ਜਸਟਿਸ ਸ਼ੇਖਾਵਤ ਦੀ ਸੁਰੱਖਿਆ 'ਚ ਪੰਜਾਬ ਦੇ ਜਵਾਨ ਹਟਾਏ, ਹੁਣ ਚੰਡੀਗੜ੍ਹ- ਹਰਿਆਣਾ ਪੁਲਿਸ ਕਰੇਗੀ ਜਸਟਿਸ ਸ਼ੇਖਾਵਤ ਦੀ ਸੁਰੱਖਿਆ
ਚੰਡੀਗੜ੍ਹ, 30 ਸਤੰਬਰ 2024-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ 22 ਸਤੰਬਰ ਨੂੰ ਜੱਜ ਐੱਨਐੱਸ ਸ਼ੇਖਾਵਤ ਦੀ ਸੁਰੱਖਿਆ ਵਿੱਚ ਹੋਈ ਗੰਭੀਰ ਕੁਤਾਹੀ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਹੈ। ਇੱਕ ਵਿਅਕਤੀ ਨੇ ਜੱਜ ਦੇ ਸੁਰੱਖਿਆ ਕਰਮਚਾਰੀ ਦਾ ਪਿਸਤੌਲ ਖੋਹ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਹਾਈਕੋਰਟ ਨੇ ਸੁਰੱਖਿਆ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ ਅਤੇ ਜੱਜ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਚੰਡੀਗੜ੍ਹ ਅਤੇ ਹਰਿਆਣਾ ਪੁਲਿਸ ਨੂੰ ਸੌਂਪੀ ਹੈ।
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਤੁਰੰਤ ਜਾਂਚ ਕਰਕੇ ਰਿਪੋਰਟ ਪੇਸ਼ ਕਰਨ। 22 ਸਤੰਬਰ ਨੂੰ ਇਹ ਮਾਮਲਾ ਉਸ ਵੇਲੇ ਵਾਪਰਿਆ ਜਦੋਂ ਜਸਟਿਸ ਸ਼ੇਖਾਵਤ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਸਨ। ਇਸ ਘਟਨਾ ਤੋਂ ਬਾਅਦ ਹਾਈਕੋਰਟ ਨੇ ਇਸ ਨੂੰ ਸੁਰੱਖਿਆ ਵਿੱਚ ਗੰਭੀਰ ਕੁਤਾਹੀ ਕਰਾਰ ਦਿੰਦੇ ਹੋਏ ਸਖ਼ਤ ਰੁਖ ਅਖਤਿਆਰ ਕੀਤਾ ਹੈ।