ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪੁਸਤਕ 'ਬਾਣੀ ਬਿਰਲਉ ਬੀਚਾਰਸੀ' ਲੋਕ ਅਰਪਣ ਕੀਤੀ ਗਈ
ਹਰਦਮ ਮਾਨ
ਸਰੀ, 12ਅਕਤੂਬਰ 2024- ਪੰਜਾਬੀ ਸਾਹਿਤ ਦੀ ਝੋਲੀ ਵਿੱਚ 38 ਕਿਤਾਬਾਂ ਪਾਉਣ ਵਾਲੇ ਪੰਥਕ ਕਵੀ ਅਤੇ ਗੁਰਮਤਿ ਦੇ ਵਿਦਵਾਨ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਨਵ-ਪ੍ਰਕਾਸ਼ਿਤ ਕਿਤਾਬ 'ਬਾਣੀ ਬਿਰਲਉ ਬੀਚਾਰਸੀ' ਬੀਤੇ ਦਿਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਲੋਕ ਅਰਪਣ ਕੀਤੀ ਗਈ।
ਇਸ ਮੌਕੇ 'ਤੇ ਕਿਤਾਬ ਅਤੇ ਲੇਖਕ ਬਾਰੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਸਾਹਿਤ ਸਭਾ ਮੁਢਲੀ ਐਬਸਫੋਰਡ ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਨਿਰਦੋਸ਼ ਵੱਲੋਂ ਸਮੁੱਚੀ ਲਿਖਤ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਰਚੀ ਗਈ ਹੈ। ਇਸ ਕਿਤਾਬ ਵਿੱਚ ਗਿਆਨੀ ਜੀ ਨੇ ਸੋ ਦਰੁ ਤੇਰਾ ਕੇਹਾ ਤੋਂ ਲੈ ਕੇ ਸਰਣਿ ਪਰੇ ਕੀ ਰਾਖਹੁ ਸਰਮਾ, ਅਲਾਹਣੀਆ, ਸਤੇ ਬਲਵੰਡ ਦੀ ਵਾਰ, ਰਾਮਕਲੀ ਸਦੁ ਤੇ ਤੁਖਾਰੀ ਬਾਰਹਮਾਹ ਦੀ ਭਾਵ-ਅਰਥੀ ਵਿਆਖਿਆ ਕੀਤੀ ਹੈ। ਉਹਨਾਂ ਦੀਆਂ ਸਾਰੀਆਂ ਲਿਖਤਾਂ ਸਿੱਖ ਵਿਰਸੇ, ਇਤਿਹਾਸ ਅਤੇ ਗੁਰਬਾਣੀ ਉਪਦੇਸ਼ ਅਤੇ ਚਾਨਣ 'ਤੇ ਕੇਂਦਰਿਤ ਹਨ। ਉਨ੍ਹਾਂ ਕਿਹਾ ਕਿ ਕਿਤਾਬ ਲੋਕ ਅਰਪਣ ਦੇ ਵਿਸ਼ੇਸ਼ ਦਿਹਾੜੇ ਦੀ ਅਹਿਮੀਅਤ ਬਾਰੇ ਉਹਨਾਂ ਕਿਹਾ ਕਿ ਇਹ ਸਮਾਗਮ ਜਿੱਥੇ ਸਿੰਘ ਸਭਾ ਲਹਿਰ ਦੇ ਆਗੂ ਪ੍ਰੋਫੈਸਰ ਗੁਰਮੁਖ ਸਿੰਘ, 'ਸੱਚ ਅਤੇ ਸੁਲਾਹ' ਮੂਲ ਨਿਵਾਸੀਆਂ ਦੇ ਦਿਹਾੜੇ ਅਤੇ ਗੁਰੂ ਨਾਨਕ ਜਹਾਜ਼ ਦੇ 29 ਸਤੰਬਰ 1914 ਦੇ ਸ਼ਹੀਦੀ ਸਾਕੇ ਦੇ ਮਹੱਤਵ ਨੂੰ ਦਰਸਾਉਂਦਾ ਹੈ।
ਗਿਆਨੀ ਕੇਵਲ ਸਿੰਘ ਨਿਰਦੋਸ਼ ਨੇ ਸਿਹਤ ਚੁਣੌਤੀਆਂ ਦੇ ਬਾਵਜੂਦ ਲਿਖਣ ਸੰਘਰਸ਼ ਬਾਰੇ ਰੋਸ਼ਨੀ ਪਾਈ ਅਤੇ ਆਪਣੀ ਪੁਸਤਕ 'ਬਾਣੀ ਬਿਰਲਉ ਬੀਚਾਰਸੀ' (ਭਾਵ ਅਰਥੀ ਕਾਵਿ ਵਿਆਖਿਆ) ਬਾਰੇ ਵਿਚਾਰ ਚਰਚਾ ਕੀਤੀ। ਉਨਾਂ ਸਿੱਖ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਦੀ ਅਗਵਾਈ ਵਿੱਚ ਸਿੱਖ ਮਿਸ਼ਨਰੀ ਕਾਲਜ ਤੋਂ ਵਿਦਿਆ ਲੈਣ ਤੋਂ ਲੈ ਕੇ ਸਮੁੱਚੇ ਜੀਵਨ ਤੇ ਸਫਰ ਦੌਰਾਨ ਗੁਰੂ ਗ੍ਰੰਥ ਸਾਹਿਬ ਅਤੇ ਪ੍ਰਚਾਰ ਤੇ ਪ੍ਰਸਾਰ ਬਾਰੇ ਆਪਣੇ ਸਾਹਿਤਕ ਅਨੁਭਵ ਸਾਂਝੇ ਕੀਤੇ।
ਇਸ ਮੌਕੇ 'ਤੇ ਹਾਜ਼ਰ ਸ਼ਖਸੀਅਤਾਂ ਵਿੱਚ ਡਾ. ਪੂਰਨ ਸਿੰਘ ਗਿੱਲ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਚਮਕੌਰ ਸਿੰਘ ਸੇਖੋਂ, ਹਰਮਨ ਸਿੰਘ ਕੰਗ, ਵਕੀਲ ਅਮਨ ਚੀਮਾ ਤੇ ਉਹਨਾਂ ਦੇ ਸੁਪਤਨੀ ਅਤੇ ਸੰਗਤ ਰੂਪ ਵਿੱਚ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀ ਪਰਿਵਾਰਾਂ ਸਮੇਤ ਆਏ। ਸਮਾਗਮ ਦਾ ਪ੍ਰਬੰਧ ਲਖਜੀਤ ਸਿੰਘ ਸਾਰੰਗ ਨੇ ਕੀਤਾ ਤੇ ਸੰਚਾਲਨ ਜਸਵਿੰਦਰ ਸਿੰਘ ਖਹਿਰਾ ਅਤੇ ਰੁਪਿੰਦਰਜੀਤ ਸਿੰਘ ਕਾਹਲੋਂ ਨੇ ਬਾਖ਼ੂਬੀ ਨਿਭਾਇਆ।
ਸ੍ਰੀ ਗੁਰੂ ਸਿੰਘ ਸਭਾ ਦੇ ਭਾਈ ਕੁੰਦਨ ਸਿੰਘ ਸੱਜਣ, ਭਾਈ ਗੁਰਮੀਤ ਸਿੰਘ ਧਾਲੀਵਾਲ ਅਤੇ ਮੁੱਖ ਗ੍ਰੰਥੀ ਗਿਆਨੀ ਜਗਦੀਸ਼ ਸਿੰਘ ਨੇ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ।