ਸਰਕਾਰੀ ਆਲੂ ਮਟਰਾਂ ਨੇ ਬਾਗੋਬਾਗ ਕਰਕੇ ਤੋਰਿਆ ਪੋਲਿੰਗ ਸਟਾਫ
ਅਸ਼ੋਕ ਵਰਮਾ
ਬਠਿੰਡਾ, 14 ਅਕਤੂਬਰ 2024: ਹਫਤਾ ਭਰ ਧੂੰਆਂਧਾਰ ਚੋਣ ਪ੍ਰਚਾਰ ਤੋਂ ਪੇਂਡੂ ਲੋਕ ਰਾਜ ਦੇ ਚੋਣ ਅਮਲ ਲਈ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਵਾਸਤੇ ਅੱਜ ਪੰਜਾਬ ਦੇ ਵੱਖ ਵੱਖ ਸਦਰ ਮੁਕਾਮਾਂ ਅਤੇ ਦੂਸਰੀ ਥਾਵਾਂ ਤੋਂ ਪੋਲਿੰਗ ਪਾਰਟੀਆਂ ਨੂੰ ਸੁਰੱਖਿਆ ਦੇ ਸਖਤ ਪ੍ਰਬੰਧਾਂ ਹੇਠ ਰਵਾਨਾ ਕਰ ਦਿੱਤਾ ਗਿਆ ਹੈ। ਇਸ ਵਾਰ ਪੋਲਿੰਗ ਸਟਾਫ ਲਈ ਖਾਣ ਪੀਣ ਦੇ ਵਿਸ਼ੇਸ਼ ਇੰਤਜਾਮ ਕੀਤੇ ਗਏ ਸਨ ਕਿਉਂਕਿ ਪਿਛਲੀਆਂ ਪੰਚਾਇਤ ਚੋਣਾਂ ’ਚ ਅਧੂਰੇ ਪ੍ਰਬੰਧਾਂ ਦੀ ਗੱਲ ਸਾਹਮਣੇ ਆਈ ਸੀ। ਇਸ ਵਾਰ ਚੋਣ ਕਮਿਸ਼ਨ ਪੰਜਾਬ ਨੇ ਸਮੂਹ ਡਿਪਟੀ ਕਮਿਸ਼ਨਰਾਂ ਕਮ ਜਿਲ੍ਹਾ ਚੋਣ ਅਫਸਰਾਂ ਨੂੰ ਪੱਤਰ ਲਿਖਕੇ ਸਟਾਫ ਲਈ ਖਾਣੇ ਆਦਿ ਦੇ ਢੁੱਕਵੇਂ ਇੰਤਜਾਮ ਕਰਨ ਦੇ ਨਿਰਦੇਸ਼ ਦਿੱਤੇ ਸਨ।ਇੱਕਾ ਦੁੱਕਾ ਨੂੰ ਛੱਡਕੇ ਵੱਖ ਵੱਖ ਥਾਵਾਂ ਤੋਂ ਵੀ ਲੰਗਰ ਆਦਿ ਦੇ ਵਧੀਆ ਇੰਤਜਾਮ ਹੋਣ ਦੀ ਗੱਲ ਸਾਹਮਣੇ ਆਈ ਹੈ।
ਇੱਕ-ਦੋ ਥਾਵਾਂ ਤੇ ਸਟਾਫ ਲਈ ਬਕਾਇਦਾ ਆਲੂ ਮਟਰ ਦੀ ਸਬਜੀ ਬਣਾਈ ਗਈ ਸੀ ਅਤੇ ਚਾਹ ਦਾ ਵੀ ਵਧੀਆ ਪ੍ਰਬੰਧ ਰਿਹਾ। ਬਠਿੰਡਾ ਅਤੇ ਮਾਨਸਾ ਜਿਲ੍ਹੇ ’ਚ ਵੀ ਕਿਸੇ ਪਾਸਿਓਂ ਅਜਿਹੀ ਕੋਈ ਸ਼ਕਾਇਤ ਸਾਹਮਣੇ ਨਹੀਂ ਆਈ ਹੈ। ਪੰਚਾਇਤ ਚੋਣਾਂ ਲਈ 15 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰ ਅੱਠ ਵਜੇ ਤੋਂ ਸ਼ਾਮੀ ਚਾਰ ਵਜੇ ਤੱਕ ਵੋਟਾਂ ਪੈਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਸਮੁੱਚੇ ਸੂਬੇ ’ਚ ਚੋਣਾਂ ਕਰਵਾਈਆਂ ਜਾਣਗੀਆਂ। ਚੋਣ ਪ੍ਰਸ਼ਾਸਨ ਵੱਲੋਂ ਵੋਟਾਂ ਪਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਵੋਟਾਂ ਲਈ 19, 110 ਪੋਲਿੰਗ ਬੂਥ ਬਣਾਏ ਗਏ ਹਨ ਜਿੰਨ੍ਹਾਂ ਵਿੱਚੋਂ ਇਸ ਦੌਰਾਨ 1001 ਬੂਥਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਇਨ੍ਹਾਂ ’ਚੋਂ ਸਭ ਤੋਂ ਵੱਧ (179) ਅੰਮ੍ਰਿਤਸਰ ਵਿੱਚ ਹਨ।
ਪੰਜਾਬ ਵਿਚ 13,237 ਪੰਚਾਇਤਾਂ ਹਨ ਜਿਨ੍ਹਾਂ ਲਈ ਕੁੱਲ 13,237 ਸਰਪੰਚ ਅਤੇ 83,427 ਪੰਚ ਚੁਣੇ ਜਾਣੇ ਹਨ। ਹਾਲਾਂਕਿ, ਪੰਜਾਬ ਵਿੱਚ 3798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਇਸ ਸਮੇਂ ਸਰਪੰਚੀ ਲਈ 25,588 ਅਤੇ ਪੰਚੀ ਲਈ 80,598 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸੂਬੇ ਵਿਚ 1,33,97,922 ਵੋਟਰ 15 ਅਕਤੂਬਰ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿਚ 70,51,722 ਪੁਰਸ਼ ਅਤੇ 63,46,008 ਮਹਿਲਾ ਵੋਟਰ ਹਨ। ਵੋਟਾਂ ਬੈਲੇਟ ਪੇਪਰ ਰਾਹੀਂ ਪੈਣਗੀਆਂ। ਸਰਪੰਚੀ ਲਈ ਗੁਲਾਬੀ ਰੰਗ ਅਤੇ ਪੰਚੀ ਲਈ ਸਫ਼ੈਦ ਰੰਗ ਦਾ ਬੈਲਟ ਪੇਪਰ ਤਿਆਰ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਸੂਬੇ ਵਿਚ 23 ਅਬਜ਼ਰਵਰਾਂ ਦੀ ਤਾਇਨਾਤੀ ਕੀਤੀ ਹੈ। ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਚੋਣ ਅਮਲ ਦੌਰਾਨ ਕੋਈ ਵਿਘਨ ਨਾਂ ਪਵੇ।
ਵੋਟ ਪਾਉਣ ਲਈ ਯੋਗ ਦਸਤਾਵੇਜ਼
ਆਪਣੇ ਵੋਟ ਹੱਕ ਦੀ ਵਰਤੋਂ ਕਰਨ ਲਈ ਪੋਲਿੰਗ ਸਟੇਸ਼ਨ ਵਿਖੇ ਪਛਾਣ ਦੇ ਪ੍ਰਮਾਣ ਵਜੋਂ ਨਾਗਰਿਕ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਨਰੇਗਾ ਨੌਕਰੀ ਕਾਰਡ, ਡਰਾਈਵਿੰਗ ਲਾਈਸੈਂਸ, ਰਾਸ਼ਨ ਕਾਰਡ ਤੇ ਨੀਲਾ ਕਾਰਡ ਯੋਗ ਮੰਨਿਆ ਗਿਆ ਹੈ।ਇਸ ਤੋਂ ਇਲਾਵਾ ਬੈਂਕ/ਡਾਕਖਾਨੇ ਵੱਲੋਂ ਤਸਵੀਰਾਂ ਦੇ ਨਾਲ ਜਾਰੀ ਨਾਗਰਿਕ ਪਾਸਬੁੱਕ, ਸਿਹਤ ਬੀਮਾ ਸਮਾਰਟ ਕਾਰਡ ਕਿਰਤ ਮੰਤਰਾਲੇ ਵਲੋਂ ਜਾਰੀ, ਫੋਟੋ ਵਾਲਾ ਸਰਵਿਸ ਪਛਾਣ ਪੱਤਰ ਕੇਂਦਰ/ਸੂਬਾ ਸਰਕਾਰ /ਪੀ.ਐਸ.ਯੂ /ਜਨਤਕ ਲਿਮਿਟਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ, ਸਮਾਰਟ ਕਾਰਡ ਆਰ.ਜੀ.ਆਈ ਦੁਆਰਾ ਐਨ.ਪੀ.ਆਰ ਤਹਿਤ ਜਾਰੀ, ਪੈਨਸ਼ਨ ਦਸਤਾਵੇਜ਼ (ਤਸਵੀਰ ਦੇ ਨਾਲ), ਅਧਿਕਾਰਤ ਪਛਾਣ ਪੱਤਰ ਐਮ.ਪੀ/ਐਮ.ਐਲ.ਏ ਨੂੰ ਜਾਰੀ, ਯੂਨੀਕ ਅਪਾਹਜਤਾ ਆਈ ਕਾਰਡ (ਯੂ.ਡੀ.ਆਈ.ਡੀ) ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਾ ਵਿਭਾਗ, ਭਾਰਤ ਸਰਕਾਰ ਦੁਆਰਾ ਜਾਰੀ ਕਾਰਡ ਦਿਖਾ ਕੇ ਆਪਣੀ ਵੋਟ ਪਾਈ ਜਾ ਸਕਦੀ ਹੈ।
ਬਠਿੰਡਾ ਜਿਲ੍ਹੇ ’ਚ ਪ੍ਰਬੰਧ ਮੁਕੰਮਲ
ਗ੍ਰਾਮ ਪੰਚਾਇਤੀ ਚੋਣਾਂ-2024 ਦੇ ਮੱਦੇਨਜ਼ਰ ਬਠਿੰਡਾ ਜ਼ਿਲ੍ਹੇ ਦੇ 9 ਬਲਾਕ (ਬਠਿੰਡਾ, ਭਗਤਾ, ਗੋਨਿਆਣਾ, ਮੌੜ, ਨਥਾਣਾ, ਫੂਲ, ਰਾਮਪੁਰਾ, ਸੰਗਤ ਅਤੇ ਬਲਾਕ ਤਲਵੰਡੀ ਸਾਬੋ) ਦੇ 318 ਪਿੰਡਾਂ ’ਚੋਂ 281 ਪਿੰਡਾਂ ’ਚ ਵੱਖ-ਵੱਖ ਥਾਵਾਂ ’ਤੇ ਬਣਾਏ ਗਏ 826 ਬੂਥਾਂ ’ਤੇ 15 ਅਕਤੂਬਰ 2024 ਨੂੰ ਹੋਣ ਵਾਲੀ ਵੋਟਿੰਗ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਜਿਸ ਤੋਂ ਬਾਅਦ ਗਿਣਤੀ ਹੋਵੇਗੀ ਤੇ ਨਤੀਜੇ ਐਲਾਨੇ ਜਾਣਗੇ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਦੀ ਸਰਬਸੰਮਤੀ ਹੋ ਗਈ ਹੈ। ਬਾਕੀ ਬਚਦੀਆਂ 281 ਗ੍ਰਾਮ ਪੰਚਾਇਤਾਂ ਲਈ ਕਰੀਬ 5 ਹਜ਼ਾਰ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ।
ਮਾਨਸਾ ਜਿਲ੍ਹਾ ਵੀ ਚੋਣਾਂ ਲਈ ਤਿਆਰ
ਮਾਨਸਾ ਜ਼ਿਲ੍ਹੇ ਵਿੱਚ ਵੀ ਅੱਜ ਪੋਲਿੰਗ ਪਾਰਟੀਆਂ ਨੂੰ ਰਿਟਰਨਿੰਗ ਅਧਿਕਾਰੀਆਂ ਨੇ ਚੋਣ ਸਮੱਗਰੀ ਦੇ ਕੇ ਸਬੰਧਤ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 245 ਗ੍ਰਾਮ ਪੰਚਾਇਤਾਂ ਹਨ ਜਿੰਨ੍ਹਾਂ ਵਿੱਚੋਂ 21 ਗ੍ਰਾਮ ਪੰਚਾਇਤਾਂ ’ਤੇ ਸਰਬਸੰਮਤੀ ਹੋ ਗਈ ਹੈ ਅਤੇ ਬਾਕੀ 224 ਗ੍ਰਾਮ ਪੰਚਾਇਤਾਂ ’ਤੇ ਚੋਣ ਹੋਵੇਗੀ। ਇਨ੍ਹਾਂ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ 4 ਹਜ਼ਾਰ ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਾਂ ਲਈ ਮਾਨਸਾ ਜ਼ਿਲ੍ਹੇ ਦੇ 05 ਬਲਾਕਾਂ ਵਿੱਚ ਕਰੀਬ 547 ਪੋਲਿੰਗ ਬੂਥ ਬਣਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ।