ਚੋਣਾਂ ਦੇ ਰੰਗ: ਸਰਪੰਚੀ ਦੇ ਇੱਛੁਕ ਗੱਡਣ ਲੱਗੇ ਸਿਆਸੀ ਵੰਝ
ਅਸ਼ੋਕ ਵਰਮਾ
ਬਠਿੰਡਾ, 20 ਸਤੰਬਰ 2024: ਪੰਚਾਇਤੀ ਚੋਣਾਂ ਦਾ ਬਿਗੁਲ ਵੱਜਣ ਕਾਰਨ ਸਰਪੰਚ ਬਣਨ ਦੇ ਚਾਹਵਾਨ ਲੋਕਾਂ ਦੇ ਮਨਾਂ ’ਚ ਲੱਡੂ ਫੁੱਟਣ ਲੱਗੇ ਹਨ। ਹਾਲਾਂਕਿ ਕਾਫੀ ਪਿੰਡਾਂ ’ਚ ਪਿਛਲੇ ਕਾਫੀ ਦਿਨਾਂ ਤੋਂ ਅੰਦਰੋ ਅੰਦਰੀ ਸਰਗਰਮੀਆਂ ਚੱਲ ਰਹੀਆਂ ਸਨ ਪਰ ਬੀਤੀ ਦੇਰ ਰਾਤ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਅਜਿਹੇ ਪਿੰਡ ਪੱਧਰੀ ਨੇਤਾਵਾਂ ਨੇ ਅਗਲੀਆਂ ਵਿਉਂਤਬੰਦੀਆਂ ਸ਼ੁਰੂ ਕਰ ਦਿੱਤੀਆਂ ਹੈ। ਸਰਪੰਚੀ ਦੀ ਚੋਣ ਲੜਨ ਵਾਲਿਆਂ ਨੂੰ ਹੁਣ ਸਿਰਫ ਰਾਖਵਾਂਕਰਨ ਮੁਕੰਮਲ ਹੋਣ ਦਾ ਇੰਤਜ਼ਾਰ ਹੈ। ਸਰਪੰਚ ਬਣਨ ਦੀ ਦੌੜ ’ਚ ਸ਼ਾਮਲ ਲੋਕ ਹਾਕਮ ਧਿਰ ਦੇ ਵਿਧਾਇਕਾਂ ਜਾਂ ਹੋਰ ਆਗੂਆਂ ਨੂੰ ਮਿਲਕੇ ਜੋੜ ਤੋੜ ਕਰਨ ਦੀਆਂ ਤਿਆਰੀਆਂ ’ਚ ਰੁੱਝ ਗਏ ਹਨ।ਡਿਪਟੀ ਕਮਿਸ਼ਨਰਾਂ ਨੇ ਆਪੋ ਆਪਣੇ ਜ਼ਿਲ੍ਹੇ ਵਿੱਚ ਪੈਂਦੀਆਂ ਗਰਾਮ ਪੰਚਾਇਤਾਂ ਵਿਚ ਦਲਿਤ ਆਬਾਦੀ ਦੇ ਅੰਕੜਿਆਂ ਦੀ ਗਿਣਤੀ ਮਿਣਤੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਬਾਅਦ ਰਾਖਵਾਂ ਕਰਨ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਏਗੀ ਜੋਕਿ ਪਹਿਲਾਂ ਜਿਲ੍ਹੇ ਨੂੰ ਇਕਾਈ ਮੰਨਕੇ ਕੀਤੀ ਜਾਂਦੀ ਸੀ ਪਰ ਇਸ ਵਾਰ ਬਲਾਕ ਨੂੰ ਇਕਾਈ ਮੰਨ ਕੇ ਸਰਪੰਚਾਂ ਦੇ ਅਹੁਦੇ ਨਾਲ ਸਬੰਧਤ ਰਾਖਵੇਂਕਰਨ ਦਾ ਰੋਸਟਰ ਤਿਆਰ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਦੋ ਪੜਾਵਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਪਹਿਲੇ ਪੜਾਅ ਵਿੱਚ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਚੋਣ ਹੋਵੇਗੀ ਜਦੋਂ ਕਿ ਦੂਸਰੇ ਪੜਾਅ ਤਹਿਤ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀ ਚੋਣ ਕਰਵਾਈ ਜਾਏਗੀ। ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਚੋਣਾਂ ਸਭ ਤੋਂ ਮਗਰੋਂ ਅੰਤ ਵਿੱਚ ਕਰਵਾਈ ਜਾਣੀ ਹੈ। ਇਸ ਵਾਰ ਪੰਚਾਇਤ ਚੋਣਾਂ ਦਾ ਕੰਮ ਅਕਤੂਬਰ ਦੇ ਦੂਸਰੇ ਹਫਤੇ ਦੇ ਅੰਤ ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚਲੇ ਸੂਤਰਾਂ ਵੱਲੋਂ ਪੰਚਾਇਤੀ ਚੋਣਾਂ ਵੀ ਇੰਨ੍ਹਾਂ ਦਿਨਾਂ ਦੌਰਾਨ ਹੋਣ ਦੀ ਗੱਲ ਆਖੀ ਜਾ ਰਹੀ ਹੈ। ਹਾਕਮ ਧਿਰ ਆਮ ਆਦਮੀ ਪਾਰਟੀ ਲਈ ਪੰਚਾਇਤੀ ਚੋਣਾਂ ਇਸ ਕਰਕੇ ਅਹਿਮ ਹਨ ਕਿਉਂਕਿ ਜਲਦੀ ਹੀ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਹਨ। ਜੇਕਰ ਪਿੰਡਾਂ ’ਚ ਪੰਚਾਇਤ ਚੋਣਾਂ ਵਾਲਾ ਝਾੜੂ ਚੱਲ ਜਾਂਦਾ ਹੈ ਤਾਂ ਇਸ ਦਾ ਸਿਆਸੀ ਲਾਹਾ ਆਮ ਆਦਮੀ ਪਾਰਟੀ ਨੂੰ ਜਿਮਨੀ ਚੋਣਾਂ ਦੌਰਾਨ ਮਿਲ ਸਕਦਾ ਹੈ। ਸੂਤਰ ਆਖਦੇ ਹਨ ਕਿ ਹਾਕਮ ਧਿਰ ਪੂਰੀ ਤਿਆਰੀ ਨਾਲ ਪੰਚਾਇਤੀ ਚੋਣਾਂ ਵਿੱਚ ਉੱਤਰਨਾ ਚਾਹੁੰਦੀ ਹੈ। ਭਗਵੰਤ ਮਾਨ ਸਰਕਾਰ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਕੀਤੇ ਵਾਅਦੇ ਮੁਤਾਬਕ ਖੇਤੀ ਨੀਤੀ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਵਿੱਚ ਉਲਝੀ ਹੋਈ ਸੀ ਜਿਸ ਦਾ ਕੰਮ ਹੁਣ ਮੁਕੰਮਲ ਹੋ ਗਿਆ ਹੈ।
ਇਹੋ ਕਾਰਨ ਹੈ ਕਿ ਹੁਣ ਆਪ ਵਰਕਰਾਂ ਵੱਲੋਂ ਪਿੰਡਾਂ ’ਚ ਤਿਆਰੀਆਂ ਵਿੱਢਣ ਦੀ ਗੱਲ ਸਾਹਮਣੇ ਆ ਰਹੀ ਹੈ। ਵੇਰਵਿਆਂ ਅਨੁਸਾਰ ਪਿੰਡਾਂ ਵਿੱਚ ਆਮ ਆਦਮੀ ਪਾਰਟੀ ’ਚੋਂ ਸਰਪੰਚੀ ਦੇ ਚਾਹਵਾਨ ਕਾਫ਼ੀ ਉਤਸੁਕਤਾ ਵਿੱਚ ਹਨ। ਪੰਜਾਬ ਸਰਕਾਰ ਨੇ ਇੱਕ ਸੋਧ ਰਾਹੀਂ ਪੇਂਡੂ ਲੋਕ ਰਾਜ ਨੂੰ ਸਿਆਸੀ ਜੂਲੇ ਹੇਠੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਇਨ੍ਹਾਂ ਚੋਣਾਂ ਦੌਰਾਨ ਰਾਜਨੀਤੀ ਦੇ ਪੂਰੀ ਤਰਾਂ ਮਨਫੀ ਹੋਣਾ ਮੁਸ਼ਕਲ ਦਿਖਾਈ ਦਿੰਦਾ ਹੈ। ਭੰਗ ਹੋਈਆਂ ਬਹੁ-ਗਿਣਤੀ ਪੰਚਾਇਤਾਂ ’ਤੇ ਕਾਂਗਰਸੀ ਸਰਪੰਚ ਕਾਬਜ਼ ਸਨ ਜਦੋਂਕਿ ਪਿੰਡਾਂ ਵਿੱਚ ਅਕਾਲੀ ਦਲ ਦੀ ਵੀ ਪ੍ਰਤੀਨਿਧਤਾ ਸੀ। ਹੁਣ ਪਿੰਡਾਂ ’ਚ ਸਿਆਸੀ ਖੁੰਢ ਚਰਚਾ ਤੇਜ ਹੋਈ ਹੈ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਆਉਂਦੇ ਦਿਨੀਂ ਪਾਰਾ ਹੋਰ ਵੀ ਚੜ੍ਹਨ ਅਤੇ ਸਰਗਰਮੀ ਤੇਜ ਹੋਣ ਦੀ ਸੰਭਾਵਨਾ ਹੈ।
ਅੱਜ ਹਾਕਮ ਧਿਰ ਰਾਹੀਂ ਸਰਪੰਚ ਬਣਨ ਦੇ ਚਾਹਵਾਨ ਕਈ ਆਗੂਆਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੇਕਸ ਬਠਿੰਡਾ ਦਾ ਗੇੜਾ ਲਾਇਆ ਅਤੇ ਪੰਚਾਇਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਦੁਆ ਸਲਾਮ ਦੀ ਸਾਂਝ ਪਾਈ। ਪਤਾ ਲੱਗਾ ਹੈ ਕਿ ਸਿਆਸੀ ਤੌਰ ’ਤੇ ਸਰਗਰਮ ਪਿੰਡਾਂ ਵਿੱਚ ਚਹਿਲ ਪਹਿਲ ਵਧੀ ਹੈ ਅਤੇ ਸਰਪੰਚੀ ਦੇ ਚਾਹਵਾਨਾਂ ਨੇ ਪੇਂਡੂ ਲੋਕਾਂ ਅੱਗੇ ਹੱਥ ਜੋੜਨੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਵਿੱਚ 318 ਪੰਚਾਇਤਾਂ ਹਨ ਜਦੋਂਕਿ ਸਾਲ 2018 ’ਚ ਇਹ ਗਿਣਤੀ 314 ਸੀ। ਐਤਕੀਂ ਗਿੱਲ ਕਲਾਂ ,ਬਾਲਿਆਂਵਾਲੀ ,ਚਾਓਕੇ ਅਤੇ ਰਾਮਪੁਰਾ ’ਚ ਪੰਚਾਇਤ ਚੋਣਾਂ ਹੋਣਗੀਆਂ ਜੋਕਿ ਪਹਿਲਾਂ ਨਗਰ ਪੰਚਾਇਤ ਦਾ ਹਿੱਸਾ ਸਨ।
ਰਾਖਵਾਂਕਰਨ ਜਲਦੀ ਹੀ:ਡੀਡੀਪੀਓ
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਠਿੰਡਾ ਗੁਰਪ੍ਰਤਾਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਪਿੰਡਾਂ ’ਚ ਸਰਪੰਚਾਂ ਲਈ ਰਾਖਵੇਂਕਰਨ ਦਾ ਕੰਮ ਅਜੇ ਬਾਕੀ ਹੈ ਜੋ ਸਰਕਾਰ ਦੀਆਂ ਹਦਾਇਤਾ ਮੁਤਾਬਕ ਨਿਬੇੜ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਪੰਚਾਇਤੀ ਚੋਣਾਂ ਕਰਵਾਉਣ ਲਈ ਤਿਆਰ ਬਰ ਤਿਆਰ ਹੈ।
ਚੂੜੀਆਂ ਅਤੇ ਅੰਗੂਰ ਤੇ ਲੱਗੇਗੀ ਮੋਹਰ
ਸਰਪੰਚ ਲਈ ਚੋਣ ਵਿਭਾਗ ਪੰਜਾਬ ਨੇ 38 ਚੋਣ ਨਿਸ਼ਾਨ ਜਾਰੀ ਕੀਤੇ ਹਨ। ਜੇਕਰ ਇੱਕ ਹੀ ਚੋਣ ਲਈ ਦੋ ਉਮੀਦਵਾਰ ਚਾਹਵਾਨ ਹਨ ਤਾਂ ਸਬੰਧਤ ਚੋਣ ਅਧਿਕਾਰੀ ਲਾਟਰੀ ਰਾਹੀਂ ਅਲਾਟਮੈਂਟ ਕਰੇਗਾ ਅਤੇ ਇਹ ਫੈਸਲਾ ਅੰਤਿਮ ਮੰਨਿਆ ਜਾਏਗਾ। ਇਸ ਵਾਰ ਬਾਲਟੀ,ਚੂੜੀਆਂ ,ਬੈਡਮਿੰਟਨ ਦਾ ਬੱਲਾ,ਸੀਸੀਟੀਵੀ ਕੈਮਰਾ ,ਚੱਕੀ,ਕੰਘਾ, ਵੇਲਣਾ, ਫੁਹਾਰਾ ,ਤੋਹਫਾ,ਅੰਗੂਰ, ਹੈਡਫੋਨ,ਲੈਪਟਾਪ, ਲੈਟਰ ਬਾਕਸ, ਲਾਈਟਰ, ਲੰਚ ਬਾਕਸ,ਮਾਈਕ,ਮਿਕਸੀ,ਨੇਲ ਕਟਰ,ਹਾਰ,ਟਾਈ, ਪੈਨ ਡਰਾਈਵ, ਘੜਾ, ਪੈਨ ਸਟੈਂਡ,ਪੰਜਾਬੀ ਜੁੱਤੀ,ਪੈਟਰੋਲ ਪੰਪ, ਫਰਿੱਜ, ਰੋਡ ਰੋਲਰ , ਕਹੀ, ਸ਼ਟਰ ਟਰੈਕਟਰ ਟਰਾਫੀ ਟੈਲੀਫੋਨ ,ਟੇਲੀਵਿਜਨ,ਟੇਬਲ ਫੈਨ ,ਦਰਖਤ ਅਤੇ ਖਿੜਕੀ ਚੋਣ ਨਿਸ਼ਾਨ ਨਿਰਧਾਰਿਤ ਕੀਤੇ ਗਏ ਹਨ। ਪੰਚ ਦੀ ਚੋਣ ਲਈ 70 ਚੋਣ ਨਿਸ਼ਾਨ ਅਤੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ 32-32 ਚੋਣ ਨਿਸ਼ਾਨ ਨਿਰਧਾਰਤ ਕਰ ਦਿੱਤੇ ਗਏ ਹਨ।