ਅਜ਼ੀਬੋ-ਗਰੀਬ ਮਾਮਲਾ! ਬੈਂਕ 'ਚੋਂ 40 ਲੱਖ ਦਾ ਸੋਨਾ ਹੀ ਕੋਈ ਹੋਰ ਕਢਵਾ ਕੇ ਲੈ ਗਿਆ, ਪੀੜ੍ਹਤ ਪਰਿਵਾਰ ਨੇ ਘੇਰ ਲਿਆ ਬੈਂਕ
ਰੋਹਿਤ ਗੁਪਤਾ
ਗੁਰਦਾਸਪੁਰ, 16 ਸਤੰਬਰ 2024'- ਬੀਤੇ ਦਿਨੀਂ ਸਾਡੇ ਵਲੋਂ ਸ਼ਹਿਰ ਦੇ ਇੱਕ ਵਿਉਪਾਰੀ ਨਾਲ ਗੋਲਡ ਲੋਨ ਦੇ ਨਾਂ ਤੇ ਠੱਗੀ ਹੋਣ ਦੀ ਖਬਰ ਜੋਰ ਸ਼ੋਰ ਨਾਲ ਦਿਖਾਈ ਗਈ ਸੀ। ਮਾਮਲਾ ਇਹ ਸੀ ਕਿ ਵਪਾਰੀ ਵੱਲੋਂ ਲਏ ਗਏ 17 ਲੱਖ ਦੇ ਲੋਨ ਦੇ ਬਦਲੇ ਆਈਸੀਆਈਸੀਆਈ ਬੈਂਕ ਵਿੱਚ 40 ਲੱਖ ਦੇ ਕਰੀਬ ਦਾ ਸੋਨਾ ਗਿਰਵੀ ਰੱਖਿਆ ਗਿਆ ਸੀ ਪਰ ਇਹ ਸੋਨਾ ਇੱਕ ਜਾਲਸਾਜ ਬਿਆਜ ਸਮੇਤ ਕਰਜ਼ੇ ਦੀ ਰਕਮ ਜਮਾ ਕਰਵਾ ਕੇ ਛੁਡਾ ਕੇ ਲੈ ਗਿਆ ਜਦ ਕਿ ਬੈਂਕ ਵੱਲੋਂ ਇਸ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਗਈ।
ਹੈਰਾਨੀ ਦੀ ਗੱਲ ਇਹ ਸੀ ਕਿ ਪਰਿਵਾਰ ਦਾ ਦਾਵਾ ਹੈ ਕਿ ਬੈਂਕ ਦੇ ਕਾਗਜ਼ਾਂ ਤੇ ਉਸਦੇ ਜਾਲੀ ਸਾਈਨ ਕੀਤੇ ਗਏ ਹਨ ਪਰ ਬਾਵਜੂਦ ਇਸਦੇ ਬੈਂਕ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ ਅੱਜ ਪੀੜਿਤ ਪਰਿਵਾਰ ਨੇ ਬੈਂਕ ਵੱਲੋਂ ਜਿੰਮੇਵਾਰੀ ਨਾ ਲੈਣ ਦੇ ਰੋਸ਼ ਵਜੋ ਤੇ ਬੜੀ ਰੋਡ ਤੇ ਸਥਿਤ ਆਈਸੀਆਈਸੀਆਈ ਬੈਂਕ ਦੀ ਬ੍ਰਾਂਚ ਅੱਗੇ ਧਰਨਾ ਦੇ ਦਿੱਤਾ ਗਿਆ। ਇਸ ਦੌਰਾਨ ਬੈਂਕ ਮੈਨੇਜਰ ਉਹਨਾਂ ਦਾ ਸਾਹਮਣਾ ਕਰਨ ਦੀ ਬਜਾਏ ਬੈਂਕ ਛੱਡ ਕੇ ਉਥੋਂ ਨਿਕਲ ਗਿਆ।
ਪੀੜਿਤ ਪਰਿਵਾਰ ਦਾ ਦੋਸ਼ ਹੈ ਕਿ ਬੈਂਕ ਇਸ ਵਿੱਚ ਆਪਣੀ ਜਿੰਮੇਦਾਰੀ ਤੋਂ ਭੱਜ ਰਿਹਾ ਹੈ ਅਤੇ ਉਹਨਾਂ ਨੂੰ ਉਸ ਵਿਅਕਤੀ ਦੀ ਸੀਸੀਟੀਵੀ ਫੁਟੇਜ ਜਾਂ ਫੋਟੋਆਂ ਨਹੀਂ ਦਿੱਤੀਆਂ ਜਾ ਰਹੀਆਂ ਜੋ ਬੈਂਕ ਵਿੱਚੋਂ ਸੋਨਾ ਛੁਡਵਾ ਕੇ ਲੈ ਗਿਆ ਹੈ। ਉਹਨਾਂ ਦੋਸ਼ ਲਗਾਇਆ ਕਿ ਜਾਹਰ ਤੌਰ ਤੇ ਇਸ ਵਿੱਚ ਬੈਂਕ ਦੇ ਮੁਲਾਜ਼ਮਾਂ ਦੀ ਮਿਲੀ ਭਗਤ ਹੋ ਸਕਦੀ ਹੈ, ਪਰ ਬੈਂਕ ਆਪਣੇ ਉਹਨਾਂ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਉਹ ਪਰਿਵਾਰ ਅਤੇ ਆਪਣੇ ਸਾਥੀ ਸਮੇਤ ਬੈਂਕ ਦੇ ਬਾਹਰ ਧਰਨੇ ਤੇ ਬੈਠ ਗਏ ਹਨ।
ਦੂਜੇ ਪਾਸੇ ਥਾਨਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਗੁਰਮੀਤ ਸਿੰਘ ਨੇ ਮੌਕੇ ਤੇ ਪਹੁੰਚ ਪੀੜਿਤ ਪਰਿਵਾਰ ਨੂੰ ਸਮਝਾਇਆ ਤੇ ਕੱਲ ਬੈਂਕ ਅਧਿਕਾਰੀ ਅਤੇ ਪੀੜਿਤ ਪਰਿਵਾਰ ਨੂੰ ਥਾਣੇ ਬੈਠ ਕੇ ਗੱਲ ਕਰਨ ਦਾ ਸਮਾਂ ਦਿੱਤਾ ਗਿਆ ਹੈ। ਪੀੜਿਤ ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜੇਕਰ ਬੈਂਕ ਵੱਲੋਂ ਉਹਨਾਂ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਮੁੜ ਤੋਂ ਅਨਮਿੱਥੇ ਸਮੇਂ ਲਈ ਬੈਂਕ ਦੇ ਬਾਹਰ ਪਰਿਵਾਰ ਅਤੇ ਸਾਥੀਆਂ ਸਮੇਤ ਭੁੱਖ ਹੜਤਾਲ ਤੇ ਬੈਠ ਜਾਣਗੇ ਅਤੇ ਜੇਕਰ ਲੋੜ ਪਈ ਤਾਂ ਇਸ ਤੋਂ ਵੀ ਵੱਡਾ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਨਗੇ। ਉਹ ਨਾ ਐਲਾਨ ਕੀਤਾ ਕਿ ਇਸ ਵਾਰ ਉਨਾਂ ਦੇ ਬੱਚੇ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਣਗੇ।