← ਪਿਛੇ ਪਰਤੋ
ਪੰਚਾਇਤ ਚੋਣਾਂ: ਤੇਜ਼ਧਾਰ ਹਥਿਆਰਾਂ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਕਾਰ ਭੰਨੀ
ਅਸ਼ੋਕ ਵਰਮਾ
ਬਠਿੰਡਾ, 13 ਅਕਤੂਬਰ 2024:ਬਠਿੰਡਾ ਜਿਲ੍ਹੇ ਦੇ ਥਾਣਾ ਨੇਹੀਆਂ ਵਾਲਾ ਅਧੀਨ ਆਉਂਦੇ ਪਿੰਡ ਅਕਲੀਆ ’ਚ ਅੱਜ ਪੰਚਾਇਤਾ ਚੋਣਾਂ ਲਈ ਚੱਲ ਰਹੇ ਵੋਟਾਂ ਪੈਣ ਦਾ ਕੰਮ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਨੇ ਤੇਜਧਾਰ ਹਥਿਆਰਾਂ ਦੀ ਸਹਾਇਤਾ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਟਰੱਕ ਯੂਨੀਅਨ ਗੋਨਿਆਣਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਸਵਿਫਟ ਕਾਰ ਦੀ ਬੁਰੀ ਤਰਾਂ ਭੰਨ ਤੋੜ ਕਰ ਦਿੱਤੀ। ਇਸ ਸਬੰਧ ’ਚ ਜੋ ਵੀਡੀਓ ਵਾਇਰਲ ਹੋਈ ਹੈ ਉਸ ’ਚ ਹਮਲਾਵਾਰ ਕਾਰ ਨੂੰ ਨੁਕਸਾਨ ਪਹੁੰਚਾਉਂਦੇ ਦਿਖਾਈ ਦੇ ਰਹੇ ਹਨ। ਇਸ ਮਾਮਲੇ ’ਚ ਰਾਹਤ ਵਾਲੀ ਗੱਲ ਇਹੋ ਰਹੀ ਕਿ ਜਦੋਂ ਕਾਰ ਨੂੰ ਭੰਨਿਆ ਤੋੜਿਆ ਜਾ ਰਿਹਾ ਸੀ ਤਾਂ ਅੰਦਰ ਕੋਈ ਵੀ ਮੌਜੂਦ ਨਹੀਂ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਪੋÇਲੰਗ ਸਥਾਨ ਤੋਂ ਇੱਕ ਕਿੱਲੋਮੀਟਰ ਦੂਰ ਵਾਪਰੀ ਹੈ । ਦੂਜੇ ਪਾਸੇ ਲੋਕ ਆਖਦੇ ਹਨ ਕਿ ਕਾਰ ਵੋਟਾਂ ਢੋਅ ਰਹੀ ਸੀ ਤੇ ਵੋਟਾਂ ਪੈਣ ਵਾਲੀ ਥਾਂ ਤੋਂ ਕੁੱਝ ਦੂਰੀ ਤੇ ਭੰਨਤੋੜ ਹੋਈ ਹੈ। ਸ਼ਰਾਰਤੀ ਅਨਸਰਾਂ ਦਾ ਨਿਸ਼ਾਨਾ ਬਣੀ ਕਾਰ ਪੀਬੀ 70ਬੀ -0090 ਨੂੰ ਘੇਰ ਕੇ ਕਾਪਿਆਂ ਅਤੇ ਡਾਂਗਾਂ ਨਾਲ ਵੱਡਾ ਨੁਕਸਾਨ ਪਹੁੰਚਾਇਆ ਗਿਆ ਹੈ। ਸੱਤਾਧਾਰੀ ਪਾਰਟੀ ਦੇ ਆਗੂ ਦੀ ਕਾਰ ਨੂੰ ਨੁਕਸਾਨ ਪਹੰਚਾਉਣ ਤੋਂ ਬਾਅਦ ਮਹੌਲ ਤਣਾਅ ਪੂਰਨ ਹੋ ਗਿਆ ਜਿਸ ਨੂੰ ਦੇਖਦਿਆਂ ਅਮਨ ਕਾਨੂੰਨ ਬਣਾਕੇ ਰੱਖਣ ਲਈ ਪੁਲਿਸ ਪ੍ਰਸ਼ਾਸ਼ਨ ਨੇ ਵਾਧੂ ਨਫਰੀ ਮੌਕੇ ਤੇ ਭੇਜੀ ਹੈ।ਦਿਨ ਦਿਹਾੜੇ ਵਾਪਰੀ ਇਸ ਘਟਨਾ ਕਾਰਨ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਤੇ ਥਾਣਾ ਨੇਹੀਆਂ ਵਾਲਾ ਪੁਲਿਸ ਮੌਕੇ ਤੇ ਪੁੱਜੀ ਅਤੇ ਸਥਿਤੀ ਦਾ ਜਾਇਜਾ ਲਿਆ। ਡੀਐਸਪੀ ਸਪੈਸ਼ਲ ਕਰਾਈਮ ਕਰਮਜੀਤ ਸਿੰਘ ਸੰਧਾਵਾਲੀਆ ਦਾ ਕਹਿਣਾ ਸੀ ਕਿ ਇਹ ਘਟਨਾ ਵੋਟਾਂ ਪੈਣ ਵਾਲੀ ਥਾਂ ਤੋਂ ਤਕਰੀਬਨ ਇੱਕ ਕਿੱਲੋਮੀਟਰ ਦੂਰ ਤੇ ਵਾਪਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਕਾਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕਾਰ ਦੀ ਭੰਨਤੋੜ ਕਰਨ ਵਾਲੇ ਤਿੰਨ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਜਿੰਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਉਨ੍ਹਾਂ ਦੱਸਿਆ ਕਿ ਬਾਕੀ ਦੋਸ਼ੀਆਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਗੁੰਡਾਗਰਦੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Total Responses : 218