ਫੌੜ੍ਹੀਆਂ 'ਤੇ ਤੁਰਨ ਲੱਗੇ ਕਰਿੰਦੇ 'ਤੇ ਹਮਲਾ ਕਰਕੇ ਲੁੱਟਣ ਵਾਲੇ
ਅਸ਼ੋਕ ਵਰਮਾ
ਬਠਿੰਡਾ, 8 ਅਕਤੂਬਰ 2024: ਰਾਮਾਂ ਮੰਡੀ ਦੇ ਪਿੰਡ ਕਮਾਲੂ ’ਚ ਸ਼ਰਾਬ ਦੇ ਠੇਕੇ ਵਿੱਚ ਦਾਖਲ ਹੋ ਕੇ ਕਰਿੰਦੇ ਨੂੰ ਤਲਵਾਰਾਂ ਨਾਲ ਵੱਢਕੇ ਗੰਭੀਰ ਜਖਮੀ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕਰ ਲਈ ਹੈ। ਮੁਲਜਮਾਂ ਦੀ ਪਛਾਣ ਬੁਗਨੀ ਕੁਮਾਰ ਉਰਫ ਗੱਗੀ ਪੁੱਤਰ ਰਾਮੂ ਅਤੇ ਦੀਪੂ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀਅਨ ਤਲਵੰਡੀ ਸਾਬੋ ਵਜੋਂ ਕੀਤੀ ਗਈ ਹੈ । ਦੋਵਾਂ ਨੌਜਵਾਨਾਂ ਦੀ ਉਮਰ ਸਿਰਫ 20 ਕੁ ਸਾਲ ਦੱਸੀ ਗਈ ਹੈ ਜਿੰਨ੍ਹਾਂ ਤੋਂ ਪੁਲਿਸ ਨੇ ਵਾਰਦਾਤ ਲਈ ਵਰਤੀ ਤਲਵਾਰ ਅਤੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਤੋਂ ਇਲਾਵਾ ਠੇਕੇ ਤੋਂ ਲੁੱੱਟੇ 4 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ। ਪੁਲਿਸ ਹੁਣ ਇੰਨ੍ਹਾਂ ਗੱਭਰੂ ਅਪਰਾਧੀਆਂ ਤੋਂ ਅਗਲੀ ਪੁੱਛਗਿੱਛ ਕਰਕੇ ਹੋਰ ਸੰਭਾਵੀ ਕੜੀਆਂ ਜੋੜਨ ਦੀ ਤਿਆਰੀ ਕਰ ਰਹੀ ਹੈ।
ਰੌਚਕ ਪਹਿਲੂ ਇਹ ਵੀ ਹੈ ਕਿ ਭਾਵੇਂ ਪੁਲਿਸ ਨੇ ਇਸ ਸਬੰਧ ’ਚ ਕੁੱਝ ਵੀ ਨਹੀਂ ਕਿਹਾ ਪਰ ਮੁਲਜਮਾਂ ਚੋਂ ਇੱਕ ਦੀ ਲੱਤ ਅਤੇ ਦੂਸਰੇ ਦੀ ਬਾਂਹ ਤੇ ਲੱਗਿਆ ਪਲਸਤਰ ਆਪਣੀ ਕਹਾਣੀ ਖੁਦ ਬਿਆਨ ਕਰ ਰਿਹਾ ਸੀ ਕਿ ਦੋਵਾਂ ਨੂੰ ਪੁਲਿਸੀਆ ਢੰਗ ਨਾਲ ਚੰਗਾ ਚਾਹਟਾ ਛਕਾਇਆ ਗਿਆ ਹੈ। ਅੱਜ ਮਿੰਨੀ ਸਕੱਤਰੇਤ ’ਚ ਜਦੋਂ ਇੰਨ੍ਹਾਂ ਨੂੰ ਲਿਆਂਦਾ ਗਿਆ ਤਾਂ ਇੰਨ੍ਹਾਂ ਚੋਂ ਇੱਕ ਨੂੰ ਪੁਲਿਸ ਮੁਲਾਜਮਾਂ ਨੇ ਸਹਾਰਾ ਦੇਕੇ ਬਿਠਾਇਆ ਜਦੋਂਕਿ ਦੂਜੇ ਦੇ ਹੋ ਰਹੀ ਪੀੜ ਦਾ ਦਰਦ ਉਸ ਦੇ ਹਾਵ ਭਾਵ ਤੋਂ ਸਾਫ ਦੇਖਿਆ ਜਾ ਸਕਦਾ ਸੀ। ਅੱਜ ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਅਹਿਮ ਕਾਮਯਾਬੀ ਦਾ ਖੁਲਾਸਾ ਕੀਤਾ ਅਤੇ ਦੋਵਾਂ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਾਲੀ ਪੁਲਿਸ ਪਾਰਟੀ ਦੀ ਪਿੱਠ ਵੀ ਥਾਪੜੀ ਹੈ।
ਉਨ੍ਹਾਂ ਦੱਸਿਆ ਕਿ ਠੇਕੇ ਦੇ ਕਰਿੰਦੇ ਤੇ ਇਸ ਤਰਾਂ ਜਾਨਵਰਾਂ ਵਾਂਗ ਹਮਲਾ ਗੰਭੀਰ ਮਾਮਲਾ ਹੈ ਜਿਸ ਨੂੰ ਪੁਲਿਸ ਨੇ ਦਿਨ ਰਾਤ ਇੱਕ ਕਰਕੇ ਸੁਲਝਾਇਆ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਸੀਸੀਟੀਵੀ ਵੀ ਨਹੀਂ ਲੱਗੇ ਹੋਏ ਸਨ ਜਿਸ ਕਰਕੇ ਅੰਨ੍ਹੇ ਕਤਲ ਵਰਗਾ ਇਹ ਮਾਮਲਾ ਪੁਲਿਸ ਲਈ ਚੁਣੌਤੀ ਮੰਨਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਬੱਤਾ ਦੀ ਅਗਵਾਈ ਹੇਠ ਮੁੱਖ ਥਾਣਾ ਅਫਸਰ ਰਾਮ ਅਤੇ ਸੀਆਈਏ ਸਟਾਫ 2 ਵੱਲੋਂਇਸ ਵਾਦਾਤ ਦੀ ਗੁੱਥੀ ਸੁਲਝਾਉਣ ਲਈ ਪੂਰੀ ਤਨਦੇਹੀ ਨਾਲ ਤਕਨੀਕੀ ਅਤੇ ਮਨੁੱਖੀ ਸਰੋਤਾਂ ਦੇ ਅਧਾਰ ਤੇ ਕੀਤੀ ਗਈ ਤਫਤੀਸ਼ ਅਤੇ ਕਾਰਵਾਈ ਮਗਰੋਂ ਦੋਵੇਂ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਸ਼ੋਕ ਗੁਪਤਾ ਪੁੱਤਰ ਮਹੇਸ਼ ਚੰਦਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਭਰਾ ਹਰੀ ਓਮ ਕਮਾਲੂ ਠੇਕੇ ਤੇ ਕੰਮ ਕਰਦਾ ਹੈ।
ਸੂਚਨਾ ਅਨੁਸਾਰ ਉਸ ਤੇ ਤਲਵਾਰਾਂ ਨਾਲ ਜਾਨਲੇਵਾ ਹਮਲਾ ਕਰਕੇ ਉਸ ਤੋਂ 5 ਅਕਤੂਬਰ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਦੋ ਨੌਜਵਾਨ 4 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ। ਥਾਣਾ ਰਾਮਾ ਪੁਲਿਸ ਨੇ ਇਸ ਸਬੰਧ ’ਚ ਮੁਕੱਦਮਾ ਦਰਜ ਕਰ ਲਿਆ ਸੀ ਅਤੇ ਹੁਣ ਦੋਵਾਂ ਮੁਲਜਮਾਂ ਨੂੰ ਕਾਬੂ ਕਰਨ ’ਚ ਸਫਲ ਹੋ ਗਈ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਦੋਵਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕਰੇਗੀ ਤਾਂ ਜੋ ਜੇਕਰ ਇੰਨ੍ਹਾਂ ਨੇ ਕੋਈ ਹੋਰ ਵਾਰਦਾਤ ਕੀਤੀ ਹੈ ਤਾਂ ਉਸਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜਮਾਂ ਦਾ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਫਿਰ ਵੀ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।
ਦੱਸਣਯੋਗ ਹੈ ਇਸ ਕਾਤਲਾਨਾ ਹਮਲੇ ਦੌਰਾਨ ਗੰਭੀਰ ਰੂਪ ’ਚ ਜ਼ਖਮੀ ਹੋਏ ਹਰੀਓਮ ਨੂੰ ਪਹਿਲਾਂ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਏਮਜ਼ ਰੈਫਰ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਹਰੀਓਮ ਦਾ ਮੋਢਾ ਕੱਟਿਆ ਗਿਆ। ਜਾਣਕਾਰੀ ਅਨੁਸਾਰ ਹਰੀਓਮ ਰਾਮਾਂ ਮੰਡੀ ਦੇ ਪਿੰਡ ਕਮਾਲੂ ਵਿੱਚ ਸਥਿਤ ਮਲਹੋਤਰਾ ਗਰੁੱਪ ਦੇ ਸ਼ਰਾਬ ਦੇ ਠੇਕੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਬੈਠਾ ਸੀ। ਸ਼ਾਮ ਕਰੀਬ 5.30 ਵਜੇ ਦੋ ਮੁਲਜ਼ਮ ਤਲਵਾਰ ਲੈ ਕੇ ਠੇਕੇ ਵਿੱਚ ਦਾਖ਼ਲ ਹੋਏ। ਇਨ੍ਹਾਂ ਲੋਕਾਂ ਨੇ ਹਰੀ ਓਮ ਨੂੰ ਠੇਕੇ ’ਚ ਰੱਖੀ ਨਕਦੀ ਦੇਣ ਲਈ ਕਿਹਾ । ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ’ਤੇ ਇੱਕ ਤੋਂ ਬਾਅਦ ਇੱਕ ਤਲਵਾਰ ਨਾਲ ਵਾਰ ਕਰ ਦਿੱਤੇ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਠੇਕੇ ਤੋਂ ਪੈਸੇ ਲੁੱਟ ਕੇ ਫਰਾਰ ਹੋ ਗਏ ਸਨ।