ਕੈਨੇਡਾ: ਬੀ.ਸੀ. ਅਸੈਂਬਲੀ ਚੋਣਾਂ 2024: ਅਗਲੇ ਸਾਲ ਤੋਂ ਬੀ ਸੀ ਦੇ ਹਰੇਕ ਆਮ ਪਰਿਵਾਰ ਨੂੰ ਟੈਕਸ ਵਿਚ 1,000 ਡਾਲਰ ਦੀ ਰਾਹਤ ਮਿਲੇਗੀ- ਡੇਵਿਡ ਇਬੀ
ਮਕਾਨ ਮਾਲਕਾਂ ਤੇ ਟੈਕਸੀ ਡਰਾਈਵਰਾਂ ਵਲੋਂ ਰੈਲੀ ਦੇ ਬਾਹਰ ਰੋਸ ਮੁਜ਼ਾਹਰਾ
ਹਰਦਮ ਮਾਨ
ਸਰੀ, 1 ਅਕਤੂਬਰ 2024-ਐਨ ਡੀ ਪੀ ਆਗੂ ਤੇ ਪ੍ਰੀਮੀਅਰ ਡੇਵਿਡ ਈਬੀ ਇੱਥੇ ਆਰੀਆ ਬੈਂਕੁਇਟ ਹਾਲ ਵਿਚ ਬੀ ਸੀ ਐਨ ਡੀ ਪੀ ਦੇ ਸਰੀ, ਸਾਉਥ ਸਰੀ ਤੇ ਰਿਚਮੰਡ ਨਾਲ ਸਬੰਧਿਤ ਉਮੀਦਵਾਰਾਂ ਵੱਲੋਂ ਕੀਤੀ ਵਿਸ਼ਾਲ ਚੋਣ ਰੈਲੀ ਵਿਚ ਐਲਾਨ ਕੀਤਾ ਕਿ ਅਗਲੇ ਸਾਲ ਤੋਂ ਬੀ ਸੀ ਦੇ ਹਰੇਕ ਆਮ ਪਰਿਵਾਰ ਨੂੰ ਟੈਕਸ ਵਿੱਚ 1,000 ਡਾਲਰ ਦੀ ਰਾਹਤ ਪ੍ਰਦਾਨ ਕਰਨਗੇ ਅਤੇ ਇਸ ਯੋਜਨਾ ਤਹਿਤ, ਬ੍ਰਿਟਿਸ਼ ਕੋਲੰਬੀਆ ਦੇ 90% ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ। ਬੀ.ਸੀ. ਐਨਡੀਪੀ ਉਮੀਦਵਾਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਤਿ ਦੀ ਮਹਿੰਗਾਈ ਅਤੇ ਵਿਆਜ ਦਰਾਂ ਵਿਚ ਵਾਧੇ ਕਾਰਨ ਰੋਜ਼ਾਨਾ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾਂ ਹੋ ਗਿਆ ਹੈ ਅਤੇ ਹੁਣ ਬਹੁਤ ਸਾਰੇ ਪਰਿਵਾਰਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾ ਕਿਹਾ ਕਿ ਬੀ ਸੀ ਕੰਸਰਵੇਟਵਿ ਆਗੂ ਜੌਨ ਰਸਟੈਡ ਵੱਲੋਂ ਐਲਾਨੀ ਜਾ ਰਹੀ ਰਾਹਤ ਪ੍ਰਾਪਤ ਕਰਨ ਲਈ 18 ਮਹੀਨੇ ਦੀ ਉਡੀਕ ਕਰਨੀ ਪਵੇਗੀ ਪਰ ਅਸੀ ਹੁਣ ਤੋਂ ਹੀ ਟੈਕਸ ਕਟੌਤੀ ਦਾ ਲਾਭ ਦਿਆਂਗੇ। ਇਸ ਯੋਜਨਾ ਤਹਿਤ ਹਰ ਸਾਲ ਪਰਿਵਾਰਾਂ ਲਈ 1,000 ਡਾਲਰ ਤੋਂ ਵੱਧ ਅਤੇ ਵਿਅਕਤੀਗਤ ਬੀਸੀ ਵਾਸੀਆਂ ਲਈ 500 ਡਾਲਰ ਤੋਂ ਵੱਧ ਦੀ ਟੈਕਸ ਕਟੌਤੀ ਦੇਵੇਗੀ। 2025 ਵਿੱਚ ਬੀਸੀ ਦੇ ਮਿਡਲ ਕਲਾਸ ਲੋਕਾਂ ਨੂੰ ਇਹ ਕਟੌਤੀ ਸਿੱਧੀ ਰੀਬੇਟ ਰਾਹੀਂ ਮਿਲੇਗੀ।
ਡੇਵਿਡ ਈਬੀ ਨੇ ਕਿਹਾ ਕਿ ਕੰਸਰਵੇਟਿਵ ਆਗੂ ਰਸਟੈਡ ਦੀ ਸਕੀਮ ਤਹਿਤ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਗਲੇ ਸਾਲ ਕੋਈ ਵੀ ਰਾਹਤ ਨਹੀਂ ਮਿਲੇਗੀ ਅਤੇ ਉਨ੍ਹਾਂ ਨੂੰ 2029 ਤੱਕ ਸ਼ਾਇਦ ਮਿਲਣ ਵਾਲੇ ਲਾਭ ਲਈ ਉਡੀਕ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜਦੋਂ ਜੌਹਨ ਰਸਟੈਡ ਸਰਕਾਰ ਵਿੱਚ ਸੀ ਤਾਂ ਉਸ ਨੇ ਲੋਕਾਂ ਨੂੰ ਉੱਚੀਆਂ ਫੀਸਾਂ ਅਤੇ ਕਿਰਾਏ ਅਦਾ ਕਰਨ ਲਈ ਮਜਬੂਰ ਕੀਤਾ ਸੀ ਅਤੇ ਸਰੀ ਦੇ ਲੋਕਾਂ ਨੂੰ ਪੋਰਟਮੈਨ ਪੁਲ ‘ਤੇ ਆਉਣ-ਜਾਣ ਲਈ ਹਰ ਸਾਲ 10,000 ਡਾਲਰ ਤੋਂ ਵੱਧ ਟੋਲ ਅਦਾ ਕਰਨ ਲਈ ਮਜਬੂਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜੌਹਨ ਰਸਟੈਡ ਦਾ 20 ਸਾਲਾਂ ਦਾ ਰਿਕਾਰਡ ਹੈ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਉਨ੍ਹਾਂ ਲਈ ਟੈਕਸ ਕਟੌਤੀ ਦਾ ਸਮਰਥਨ ਕੀਤਾ ਅਤੇ ਜ਼ਰੂਰਤਮੰਦ ਲੋਕਾਂ ਤੋਂ ਜ਼ਿਆਦਾ ਭੁਗਤਾਨ ਕਰਵਾਇਆ। ਰਸਟੈਡ ਨੇ ਪਹਿਲਾਂ ਵੀ ਅਜਿਹਾ ਕੀਤਾ ਸੀ ਅਤੇ ਜੇਕਰ ਮੌਕਾ ਮਿਲਿਆ ਤਾਂ ਉਹ ਦੁਬਾਰਾ ਵੀ ਅਜਿਹਾ ਕਰੇਗਾ। ਇਹ ਇੱਕ ਖਤਰਾ ਹੈ ਜੋ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇਸ ਮੌਕੇ ਡੇਵਿਡ ਈਬੀ ਨੇ ਸੂਬੇ ਅਤੇ ਸੂਬੇ ਦੇ ਲੋਕਾਂ ਦੇ ਭਲੇ ਲਈ ਐਨ ਡੀ ਪੀ ਨੂੰ ਬਿਹਤਰ ਦਸਦਿਆਂ ਲੋਕਾਂ ਨੂੰ ਮੁੜ ਉਹਨਾਂ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਐਨ ਡੀ ਪੀ ਉਮੀਦਵਾਰ ਬਲਤੇਜ ਸਿੰਘ ਢਿੱਲੋਂ, ਜਗਰੂਪ ਸਿੰਘ ਬਰਾੜ, ਐਂਡਰੀਅਨ ਡਿਕਸ, ਜਿੰਨੀ ਸਿਮਸ, ਰਚਨਾ ਸਿੰਘ, ਨਿੱਕੀ ਸ਼ਰਮਾ, ਜੈਸੀ ਸਹੋਤਾ, ਆਮਨਾ ਸ਼ਾਹ, ਜੌਹਨ ਐਲਡਗ,ਜੈਸੀ ਸੂਨੜ, ਹਾਰੂਨ ਗੱਫਾਰ, ਗੈਰੀ ਬੈਗ, ਰਵੀ ਕਾਹਲੋਂ, ਅਮਨਦੀਪ ਸਿੰਘ, ਕੈਬਨਿਟ ਮੰਤਰੀ ਹੈਰੀ ਬੈਂਸ, ਬਰੂਸ ਰਾਲਸਟਨ ਤੇ ਹੋਰ ਹਾਜਰ ਸਨ।
ਮਕਾਨ ਮਾਲਕਾਂ ਤੇ ਟੈਕਸੀ ਡਰਾਈਵਰਾਂ ਵਲੋਂ ਰੈਲੀ ਦੇ ਬਾਹਰ ਮੁਜ਼ਾਹਰਾ
ਇਸੇ ਦੌਰਾਨ ਐਨ ਡੀ ਪੀ ਦੀ ਰੈਲੀ ਵਾਲੀ ਸਥਾਨ ਦੇ ਬਾਹਰ ਮਕਾਨ ਮਾਲਕਾਂ ਤੇ ਟੈਕਸੀ ਡਰਾਈਵਰਾਂ ਵਲੋਂ ਐਨ ਡੀ ਪੀ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਪ੍ਰਗਟਾਵਾ ਕਰਦਿਆਂ ਜ਼ੋਰਦਾਰ ਰੋਸ ਮੁਜ਼ਾਹਾਰਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ ਵਿਚ ਐਨ ਡੀ ਪੀ ਸਰਕਾਰ ਨੂੰ ਚੇਤਾਵਨੀ ਦਿੰਦੇ ਪੋਸਟਰ ਚੁੱਕੇ ਹੋਏ ਸਨ। ਉਹਨਾਂ ਵਲੋਂ ਮਾਈਕ ਉਪਰ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਜਦੋਂ ਪ੍ਰੀਮੀਅਰ ਈਬੀ ਦੀ ਕਾਰ ਗੇਟ ਮੂਹਰੇ ਪੁੱਜੀ ਤਾਂ ਮਜ਼ਾਹਰਾਕਾਰੀਆਂ ਨੇ ਪ੍ਰੀਮੀਅਰ ਈਬੀ ਤੇ ਹੋਰ ਉਮੀਦਵਾਰਾਂ ਦੇ ਨਾਂ ਲੈ ਕੇ ਸ਼ੇਮ ਸ਼ੇਮ ਕਰਦਿਆਂ ਨਾਅਰੇਬਾਜ਼ੀ ਕੀਤੀ।
ਬੀ ਸੀ ਕੰਸਰਵੇਟਿਵ ਉਮੀਦਵਾਰ ਦੇ ਬੋਰਡ ਨਾਲ ਛੇੜਛਾੜ ਕਰਨ ਦੇ ਦੋਸ਼
ਇਸੇ ਦੌਰਾਨ ਰੈਲੀ ਦੇ ਬਾਹਰ ਸਰੀ ਨਾਰਥ ਤੋਂ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਦੇ ਚੋਣ ਬੋਰਡ ਨੂੰ ਤੋੜਨ ਦੇ ਦੋਸ਼ ਲਾਏ ਗਏ। ਧਾਲੀਵਾਲ ਦੇ ਸਮਰਥਕ ਰਿੱਕੀ ਬਾਜਵਾ ਨੇ ਦੱਸਿਆ ਕਿ ਅਣਜਾਣ ਵਿਅਕਤੀਆਂ ਵਲੋਂ ਰੈਲੀ ਵਾਲੀ ਥਾਂ ਦੇ ਬਾਹਰ ਮਨਦੀਪ ਧਾਲੀਵਾਲ ਦਾ ਲੱਗਾ ਬੋਰਡ ਤੋੜ ਦਿੱਤਾ ਗਿਆ। ਇਕ ਹੋਰ ਬੋਰਡ ਉਪਰ ਵੱਡਾ ਕੱਪੜਾ ਪਾ ਕੇ ਉਸਨੂੰ ਢਕ ਦਿੱਤਾ ਗਿਆ। ਉਹਨਾਂ ਨੇ ਮੌਕੇ ‘ਤੇ ਇਕ ਸੀਕਿਊਰਟੀ ਗਾਰਡ ਨੂੰ ਬੋਰਡ ਨਾਲ ਛੇੜਛਾੜ ਕਰਦਿਆਂ ਵੇਖਿਆ। ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਨੇ ਮੌਕੇ ਤੇ ਪੁੱਜ ਕੇ ਆਪਣੇ ਸਮਰਥਕਾਂ ਨੂੰ ਸ਼ਾਂਤ ਕਰ ਕੇ ਮਾਮਲਾ ਠੰਡਾ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com