ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸ਼ੁਰੂ
ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਂਈ ਦੀ ਸਵਾਰੀ ਜਾ ਰਹੀ ਦਿੱਖ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 30 ਸਤੰਬਰ 2024- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਵਿੱਚ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦੀ ਅਗਵਾਈ ਹੇਠ ਪਵਿੱਤਰ ਵੇਂਈ ਦੀ ਦਿੱਖ ਨੂੰ ਸੁੰਦਰ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਗੁਰਦੁਆਰਾ ਬੇਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੰਤ ਘਾਟ ਤੱਕ ਲਗਭਗ 3 ਕਿਲੋਮੀਟਰ ਤੱਕ ਲੰਬੀ ਵੇਂਈ ਦੇ ਦੋਵਾਂ ਕਿਨਾਰਿਆਂ ਨੂੰ ਕਲੀ ਤੇ ਰੰਗ ਰੋਗਨ ਅਤੇ ਰਾਹਾਂ ਦੀ ਮੁਰੰਮਤ ਕੀਤੀ ਜਾ ਰਿਹਾ ਹੈ ਇਸ ਕਾਰਜ਼ ਵਿੱਚ ਸੇਵਾਦਾਰ ਸਤੰਬਰ ਦੇ ਪਹਿਲੇ ਹਫਤੇ ਤੋਂ ਡਟੇ ਹੋਏ ਹਨ।
ਜ਼ਿਕਰਯੋਗ ਹੈ ਕਿ ਪਵਿੱਤਰ ਵੇਂਈ ਜਿਸਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਸਿੱਖ ਧਰਮ ਵਿੱਚ ਇਸਦੀ ਇਤਿਹਾਸਿਕ ਅਤੇ ਧਾਰਮਿਕ ਪੱਖ ਤੋਂ ਬੜੀ ਮਹੱਤਤਾ ਹੈ। ਇਹ ਵੇਂਈ ਗੁਰਬਾਣੀ ਦੇ ਆਗਮਨ ਸਥਾਨ ਵੀ ਮੰਨੀ ਜਾਂਦੀ ਹੈ ਅਤੇ ਸਿੱਖਾਂ ਦਾ ਪਹਿਲਾਂ ਤੀਰਥ ਸਥਾਨ ਵੀ ਬਾਬੇ ਨਾਨਕ ਦੀ ਇਹ ਵੇਂਈ ਹੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਵੇਂਈ ਦੀ ਕਾਰਸੇਵਾ 25ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਈ ਹੈ। ਇਹ ਵੇਂਈ ਮੁਕੰਮਲ ਤੌਰ ਤੇ ਸਾਫ਼ ਹੋ ਗਈ ਹੈ।
ਪਵਿੱਤਰ ਵੇਂਈ ਵਿੱਚੋਂ ਹਾਈਸਿੰਥ ਬੂਟੀ ਕੱਢਣ ਦਾ ਕੰਮ ਵੀ ਸੇਵਾਦਾਰਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਹਨਾਂ ਸਾਰਾ ਕਾਰਜਾਂ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਮੋਹਰੀ ਭੂਮਿਕਾ ਨਿਭਾ ਰਹੇ ਹਨ। ਗੁਰਦੁਆਰਾ ਸੰਤ ਘਾਟ ਨੇੜਿਓ ਵੱਡੇ ਪੱਧਰ ਹਾਈਸਿੰਥ ਬੂਟੀ ਕੱਢੀ ਗਈ। ਇਸੇ ਤਰ੍ਹਾਂ ਗੁਰਦੁਆਰਾ ਬੇਰ ਸਾਹਿਬ ਦੇ ਨੇੜੇ ਬਣੇ ਇਸ਼ਨਾਨ ਘਾਟ ਦੀ ਵੀ ਮੁਰੰਮਤ ਕੀਤੀ ਜਾ ਰਹੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹਰ ਐਤਵਾਰ ਇਤਿਹਾਸਿਕ ਨਗਰੀ ਸੁਲਤਾਨਪੁਰ ਲੋਧੀ ਦੀ ਸਫਾਈ ਨੂੰ ਦੇਣ ਕਿਉਂਕਿ ਇੱਥੇ ਹੋਣ ਵਾਲੇ ਸਮਾਗਮਾਂ ਵਿੱਚ ਜਿੱਥੇ ਦੇਸ਼ ਭਰ ਤੋਂ ਸੰਗਤਾਂ ਆਉਂਦੀਆਂ ਹਨ ਉੱਥੇ ਦੁਨੀਆਂ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਵੀ ਦਰਸ਼ਨਾਂ ਲਈ ਆਉਂਦੇ ਹਨ।