ਰੁੱਖੀ ਮਿੱਸੀ ਖਾ ਗੋਪਾਲਾ ਠੰਢਾ ਪਾਣੀ ਪੀ ਦੇਖ ਪਰਾਈ ਚੋਪੜੀ ਮੱਤ ਤਰਸਾ ਜੀਅ
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2024: ਕਈ ਸਾਲ ਪਹਿਲਾਂ ਇੱਕ ਪੰਜਾਬੀ ਫਿਲਮ ਵਿੱਚ ਇਹ ਗੀਤ ਆਇਆ ਸੀ ‘ਰੁੱਖੀ ਮਿੱਸੀ ਖਾ ਗੁਪਾਲਾ ਠੰਢਾ ਪਾਣੀ ਪੀ ,ਦੇਖ ਪਰਾਈ ਚੋਪੜੀ ਮੱਤ ਤਰਸਾ ਜੀਅ। ਸਰਕਾਰਾਂ ਤਰੱਕੀ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਜਦੋਂਕਿ ਹਕੀਕਤ ਇਹ ਵੀ ਹੈ ਕਿ ਅੱਜ ਵੀ ਸੈਂਕੜੇ ਪ੍ਰੀਵਾਰ ਅਜਿਹੇ ਹਨ ਜਿੰਨ੍ਹਾਂ ਲਈ ਰੁੱਖੀ-ਮਿੱਸੀ‘ ਆਖਰੀ ਨਹੀਂ ਸਗੋਂ ਹੁਣ ਮੁੱਖ ਸਹਾਰਾ ਬਣੀ ਹੋਈ ਹੈ। ਜਿਸ ਵਕਤ ਲੇਖਕ ਨੇ ਇਹ ਗੀਤ ਲਿਖਿਆ ਹੋਊ ਉਦੋਂ ਉਸ ਨੂੰ ਵੀ ਇਲਮ ਨਹੀਂ ਹੋਣਾ ਕਿ ਭੁੱਖਿਆਂ ਨੂੰ ਰਜਾਉਣ ਵਾਲੇ ਪੰਜਾਬ ਨੂੰ ਇੰਨ੍ਹਾਂ ਦਿਨਾਂ ਦਾ ਮੂੰਹ ਦੇਖਣਾ ਪਵੇਗਾ। ਹਰ ਗਰੀਬ ਦੇ ਪੇਟ ਲਈ ਇਹੋ ਧਰਵਾਸ ਹੈ ਕਿ ਉਸ ਨੂੰ ਜਿਸ ਦਿਨ ਦੋ ਵਕਤ ਦੀ ਰੋਟੀ ਆਪਣਾ ਅਤੇ ਬੱਚਿਆਂ ਦਾ ਢਿੱਡ ਭਰਨ ਲਈ ਮਿਲ ਜਾਂਦੀ ਹੈ ਤਾਂ ਉਹ ਅਗਲੇ ਦਿਨ ਦੇ ਫਿਕਰਾਂ ’ਚ ਜੁਟ ਜਾਂਦਾ ਹੈ।
ਦੇਖਿਆ ਜਾਏ ਤਾਂ ਇੱਕ ਦਿਹਾੜੀਦਾਰ ਮਜ਼ਦੂਰ ਨੂੰ ਇਸ ਪੇਟ ਲਈ ਕੀ ਕੱੁਝ ਨਹੀਂ ਕਰਨਾ ਪੈਂਦਾ ਹੈ। ਇਕੱਲੇ ਬਠਿੰਡਾ ਦੇ ਲੇਬਰ ਚੌਂਕ ਦੀ ਗੱਲ ਕਰੀਏ ਤਾਂ ਮੂੰਹ ਹਨੇਰੇ ਜਦੋਂ ਸਰਦੇ ਪੁੱਜਦੇ ਪ੍ਰੀਵਾਰਾਂ ਦੀ ਅੱਖ ਵੀ ਨਹੀਂ ਖੁੱਲ੍ਹੀ ਹੁੰਦੀ ਤਾਂ ਇੱਥੇ ਮਜ਼ਦੂਰਾਂ ਦੀ ਮੰਡੀ ਸਜ਼ ਚੁੱਕੀ ਹੁੰਦੀ ਹੈ। ਦਿਨ ਭਰ ਖਪਣ ਤੋਂ ਬਾਅਦ ਲੇਬਰ ਚੌਂਕ ਚੋਂ ਮੁੜੇ ਮਜ਼ਦੂਰ ਦੀ ਬੱਚੀ ਆਪਣੇ ਬਾਪ ਦੀ ਪੋਟਲੀ ਫਰੋਲਦੀ ਹੈ ਤਾਂ ਉਸ ਨੂੰ ਪੈਸਿਆਂ ਦੀ ਥਾਂ ਖਾਲੀ ਪੋਣਾ ਮਿਲਦਾ ਹੈ ਜੋ ਇਹ ਦੱਸਣ ਲਈ ਕਾਫੀ ਹੈ ਕਿ ਅੱਜ ਦਿਹਾੜੀ ਨਹੀਂ ਮਿਲੀ ਹੈ। ਲੇਬਰ ਚੌਂਕ ਦਾ ਮਜ਼ਦੂਰ ਬੂਟਾ ਸਿੰਘ ਆਖਦਾ ਹੈ ਕਿ ਮਹਿੰਗਾਈ ਦਾ ਭੂਤ ਅੱਜ ਹਰ ਗਰੀਬ ਪਰਿਵਾਰ ਨੂੰ ਡਰਾ ਰਿਹਾ ਹੈ ਇਸ ਲਈ ਹੁਣ ‘ਰੁੱਖੀ ਮਿੱਸੀ’ ਖਾ ਕੇ ਗੁਜ਼ਾਰਾ ਕਰਨਾ ਦੂਰ ਦੀ ਗੱਲ ਬਣ ਗਿਆ ਹੈ।
ਉਹ ਦੱਸਦਾ ਹੈ ਕਿ ਆਟੇ ਦਾ ਭਾਅ 30 ਰੁਪਏ ਪ੍ਰਤੀ ਕਿੱਲੋ ਨੂੰ ਟੱਪ ਗਿਆ ਹੈ ਜਿਸ ਕਰਕੇ ਦੋ ਵਕਤ ਦੀ ਰੋਟੀ ਵੀ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਰਹੀ ਹੈ। ਗੰਢਿਆਂ ਦਾ ਭਾਅ ਕਈ ਸਾਲ ਪਹਿਲਾਂ ਗੰਢੇ 10 ਤੋਂ 20 ਰੁਪਏ ਕਿੱਲੋ ਤੱਕ ਹੁੰਦੇ ਸਨ ਜੋ ਐਤਕੀਂ 60 ਰੁਪਏ ਕਿੱਲੋ ਵਿਕਣ ਲੱਗੇ ਹਨ। ਮਹਿੰਗੇ ਗੰਢਿਆਂ ਕਾਰਨ ਚਟਨੀ ਵੀ ਹੱਥੋਂ ਨਿਕਲ ਗਈ ਹੈ ਅਤੇ ਦਾਲ ਰੋਟੀ ਖਾ ਕੇ ਵੀ ਡੰਗਟਪਾਉਣਾ ਸੌਖਾ ਨਹੀਂ ਰਹਿ ਗਿਆ ਹੈ ਕਿਉਂਕਿ ਤਕਰੀਬਨ ਹਰ ਦਾਲ ਦੀ ਕੀਮਤ 90 ਤੋਂ 100 ਰੁਪਏ ਕਿੱਲੋ ਨੂੰ ਪਾਰ ਕਰ ਗਈ ਹੈ। ਗੁੜ ਅਤੇ ਖੰਡ ਦੇ ਭਾਅ ਵੀ ਗਰੀਬਾਂ ਦੇ ਵਿੱਤੋਂ ਬਾਹਰ ਹਨ । ਪਿੱਛੇ ਇਕੱਲਾ ਪਾਣੀ ਬਚਿਆ ਹੈ ਜੋ ਧਰਤੀ ਹੇਠਲਾ ਜ਼ਹਿਰਾਂ ਵਾਲਾ ਹੈ ਜਿਸ ਨੂੰ ਪੀਣ ਵਾਲਿਆਂ ਨੂੰ ਕੈਂਸਰ ਵਰਗਾ ਨੁਮੁਰਾਦ ਰੋਗ ਮਿਲਦਾ ਹੈ।
ਮਹਿੰਗਾਈ ਦੀ ਮਾਰ ਕੇਵਲ ਗਰੀਬ ‘ਤੇ ਪਈ ਹੈ ਲਿਸ਼ਕਦੀਆਂ ਕਾਰਾਂ ਦੇ ਭਾਅ ਜੋ ਮਰਜੀ ਹੋਣ ਕਦੇ ਵਿਕਣੋਂ ਕਿਉਂ ਨਹੀਂ ਹਟਦੀਆਂ ਇਹ ਸੋਚਣ ਵਾਲੀ ਗੱਲ ਹੈ। ਫਰਕ ਐਨਾ ਹੀ ਹੈ ਕਿ ਹਕੂਮਤਾਂ ਸਿਰਫ ‘ਵੱਡੇ ਲੋਕਾਂ’ ਦੇ ਢਿੱਡਾਂ ਦਾ ਦੁੱਖ ਸਮਝਦੀਆਂ ਹਨ। ਵੋਟਾਂ ਨੂੰ ਛੱਡਕੇ ਖਾਲੀ ਢਿੱਡ ਵਾਲਿਆਂ ਤੱਕ ਪੁੱਜਣ ਲਈ ਸਰਕਾਰਾਂ ਚਲਾਉਣ ਵਾਲਿਆਂ ਨੂੰ ਵਿਹਲ ਕਿੱਥੇ ਮਿਲਦੀ ਹੈ। ਗਿੱਦੜਬਾਹਾ ਦੇ ਇੱਕ ਗਰੀਬ ਪ੍ਰੀਵਾਰ ਦੇ ਬੱਚੇ ਇਸ ਲਈ ਖੁਸ਼ ਹਨ ਕਿ ਜਲਦੀ ਹੀ ਵੋਟਾਂ ਦੀ ਰੁੱਤ ਆਉਣ ਵਾਲੀ ਹੈ ਜਿਸ ਤੋ ਬਾਅਦ ਲੱਗਣ ਵਾਲੇ ਲੰਗਰਾਂ ਨਾਲ ਚਾਰ ਦਿਹਾੜੇ ਸੌਖੇ ਲੰਘ ਜਾਣਗੇ। ਕਸੂਰ ਇੰਨ੍ਹਾਂ ਬੱਚਿਆਂ ਦਾ ਨਹੀਂ ਤੇ ਮਾਪਿਆਂ ਦਾ ਵੀ ਨਹੀਂ ਹੈ ਜਿੰਨ੍ਹਾਂ ਦਾ ਚੁੱਲ੍ਹਾ ਇਸ ਕਰਕੇ ਠੰਢਾ ਹੈ ਕਿ ਘਰ ਦੇ ਮਾਲਕ ਨੂੰ ਕਈ ਕਈ ਦਿਨ ਕੰਮ ਨਹੀਂ ਮਿਲਦਾ ਹੈ।
ਲੋਕ ਤਾਂ ਹੁਣ ਇਹ ਵੀ ਆਖਣ ਲੱਗੇ ਹਨ ਕਿ ਜੇਕਰ ਇੰਜ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਖਬਰਾਂ ਆਉਣ ਲੱਗਣਗੀਆਂ ਕਿ ,‘ਫਲਾਣਾ ਸਿਓਂ ਭੁੱਖ ਨਾਲ ਮਰ ਗਿਐ। ਉਂਜ ਇਹ ਵੀ ਹਕੀਕਤ ਹੈ ਕਿ ਠੰਡੇ ਚੁੱਲਿਆਂ ਚੋਂ ਵੋਟਾਂ ਦੀ ਗਰਮੀ ਤਲਾਸ਼ਣ ਵਾਲੇ ਇਨ੍ਹਾਂ ਬੇਰਹਿਮ ਭੁੱਖੇ ਢਿੱਡਾਂ ਰਾਹੀਂ ਹੀ ‘ਗੱਦੀ’ ’ਤੇ ਬਿਰਾਜਮਾਨ ਹੁੰਦੇ ਹਨ। ਸੱਤਾ ਤੇ ਕੋਈ ਵੀ ਬੈਠਾ ਹੋਵੇ ਗਰੀਬ ਦੀ ਭੁੱਖ ਦਾ ਮਸਲਾ ਰਾਜਗੱਦੀ ਨਾਲ ਜੁੜਿਆ ਮੰਨਿਆ ਜਾਂਦਾ ਹੈ ਤਾਂ ਹੀ ਤਾਂ ਅਜ਼ਾਦੀ ਮਿਲਣ ਦੇ ਦਹਾਕਿਆਂ ਬਾਅਦ ਵੀ ਗੱਲ ਆਟੇ ਦਾਲ ਤੋਂ ਅਗਾਂਹ ਨਹੀਂ ਵਧ ਸਕੀ ਹੈ। ਸਿਆਸੀ ਲੋਕਾਂ ਦੀ ਸੋਚ ਹੈ ਕਿ ਰੱਜੇ ਲੋਕ ਹੱਕ ਮੰਗਣ ਤੁਰਨਗੇ ਜੋ ਦੇਣੇ ਉਨ੍ਹਾਂ ਦੇ ਵੱਸ ’ਚ ਨਹੀਂ।
ਸਰਕਾਰਾਂ ਵਾਲੇ ਲੱਖ ਬਾਤਾਂ ਪਾਈ ਜਾਣ ਗਰੀਬ ਦੇ ਮੂੰਹ ਚੋਂ ‘ਰੋਟੀ’ ਹੀ ਨਿਕਲਦਾ ਹੈ ਜੋ ਸੱਤਾ ਦੀ ਅਸਲ ਚਾਬੀ ਹੈ। ਧਨਾਢ ਪ੍ਰੀਵਾਰਾਂ ਦੇ ਵਿਆਹਾਂ ‘ਚ ਮਹਿਮਾਨ ਓਨਾਂ ਖਾਂਦੇ ਨਹੀਂ ਜਿੰਨਾਂ ਬਰਬਾਦ ਹੋ ਜਾਂਦਾ ਹੈ। ਮਹਿੰਗਾਈ ਨੇ ਮਹਿੰਗੇ ਵਿਆਹਾਂ ‘ਤੇ ਕੋਈ ਅਸਰ ਨਹੀਂ ਪਾਇਆ ਅਤੇ ਨਾਂ ਹੀ ਸਰਦੇ ਪੁੱਜਦਿਆਂ ਦਾ ਵਾਲ ਵਿੰਗਾ ਕੀਤਾ ਹੈ। ਹਰ ਅਲਾਮਤ ਤਾਂ ਗਰੀਬ ਦੇ ਬੂਹੇ ਢੁੱਕੀ ਹੈ ਜੋ ਕਦੇ ਬਿਮਾਰੀ ਤੇ ਕਦੀ ਕਰਜਾ ਬਣਕੇ ਆਉਂਦੀ ਹੈ। ਮਜ਼ਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਦਾ ਕਹਿਣਾ ਸੀ ਕਿ ਸਰਕਾਰ ਕਦੇ ਤਾਂ ਅਜਿਹੇ ਲੋਕਾਂ ਦਾ ਦੁੱਖ ਸੁਣੇ। ਉਨ੍ਹਾਂ ਕਿਹਾ ਕਿ ਜਦੋਂ ਭੁੱਖਿਆਂ ਦਾ ਖੂਨ ਖੌਲਣ ਲੱਗਦਾ ਹੈ ਤਾਂ ਫਿਰ ਖੂਨ ਡੁੱਲ੍ਹਦਿਆਂ ਦੇਰ ਨਹੀਂ ਲੱਗਦੀ ਇਸ ਲਈ ਰੱਜ ਗੱਦੀ ਤੇ ਬੈਠੇ ਸਿਆਸੀ ਲੋਕਾਂ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।