Breaking: ਕੇਜਰੀਵਾਲ ਇੱਕ ਹਫ਼ਤੇ 'ਚ ਛੱਡਣਗੇ CM ਹਾਊਸ, ਜਾਣੋ ਕਿੱਥੇ ਰਹਿਣਗੇ?
ਨਵੀਂ ਦਿੱਲੀ, 18 ਸਤੰਬਰ 2024- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਉਹ ਅਗਲੇ 7 ਦਿਨਾਂ 'ਚ ਮੁੱਖ ਮੰਤਰੀ ਦੀ ਰਿਹਾਇਸ਼ ਛੱਡਣਗੇ।
ਹਾਲਾਂਕਿ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਸਰਕਾਰੀ ਘਰ ਖਾਲੀ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ ਪਰ ਅਰਵਿੰਦ ਕੇਜਰੀਵਾਲ ਇੰਨਾ ਸਮਾਂ ਨਹੀਂ ਲੈਣਾ ਚਾਹੁੰਦੇ। ਇਸ ਲਈ ਉਹ 7 ਦਿਨਾਂ ਦੇ ਅੰਦਰ 'ਸ਼ੀਸ਼ਮਹਿਲ' ਨੂੰ ਖਾਲੀ ਕਰ ਦੇਣਗੇ। 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ।
ਸੰਜੇ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੁਣ ਸਿਰਫ ਵਿਧਾਇਕ ਰਹਿ ਗਏ ਹਨ। ਅਜਿਹੇ 'ਚ ਉਨ੍ਹਾਂ ਨੂੰ ਸਿਰਫ ਸਰਕਾਰੀ ਸੇਵਾਵਾਂ, ਤਨਖਾਹ ਅਤੇ ਭੱਤੇ ਹੀ ਮਿਲਣਗੇ ਜਿਵੇਂ ਕਿ ਉਨ੍ਹਾਂ ਨੂੰ ਵਿਧਾਇਕ ਵਜੋਂ ਮਿਲਦਾ ਹੈ। ਉਹ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ, ਪਰ ਸਾਬਕਾ ਮੁੱਖ ਮੰਤਰੀ ਨੂੰ ਸਰਕਾਰੀ ਰਿਹਾਇਸ਼ ਅਲਾਟ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਸਰਕਾਰੀ ਰਿਹਾਇਸ਼ ਨਹੀਂ ਮਿਲੇਗੀ।
ਅਜਿਹੇ 'ਚ ਉਨ੍ਹਾਂ ਨੂੰ ਆਪਣੀ ਜਗ੍ਹਾ ਖੁਦ ਲੱਭਣੀ ਪਵੇਗੀ। ਮੁੱਖ ਮੰਤਰੀ ਦਾ ਅਹੁਦਾ ਛੱਡਦੇ ਹੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਮਿਲੀ ਸਰਕਾਰੀ ਗੱਡੀ, ਸਰਕਾਰੀ ਘਰ ਅਤੇ ਸਰਕਾਰੀ ਸੁਰੱਖਿਆ ਵੀ ਛੱਡਣੀ ਪਵੇਗੀ।