ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦਾ ਦੌਰਾ
- ਕਾਲ ਸੈਂਟਰ 'ਚ ਕੰਮ ਕਰਦੀਆਂ ਰਹੀਆਂ ਤੇ ਹੁਣ ਜੇਲ੍ਹ 'ਚ ਬੰਦ 32 ਲੜਕੀਆਂ ਨਾਲ ਮੁਲਾਕਾਤ, ਹੋਰ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ
- ਕਾਲ ਸੈਂਟਰ ਜਾਂ ਇਮੀਗ੍ਰੇਸ਼ਨ ਖੇਤਰ 'ਚ ਕੰਮ ਕਰਨ ਦੇ ਚਾਹਵਾਨ ਬੱਚੇ-ਬੱਚੀਆਂ ਧੋਖਾਧੜੀ ਤੋਂ ਬਚਣ ਲਈ ਨਿਯੁਕਤੀ ਤੋਂ ਪਹਿਲਾਂ ਕੰਪਨੀ ਦੀ ਪੜਤਾਲ ਜਰੂਰ ਕਰਨ-ਰਾਜ ਲਾਲੀ ਗਿੱਲ
ਨਾਭਾ, 1 ਅਕਤੂਬਰ 2024 - ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦਾ ਦੌਰਾ ਕਰਕੇ ਇੱਥੇ ਬੰਦ ਇਮੀਗ੍ਰੇਸ਼ਨ ਤੇ ਕਾਲ ਸੈਂਟਰ 'ਚ ਕੰਮ ਕਰਦੀਆਂ ਰਹੀਆਂ 32 ਲੜਕੀਆਂ ਨਾਲ ਮੁਲਾਕਾਤ ਕੀਤੀ ਅਤੇ ਹੋਰ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ।
ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਸ ਦੌਰਾਨ ਜੇਲ ਪ੍ਰਸ਼ਾਸਨ ਤੋਂ ਜੇਲ੍ਹ 'ਚ ਮਹਿਲਾ ਬੰਦੀਆਂ ਤੇ ਉਨ੍ਹਾਂ ਦੇ ਨਾਲ ਰਹਿ ਰਹੇ ਬੱਚਿਆਂ ਦੀ ਗਿਣਤੀ, ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਜੇਲ੍ਹ ਮੈਨੁਅਲ ਮੁਤਾਬਕ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਨਿਯਮਾਂ ਮੁਤਾਬਕ ਸਾਰੇ ਮਹਿਲਾ ਬੰਦੀਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਕਿਸੇ ਮਹਿਲਾ ਬੰਦੀ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।
ਰਾਜ ਲਾਲੀ ਗਿੱਲ ਨੇ ਇਸ ਮਗਰੋਂ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਇਹ 32 ਲੜਕੀਆਂ ਪਹਿਲਾਂ ਰੋਪੜ ਜੇਲ੍ਹ ਵਿੱਚ ਬੰਦ ਸਨ ਪਰੰਤੂ ਉਥੇ ਉਨ੍ਹਾਂ ਵੱਲੋਂ ਕੀਤੇ ਗਏ ਦੌਰੇ ਦੌਰਾਨ ਇਨ੍ਹਾਂ ਦੀਆਂ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿੱਚ ਆਈਆਂ ਸਨ ਅਤੇ ਜਿਸ ਮਗਰੋਂ ਇਨ੍ਹਾਂ ਨੂੰ ਨਾਭਾ ਜੇਲ੍ਹ ਵਿੱਚ ਤਬਦੀਲ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਬੱਚੀਆਂ ਅਨਜਾਣ ਸਨ ਤੇ ਕੇਵਲ ਨੌਕਰੀ ਤੇ ਤਨਖਾਹ ਦੇ ਲਾਲਚ 'ਚ ਆ ਕੇ ਫਸ ਗਈਆਂ ਜਾਪਦੀਆਂ ਸਨ ਪਰੰਤੂ ਇਨ੍ਹਾਂ ਦੀ ਬੱਚੀਆਂ ਦੀ ਮਦਦ ਲਈ ਕਮਿਸ਼ਨ ਆਪਣੀ ਭੂਮਿਕਾ ਨਿਭਾਏਗਾ।
ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਦੱਸਿਆ ਕਿ ਸਾਰੀਆਂ ਲੜਕੀਆਂ ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਉਤਰਾਖੰਡ, ਆਸਾਮ, ਮੁੰਬਈ, ਮਨੀਪੁਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਪੰਜਾਬ ਆਦਿ ਰਾਜਾਂ ਦੀਆਂ ਹਨ, ਜੋਕਿ ਕਾਲ ਸੈਂਟਰ ਤੇ ਇਮੀਗ੍ਰੇਸ਼ਨ ਸੈਂਟਰ 'ਚ ਕੰਮ ਕਰਦੀਆਂ ਸਨ ਪਰੰਤੂ ਪਿਛਲੇ ਸਮੇਂ 'ਚ ਪੁਲਿਸ ਵੱਲੋਂ ਕੀਤੀ ਗਈ ਰੇਡ ਦੌਰਾਨ ਇਨ੍ਹਾਂ ਦੀਆਂ ਕੰਪਨੀਆਂ ਫਰਾਡ ਨਿਕਲ ਗਈਆਂ ਅਤੇ ਇਹ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਕਸੂਰ ਐਨਾ ਸੀ ਕਿ ਇਨ੍ਹਾਂ ਨੇ ਕੰਪਨੀ ਤੋਂ ਨਾ ਕੋਈ ਨਿਯੁਕਤੀ ਪੱਤਰ ਤੇ ਨਾ ਹੀ ਕੋਈ ਜਾਬ ਕਾਰਡ ਲਿਆ ਸੀ।
ਚੇਅਰਪਰਸਨ ਨੇ ਦੱਸਿਆ ਕਿ ਪੁਲਿਸ ਵੱਲੋਂ 150 ਦੇ ਕਰੀਬ ਲੜਕੇ ਤੇ ਲੜਕੀਆਂ ਗ੍ਰਿਫ਼ਤਾਰ ਕੀਤੇ ਗਏ ਸਨ, ਇਨ੍ਹਾਂ ਵਿੱਚ 32 ਲੜਕੀਆਂ ਵਿੱਚੋਂ 13 ਦੀ ਜਮਾਨਤ ਹੋ ਚੁੱਕੀ ਹੈ ਤੇ 6 ਜਣੀਆਂ ਰਿਹਾਅ ਵੀ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਦੀ ਜਮਾਨਤ ਹੋ ਚੁੱਕੀ ਹੈ ਤੇ ਰੀਲੀਜ਼ ਆਰਡਰ ਵੀ ਆ ਚੁੱਕੇ ਹਨ। ਕਾਨੂੰਨੀ ਪ੍ਰਕ੍ਰਿਆ ਪੂਰੀ ਕਰਕੇ ਇਨ੍ਹਾਂ ਦੇ ਮਾਪੇ ਬਾਂਡ ਭਰਨਗੇ ਤੇ ਇਨ੍ਹਾਂ ਨੂੰ ਰਿਹਾ ਕੀਤਾ ਜਾਵੇਗਾ, ਪਰੰਤੂ ਕੁਝ ਲੜਕੀਆਂ ਅਜਿਹੀਆਂ ਵੀ ਹਨ, ਜਿਹੜ੍ਹੀਆਂ ਕਹਿੰਦੀਆਂ ਹਨ ਕਿ ਉਨ੍ਹਾਂ ਦੇ ਮਾਪੇ ਨਹੀਂ ਆ ਸਕਦੇ, ਕਿਉਂਕਿ ਉਨ੍ਹਾਂ ਦੇ ਜਮਾਨਤੀ ਵੀ ਨਹੀਂ ਹਨ, ਅਜਿਹੀਆਂ ਲੜਕੀਆਂ ਦੀ ਰਿਹਾਈ ਲਈ ਬਦਲ ਲੱਭੇ ਜਾਣਗੇ।
ਰਾਜ ਲਾਲੀ ਗਿੱਲ ਨੇ ਉਨ੍ਹਾਂ ਸਲਾਹ ਦਿੱਤੀ ਕਿ ਜਿਹੜੇ ਬੱਚੇ ਜਾਂ ਬੱਚੀਆਂ ਕਾਲ ਸੈਂਟਰਾਂ ਜਾਂ ਇਮੀਗ੍ਰੇਸ਼ਨ ਸੈਂਟਰ 'ਚ ਕੰਮ ਕਰਨਾ ਚਾਹੁੰਦੇ ਹਨ, ਉਹ ਆਪਣੀ ਨਿਯੁਕਤੀ ਤੋਂ ਪਹਿਲਾਂ ਕੰਪਨੀ ਦੀ ਪੜਤਾਲ ਜਰੂਰ ਕਰ ਲਿਆ ਕਰਨ ਤਾਂ ਕਿ ਉਨ੍ਹਾਂ ਨਾਲ ਕੋਈ ਧੋਖਾਧੜੀ ਨਾ ਹੋ ਸਕੇ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਇਸ ਮਾਮਲੇ ਨੂੰ ਦੇਖਦੇ ਹੋਏ ਕਮਿਸ਼ਨ ਦੀ ਹਰੇਕ ਲੜਕੇ ਤੇ ਲੜਕੀ ਨੂੰ ਸਲਾਹ ਹੈ ਕਿ ਉਹ ਜਦੋਂ ਵੀ ਕਿਸੇ ਕਾਲ ਸੈਂਟਰ ਜਾਂ ਇਮੀਗ੍ਰੇਸ਼ਨ ਸੈਂਟਰ ਵਿੱਚ ਕਦੇ ਕੋਈ ਨੌਕਰੀ ਕਰਨ ਤਾਂ ਕੇਵਲ ਚੰਗੀਆਂ ਤਨਖਾਹਾਂ ਹੀ ਨਾ ਦੇਖਣ ਸਗੋਂ ਕੰਪਨੀ ਦਾ ਪ੍ਰੋਫਾਈਲ ਵੀ ਦੇਖਣ ਤੇ ਆਪਣੇ ਨਿਯੁਕਤੀ ਪੱਤਰ ਵੀ ਜਰੂਰ ਲੈਣ।
ਚੇਅਰਪਰਸਨ ਰਾਜ ਲਾਲੀ ਗਿੱਲ ਦਾ ਜੇਲ੍ਹ ਵਿਖੇ ਪੁੱਜਣ 'ਤੇ ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ, ਸੁਪਰਡੈਂਟ ਜੇਲ ਗੁਰਮੁੱਖ ਸਿੰਘ, ਡੀ.ਐਸ.ਪੀ. ਨਾਭਾ ਮਨਦੀਪ ਕੌਰ, ਡਿਪਟੀ ਸੁਪਰਡੈਂਟ ਜੇਲ ਹਰਪ੍ਰੀਤ ਸਿੰਘ ਤੇ ਪੁਨੀਤ ਗਰਗ ਨੇ ਸਵਾਗਤ ਕੀਤਾ। ਚੇਅਰਪਰਸਨ ਦੇ ਨਾਲ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਸੁਮਨਦੀਪ ਕੌਰ ਤੇ ਸੁਪਰਡੈਂਟ ਮੋਹਨ ਕੁਮਾਰ ਵੀ ਮੌਜੂਦ ਸਨ।