Canada ਦੇ ਰੇਡੀਓ ਹੋਸਟ ਰਿਸ਼ੀ ਨਾਗਰ 'ਤੇ ਹਮਲੇ ਦੀ ਪੂਰੀ CCTV ਆਈ ਸਾਹਮਣੇ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ-
ਕਮਲਜੀਤ ਬੁੱਟਰ
ਕੈਲਗਰੀ, 02 ਅਕਤੂਬਰ, 2024 - ਕੈਲਗਰੀ ਦੇ ਰੇਡੀਓ ਰੈਡ ਐਮ ਐਫ ਦੇ ਹੋਸਟ ਰਿਸ਼ੀ ਨਾਗਰ ਉਪਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਐਤਵਾਰ ਨੂੰ ਕੀਤੇ ਮਾਰੂ ਹਮਲੇ ਦੀ ਹੁਣ ਪੂਰੀ CCTV ਆਈ ਹੈ ਜਿਸ ਵਿੱਚ ਹਮਲਾਵਰ ਸਾਫ ਦਿਖਾਈ ਦੇ ਰਹੇ ਹਨ। ਇਸ ਵਿੱਚ ਰਿਸ਼ੀ ਨੂੰ ਕੁੱਟ ਮਾਰ ਕਰਕੇ ਹੇਠਾਂ ਸੁੱਟ ਦੇਣ ਦੇ ਦ੍ਰਿਸ਼ ਦਿਖਾਈ ਦੇ ਰਹੇ ਹਨ ।
ਫੁੱਟੇਜ ਅਨੁਸਾਰ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਐਤਵਾਰ ਨੂੰ ਦੁਪਹਿਰ 3 ਵਜੇ ਹੋਪਵੈਲ ਪਲੇਸ ਦੇ 2800 ਬਲਾਕ ਵਿੱਚ ਸਥਿਤ ਰੀਓ ਬੈਂਕੁਇਟ ਹਾਲ ਤੋਂ ਬਾਹਰ ਨਿਕਲ ਰਿਹਾ ਸੀ। ਲਗਪਗ 20 ਸੈਕਿੰਡ ਦੀ ਵੀਡੀਓ ਵਿਚ ਦੋ ਅਣਪਛਾਤੇ ਵਿਅਕਤੀ ਰਿਸ਼ੀ ਨਾਗਰ ਦੀ ਕੁੱਟਮਾਰ ਕਰਦੇ ਦਿਖਾਈ ਦਿੰਦੇ ਹਨ ਜਦੋਂਕਿ ਇਕ ਤੀਸਰੇ ਵਿਅਕਤੀ ਨੇ ਆਕੇ ਉਸਦਾ ਆਕੇ ਬਚਾਅ ਕੀਤਾ। ਜਿਸ ਉਪਰੰਤ ਹਮਲਾਵਰ ਭੱਜ ਗਏ।
ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਵੀਡੀਓ ਦੀ ਪੜਤਾਲ ਕਰ ਰਹੇ ਹਨ ਤੇ ਹਮਲਾਵਰਾਂ ਦਾ ਪਤਾ ਲਗਾ ਰਹੇ ਹਨ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਇਸ ਘਟਨਾ ਦਾ ਪਿਛਲੇ ਦਿਨੀਂ ਲੋਕਾਂ ਨੂੰ ਧਮਕੀਆਂ ਦੇਣ ਅਤੇ ਹਥਿਆਰ ਲਹਿਰਾਉਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਦੀ ਘਟਨਾ ਤੇ ਉਸ ਬਾਰੇ ਰੇਡੀਓ ਉਪਰ ਰਿਪੋਰਟਿੰਗ ਕੀਤੇ ਜਾਣ ਨਾਲ ਕੋਈ ਸਬੰਧ ਹੈ ਜਾਂ ਨਹੀਂ।
ਇਸੇ ਦੌਰਾਨ ਰੇਡੀਓ ਹੋਸਟ ਰਿਸ਼ੀ ਨਾਗਰ ਨੇ ਇਥੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਆਪਣੇ ਉਪਰ ਹੋਏ ਹਮਲੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੇ ਸਿਰ ਅਤੇ ਖੱਬੀ ਅੱਖ ਉਪਰ ਸੱਟ ਲੱਗੀ ਹੈ। ਉਹਨਾਂ ਆਪਣੇ ਉਪਰ ਹੋਏ ਹਮਲੇ ਨੂੰ ਮੀਡੀਆ ਦੀ ਆਜ਼ਾਦੀ ਉਪਰ ਹਮਲਾ ਕਰਾਰ ਦਿੰਦਿਆਂ ਲੋਕਾਂ ਵਲੋਂ ਇਸ ਘਟਨਾ ਦੀ ਨਿੰਦਾ ਕਰਨ ਅਤੇ ਉਹਨਾਂ ਨੂੰ ਹੌਸਲਾ ਦਿੱਤੇ ਜਾਣ ਲਈ ਧੰਨਵਾਦ ਕੀਤਾ। ਉਹਨਾਂ ਹਮਲੇ ਦੌਰਾਨ ਦਖਲ ਦੇਕੇ ਉਸਦਾ ਬਚਾਅ ਕਰਨ ਵਾਲੇ ਬੁਰਹਾਨ ਖਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਹਨਾਂ ਹੋਰ ਕਿਹਾ ਇਸ ਹਮਲੇ ਦੌਰਾਨ ਮੈਨੂੰ ਕੁਝ ਸੱਟਾਂ ਲੱਗੀਆਂ ਹਨ ਪਰ ਮੈਂ ਠੀਕ ਹਾਂ। ਇਸ ਕਾਇਰਾਨਾ ਹਮਲੇ ਨੇ ਮੇਰੇ ਇਰਾਦੇ ਹੋਰ ਮਜ਼ਬੂਤ ਕੀਤੇ ਹਨ ਤੇ ਮੈਂ ਸਮਾਜਿਕ ਹਿੱਤਾਂ ਲਈ ਨਿਰਪੱਖ ਤੇ ਬੇਬਾਕ ਪੱਤਰਕਾਰੀ ਤੇ ਪਹਿਰਾ ਦਿੰਦਾ ਰਹਾਂਗਾ।
ਜ਼ਿਕਰਯੋਗ ਹੈ ਕਿ ਰਿਸ਼ੀ ਨਾਗਰ ਰੇਡੀਓ ਰੈਡ ਐਫ ਦੇ ਕੈਲਗਰੀ ਦੇ ਸਵੇਰ ਦੇ ਸ਼ੋਅ ਹੋਸਟ ਤੇ ਨਿਊਜ ਡਾਇਰੈਕਟਰ ਹਨ। ਉਹ ਆਪਣੇ ਸ਼ੋਅ ਵਿਚ ਬੜੀ ਬੇਬਾਕੀ ਤੇ ਸਾਫਗੋਈ ਨਾਲ ਗੱਲਬਾਤ ਕਰਦੇ ਹਨ। ਉਹ ਕੈਲਗਰੀ ਯੂਨੀਵਰਸਿਟੀ ਦੇ ਸਾਬਕਾ ਸੈਨੇਟਰ ਵੀ ਹਨ।