ਬਠਿੰਡਾ: ਜੀਜੇ ਨੂੰ ਬੇਰਹਿਮੀ ਨਾਲ ਵੱਢਣ ਵਾਲਾ 'ਸਾਲਾ' ਕਾਬੂ, ਹਥਿਆਰਾਂ ਸਮੇਤ 4 ਸਾਥੀਆਂ ਵੀ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 30 ਸਤੰਬਰ 2024: ਭਾਵੇਂ ਪੰਜਾਬ ’ਚ ਗੁਆਂਢੀ ਰਾਜ ਹਰਿਆਣਾ ਵਾਂਗ ਖਾਪ ਪੰਚਾਇਤਾਂ ਵਰਗਾ ਕੋਈ ਖੌਫ ਤਾਂ ਨਹੀਂ ਫਿਰ ਵੀ ਗਾਹੇ ਬਗਾਹੇ ਅਣਖ ਖਾਤਰ ਕਤਲ ਕਰਨ ਦੇ ਮਾਮਲਿਆਂ ਦਾ ਸਾਹਮਣੇ ਆਉਣਾ ਬਾਦਸਤੂਰ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਤਿਨ ਦਿਨ ਪਹਿਲਾਂ ਥਾਣਾ ਸੰਗਤ ਅਧੀਨ ਆਇਆ ਸੀ ਜਿਸ ’ਚ ਆਪਣੀ ਸਕੀ ਭੈਣ ਵੱਲੋਂ ਲਵ ਮੈਰਿਜ ਕਰਵਾਉਣ ਤੋਂ ਡਾਢਾ ਨਰਾਜ਼ ਹੋਕੇ ਆਪਣੇ ਜੀਜੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਕੇ ਮਾਰਨ ਵਾਲੇ ਸਾਲੇ ਨੂੰ ਬਠਿੰਡਾ ਪੁਲਿਸ ਨੇ ਉਸਦੇ ਹੋਰ 4 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਮੁਲਜਮਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦੀ ਭਲਵਾਨ ਪੁੱਤਰ ਤਰਸੇਮ ਸਿੰਘ, ਗੁਰਭਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਪਰਮਿੰਦਰ ਸਿੰਘ ਪੁੱਤਰ ਜਗਦੇਵ ਸਿੰਘ, ਰਾਜਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀਆਨ ਪਿੰਡ ਫੁੱਲੋ ਮਿੱਠੀ ਅਤੇ ਸ਼ਮੀਰ ਖਾਨ ਪੁੱਤਰ ਬੂਟਾ ਖਾਨ ਵਾਸੀ ਵਾਰਡ ਨੰਬਰ 0 ਸੰਗਤ ਮੰਡੀ ਜਿਲ੍ਹਾ ਬਠਿੰਡਾ ਵਜੋਂ ਕੀਤੀ ਗਈ ਹੈ।
ਪੁਲਿਸ ਨੇ ਅਕਾਸ਼ਦੀਪ ਨੂੰ ਕਤਲ ਕਰਨ ਲਈ ਵਰਤੀ ਇੱਕ ਨਲਕੇ ਦੀ ਹੱਥੀ, ਲੋਹੇ ਦੀ ਇੱਕ ਰਾਡ ਅਤੇ ਇੱਕ ਗੰਡਾਸੀ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਤਿੰਨ ਮੋਟਰਸਾਈਕਲ ਵੀ ਕਬਜੇ ’ਚ ਲੈ ਲਏ ਹਨ। ਥਾਣਾ ਸੰਗਤ ਪੁਲਿਸ ਨੇ ਕਤਲ ਦੇ ਇਸ ਮਾਮਲੇ ’ਚ ਮ੍ਰਿਤਕ ਅਕਾਸ਼ਦੀਪ ਸਿੰਘ ਉਰਫ ਖੁਸ਼ੀ ਪੁੱਤਰ ਪਰਮਜੀਤ ਸਿੰਘ ਵਾਸੀ ਸੰਗਤ ਕਲਾਂ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਉਸ ਦੇ ਸਕੇ ਭਰਾ ਗੁਰਭਿੰਦਰ ਸਿੰਘ ਉਸਦੇ ਦੋ ਦੋਸਤਾਂ ਕੁਲਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਵਾਸੀ ਫ਼ੂਲੋ ਮਿੱਠੀ ਤੋਂ ਇਲਾਵਾ ਇੱਕ ਅਣਪਛਾਤੇ ਵਿਰੁੱਧ ਮਾਮਲਾ ਦਰਜ ਕੀਤਾ ਸੀ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡੀ.ਐੱਸ.ਪੀ (ਬਠਿੰਡਾ ਦਿਹਾਤੀ) ਬਠਿੰਡਾ ਮੈਡਮ ਹਿਨਾ ਗੁਪਤਾ, ਦੀ ਅਗਵਾਈ ਹੇਠ ਥਾਣਾ ਸੰਗਤ ਅਤੇ ਸੀ.ਆਈ.ਏ ਸਟਾਫ-2 ਨੂੰ ਇਹ ਸਫਲਤਾ ਹਾਸਲ ਹੋਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਅਕਾਸ਼ਦੀਪ ਸਿੰਘ ਨੂੰ ਕਤਲ ਕਰਨ ਦੇ ਮਾਮਲੇ ’ਚ 29ਸਤੰਬਰ ਨੂੰ ਕਰੀਬ ਰਾਤ 9.30 ਵਜੇ ਪਿੰਡ ਫੁੱਲੋ ਮਿੱਠੀ ਤੋਂ ਚੌਰਸਤਾ ਜੈ ਸਿੰਘ ਵਾਲਾ ਤੋਂ ਕੋਟ ਗੁਰੂ ਲ਼ਿੰਕ ਰੋਡ ਤੋਂ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਕਰੀਬ ਚਾਰ ਸਾਲ ਪਹਿਲਾਂ ਉਸ ਦੀ ਅਕਾਸ਼ਦੀਪ ਸਿੰਘ ਉਰਫ ਖੁਸ਼ੀ ਪੁੱਤਰ ਪਰਮਜੀਤ ਸਿੰਘ ਵਾਸੀ ਸੰਗਤ ਕਲਾਂ ਨਾਲ ਲਵ ਮੈਰਿਜ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰੇਮ ਵਿਆਹ ਕਾਰਨ ਹਰਪ੍ਰੀਤ ਕੌਰ ਦਾ ਪ੍ਰੀਵਾਰ ਕਾਫੀ ਨਰਾਜ਼ ਚੱਲਿਆ ਆ ਰਿਹਾ ਸੀ । ਉਨ੍ਹਾਂ ਦੱਸਿਆ ਕਿ 27 ਸਤੰਬਰ ਨੂੰ ਹਰਪ੍ਰੀਤ ਕੌਰ ਆਪਣੇ ਪਤੀ ਨਾਲ ਮੋਟਰਸਾਈਕਲ ਤੇ ਸੰਗਤ ਕਲਾਂ ਤੋਂ ਪਿੰਡ ਬੰਬੀਹਾ ਵਿਖੇ ਅਕਾਸ਼ਦੀਪ ਦੀ ਮਾਸੀ ਨੂੰ ਮਿਲਣ ਜਾ ਰਹੇ ਸੀ।
ਐਸਐਸਪੀ ਨੇ ਦੱਸਿਆ ਕਿ ਸ਼ਾਮ ਕਰੀਬ 4.30 ਵਜੇ ਜਦੋ ਉਹ ਪਿੰਡ ਕੋਟ ਗੁਰੁ ਤੋਂ ਘੁੱਦਾ ਪਿੰਡ ਨੂੰ ਜਾਂਦੀ ਲਿੰਕ ਰੋਡ ਤੇ ਗੁਰੂਦਵਾਰਾ ਸਾਹਿਬ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ 2 ਮੋਟਰਸਾਈਕਲਾਂ ਤੇ 4 ਵਿਅਕਤੀ ਸਵਾਰ ਸਨ ਜਿਹਨਾਂ ਵਿੱਚੋਂ ਇੱਕ ਨੇ ਅਕਾਸ਼ਦੀਪ ਸਿੰਘ ਨੂੰ ਬਾਂਹ ਤੋਂ ਫੜ੍ਹ ਕੇ ਝਟਕਾ ਮਾਰਿਆਂ ਤਾਂ ਉਹ ਆਪਣੇ ਮੋਟਰਸਾਈਕਲ ਸਮੇਤ ਸੜਕ ਪਰ ਡਿੱਗ ਪਏ। ਇਸ ਦੌਰਾਨ ਉਹਨਾਂ ਵਿਅਕਤੀਆਂ ਨੇ ਹਰਪ੍ਰੀਤ ਕੌਰ ਦੇ ਪਤੀ ਤੇੇ ਮਾਰ ਦੇਣ ਦੀ ਨੀਅਤ ਨਾਲ ਤਲਵਾਰ ਅਤੇ ਨਲਕੇ ਦੀ ਹੱਥੀ ਨਾਲ ਸਿਰ ਤੇ ਵਾਰ ਕੀਤੇ ਜਿਸ ਦੇ ਸਿੱਟੇ ਵਜੋਂ ਬੇਹੱਦ ਗੰਭੀਰ ਸੱਟਾਂ ਵੱਜਣ ਕਾਰਨ ਅਕਾਸ਼ਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।