੱਥ ਦੇ ਚਲਦਿਆਂ ਲੜਕੀਆਂ ਵਿਆਹ ਮੌਕੇ ਆਪਣੇ ਨਾਲ ਲਿਜਾਣ ਲਈ ਵੱਖ ਵੱਖ ਡਿਜ਼ਾਇਨਾਂ ਦੀਆਂ ਦਰੀਆਂ ਬੁਣਦੀਆਂ ਅਤੇ ਬਿਸਤਰੇ ਮੁਕੰਮਲ ਕਰਨ ਲਈ ਹੱਥੀਂ ਚਾਦਰਾਂ ਕੱਢੀਆਂ ਜਾਂਦੀਆਂ ਸਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਜਿੰਨਾਂ ਮਰਜੀ ਜਰੂਰੀ ਕੰਮ ਕਾਜ ਹੋਵੇ ਘਰ ਦੀ ਬਜ਼ੁਰਗ ਦਾਦੀ ਜਾਂ ਹੋਰ ਔਰਤ ਦੀਆਂ ਹਦਾਇਤਾਂ ਤੇ ਸਕੂਲਾਂ ’ਚ ਸਿੱਖਿਆ ਹਾਸਲ ਕਰ ਰਹੀਆਂ ਬੱਚੀਆਂ ਨੂੰ ਛੁੱਟੀ ਹੋਣ ਤੋਂ ਬਾਅਦ ਦਰੀਆਂ ਦੀ ਬੁਣਾਈ ਤੇ ਸਿਲਾਈ ਕਢਾਈ ਸਿੱਖਣ ਨੂੰ ਵਕਤ ਦੇਣਾ ਪੈਂਦਾ ਸੀ।
ਅੱਜ ਕੱਲ੍ਹ ਤਾਂ ਅਕਸਰ ਦੇਖਣ ’ਚ ਆਉਂਦਾ ਹੈ ਕਿ ਵਿਆਹ ਸ਼ਾਦੀ ਮੌਕੇ ਲੜਕੀਆਂ ਨੂੰ ਆਪਣੇ ਹੱਥੀਂ ਬਣਾਈਆਂ ਦਰੀਆਂ, ਚਾਦਰਾਂ, ਖੇਸ ਅਤੇ ਰਜਾਈਆਂ ਗਦੇਲੇ ਆਦਿ ਦੇਣ ਦੀ ਥਾਂ ਰੈਡੀਮੇਡ ਸਾਮਾਨ ਨੇ ਲੈ ਲਈ ਹੈ। ਇਸ ਮਾਮਲੇ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਤਿੰਨ-ਚਾਰ ਦਹਾਕੇ ਪਹਿਲਾਂ ਤੱਕ ਪੰਜਾਬੀ ਪ੍ਰਾਹੁਣਚਾਰੀ ਦਾ ਇੱਕ ਨਮੂਨਾ ਇਹ ਵੀ ਸੀ ਕਿ ਘਰ ਆਏ ਪ੍ਰਾਹੁਣੇ ਜਾਂ ਫੁੱਫੜ ਨੂੰ ਬਿਠਾਉਣ ਲਈ ਮੰਜੇ ‘ਤੇ ਨਵੀਂ ਦਰੀ ਅਤੇ ਚਾਦਰ ਵਿਛਾਈ ਜਾਂਦੀ ਸੀ। ਇੰਨ੍ਹਾਂ ਵਸਤਾਂ ਤੋਂ ਹੀ ਬਾਹਰੋਂ ਆਉਣ ਵਾਲੇ ਓਪਰੇ ਬੰਦੇ ਨੂੰ ਵੀ ਉਸ ਵਿਅਕਤੀ ਦੇ ਰੁਤਬੇ ਬਾਰੇ ਪਤਾ ਲੱਗ ਜਾਂਦਾ ਸੀ। ਬਠਿੰਡਾ ਜਿਲ੍ਹੇ ਦੇ ਵੱਡੇ ਪਿੰਡ ਮਹਿਰਾਜ਼ ਦੀ ਬਜ਼ੁਰਗ ਗੁਰਦੇਵ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਕਤ ਹਰ ਕੁੜੀ ਪੇਕਿਆਂ ਤੋਂ ਆਪਣੇ ਸਹੁਰੇ ਘਰ ’ਚ ਲਿਆਂਦੀਆਂ ਦਰੀਆਂ , ਸਿਰਹਾਣੇ ਤੇ ਚਾਦਰਾਂ ਦੇ ਪੇਟੀ ’ਚ ਰੱਖੇ ਹੋਣ ਸਬੰਧੀ ਮਾਣ ਮਹਿਸੂਸ ਕਰਦੀ ਸੀ।
ਉਨ੍ਹਾਂ ਦੱਸਿਆ ਕਿ ਫੈਸ਼ਨ ਦੇ ਇਸ ਦੌਰ ਵਿੱਚ ਸ਼ਹਿਰਾਂ ਅਤੇ ਕਸਬਿਆਂ ਚੋਂ ਇਸ ਘਰੇਲੂ ਦਸਤਕਾਰੀ ਦਾ ਇੱਕ ਤਰਾਂ ਨਾਲ ਨਾਮੋਂ ਨਿਸ਼ਾਨ ਹੀ ਖਤਮ ਜਿਹਾ ਹੋ ਗਿਆ ਹੈ ਜਦੋਂ ਕਿ ਪਿੰਡਾਂ ਵਿੱਚ ਵੀ ਇਹ ਕਲਾ ਹੁਣ ਆਖਰੀ ਸਾਹਾਂ ਤੇ ਹੀ ਨਜ਼ਰ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹੱਥੀਂ ਰੂੰ ਪਿੰਜਾਈ ਜਾਂਦੀ ਜਿਸ ਨੂੰ ਚਰਖੇ ਤੇ ਕੱਤਕੇ ਸੂਤ ਤਿਆਰ ਕੀਤਾ ਜਾਂਦਾ ਸੀ। ਸੂਤ ਦੀ ਘਰ ’ਚ ਹੀ ਰੰਗਾਈ ਕੀਤੀ ਜਾਂਦੀ ਸੀ ਜੋ ਦਰੀਆਂ ਬੁਣਨ ਦੇ ਕੰਮ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦਰੀਆਂ ਬੁਣਨ ਲਈ ਸਮਾਨ ਤਿਆਰ ਕਰਨ ਵੇਲੇ ਕਾਫੀ ਮਿਹਨਤ ਕਰਨੀ ਪੈਂਦੀ ਹੈ ਜਦੋਂਕਿ ਅੱਜ ਦੇ ਬੱਚੇ ਅਤੇ ਇੱਥੋਂ ਤੱਕ ਮਾਪੇ ਵੀ ਝੰਜਟ ’ਚ ਪੈਣ ਤੋਂ ਡਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਿੱਤੇ ਨੂੰ ਸ਼ੌਕ ਵਜੋਂ ਤਾਂ ਅਪਣਾਇਆ ਜਾ ਸਕਦਾ ਹੈ ਪਰ ਸਵੈਰੋਜਗਾਰ ਦੇ ਤੌਰ ਤੇ ਕਮਾਈ ਵਾਲਾ ਨਹੀਂ ਰਿਹਾ ਹੈ ਜਿਸ ਨੇ ਵੀ ਔਰਤਾਂ ਇਸ ਕੰਮ ਤੋਂ ਦੂਰ ਕੀਤਾ ਹੈ।
ਘਰੇਲੂ ਦਰੀਆਂ ਦਾ ਹੁੰਦਾ ਸੀ ਮੁਕਾਮ
ਦਰੀ ਬਣਾਉਣ ਲਈ ਲੱਕੜੀ ਜਾਂ ਪਾਈਪਾਂ ਦਾ ਇੱਕ ਅੱਡਾ ਲੁੜੀਂਦਾ ਹੁੰਦਾ ਹੈ । ਇਸ ਤੋਂ ਇਲਾਵਾ ਲੋਹੇ ਦੇ ਦੰਦਿਆਂ ਵਾਲੇ ਦੋ ਹੱਥੇ ਅਤੇ ਕਰੀਬ ਛੇ ਫੁੱਟ ਲੰਬੀ ਲੱਕੜ ਦੀ ਫੱਟੀ ਜਿਸ ਨੂੰ ਪਣਖ ਕਿਹਾ ਜਾਂਦਾ ਹੈ ਦੀ ਜਰੂਰਤ ਪੈਂਦੀ ਹੈ। ਧੀਆਂ ਧਿਆਣੀਆਂ ਆਪਣੀ ਨਿਪੁੰਨਤਾ ਮੁਤਾਬਕ ਦਰੀ ਤੇ ਮੋਰ, ਫੁੱਲ,ਹਾਥੀ, ਖਰਗੋਸ਼ਾਂ ,ਕਬੂਤਰਾਂ ਅਤੇ ਬੂਟੀਆਂ ਆਦਿ ਪਾਉਂਦੀਆਂ ਸਨ ਜਿਸ ਨਾਲ ਦਰੀ ਦੀ ਸਜ਼ਾਵਟ ਦੇਖਣ ਵਾਲੀ ਹੁੰਦੀ ਸੀ। ਦੋ ਔਰਤਾਂ ਇੱਕ ਦਰੀ 8 ਤੋਂ 10 ਦਿਨਾਂ ’ਚ ਤਿਆਰ ਕਰ ਦਿੰਦੀਆਂ ਹਨ। ਆਪਣੇ ਹੱਥਾਂ ਨਾਲ ਤਿਆਰ ਕੀਤੇ ਧਾਗੇ ਨਾਲ ਬੁਣੀ ਹੋਈ ਦਰੀ ਵਜ਼ਨ ਵਿੱਚ ਭਾਰੀ ਤੇ ਹੰਢਣਸਾਰ ਹੁੰਦੀ ਸੀ ਜਦੋਂਕਿ ਬਜ਼ਾਰੀ ਦਰੀਆਂ ਕਾਫੀ ਹਲਕੀਆਂ ਹੁੰਦੀਆਂ ਹਨ।
ਕੁੜੀਆਂ ਮੰਨਦੀਆਂ ਝੰਜਟ: ਦਾਤੇਵਾਸੀਆ
ਬਠਿੰਡਾ ਦੇ ਸਾਹਿਤਕਾਰ ਅਮਨ ਦਾਤੇਵਾਸੀਆ ਦਾ ਕਹਿਣਾ ਸੀ ਕਿ ਅਸਲ ’ਚ ਦਰੀਆਂ ਹੀ ਨਹੀਂ ਪੱਛਮੀ ਹਵਾ ਦੇ ਪ੍ਰਭਾਵ ਨੇ ਪੰਜਾਬੀ ਵਿਰਸੇ ਨੂੰ ਡੂੰਘੀ ਸੱਟ ਮਾਰੀ ਹੈ। ਉਨ੍ਹਾਂ ਕਿ ਕੁੜੀਆਂ ਇਹ ਹੁਨਰ ਝੰਜਟ ਮੰਨਕੇ ਸਿੱਖ ਨਹੀਂ ਰਹੀਆਂ ਜਿਸ ਤੋੋਂ ਜਾਪਦਾ ਹੈ ਕਿ ਇਸ ਕਲਾ ਦੀ ਉਮਰ ਬਹੁਤੀ ਲੰਮੇਰੀ ਨਹੀਂ ਹੈ।