ਸਿਆਸੀ ਠਿੱਬੀ ਲਾਉਣ ਲਈ ਚੱਲਿਆ ਡੁਪਲੀਕੇਟ ਵਾਲਾ ਪੱਤਾ
ਦੋ ਹਲਕਿਆਂ ’ਚ ਇੱਕੋ ਜਿਹੇ ਨਾਵਾਂ ਵਾਲੇ ਉਮੀਦਵਾਰ ਪ੍ਰਗਟ
ਅਸ਼ੋਕ ਵਰਮਾ
ਬਠਿੰਡਾ, 1 ਨਵੰਬਰ 2024 :ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਹਲਕੇ ਦੀ ਜ਼ਿਮਨੀ ਚੋਣ ਦੇ ਮੈਦਾਨ ਵਿੱਚ ਐਤਕੀਂ ਤੁਹਾਨੂੰ ਈਵੀਐਮ ਮਸ਼ੀਨ ਤੇ ਇੱਕੋ ਨਾਮ ਵਾਲੇ ਉਮੀਦਵਾਰ ਦਿਖਾਈ ਦੇਣ ਤਾਂ ਹੈਰਾਨ ਨਾ ਹੋਣਾ। ਇਸ ਦਫਾ ਇਨ੍ਹਾਂ ਦੋਵਾਂ ਹਲਕਿਆਂ ਵਿੱਚ ਮੁਕਾਬਲੇ ਫਸਵੇਂ ਹੋਣ ਕਾਰਨ ਪ੍ਰਮੁੱਖ ਉਮੀਦਵਾਰਾਂ ਨੂੰ ਸਿਆਸੀ ਠਿੱਬੀ ਲਾਉਣ ਲਈ ਵੋਟਰਾਂ ਨੂੰ ਭੰਬਲਭੂਸੇ ਵਿੱਚ ਪਾਉਣ ਵਾਸਤੇ ਉਨ੍ਹਾਂ ਦੇ ਨਾਵਾਂ ਨਾਲ ਮਿਲਦੇ ਨਾਂ ਵਾਲੇ ਉਮੀਦਵਾਰ ਖੜ੍ਹੇ ਕਰਨ ਵਾਲਾ ਪੱਤਾ ਚੱਲਿਆ ਗਿਆ ਹੈ । ਗਿੱਦੜਬਾਹਾ ਹਲਕੇ ’ਚ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਬਰਾਬਰ ਮਨਪ੍ਰੀਤ ਸਿੰਘ ਚੋਣ ਮੈਦਾਨ ਵਿੱਚ ਉੱਤਰਿਆ ਹੈ। ਏਦਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਮੁਕਾਬਲੇ ਵਿੱਚ ਵੀ ਹਰਦੀਪ ਸਿੰਘ ਨਾਮ ਦੇ ਅਜ਼ਾਦ ਉਮੀਦਵਾਰ ਨੇ ਤਾਲ ਠੋਕੀ ਹੋਈ ਹੈ। ਇੱਥੇ ਹੀ ਬੱਸ ਨਹੀਂ ਡੇਰਾ ਬਾਬਾ ਨਾਨਕ ਹਲਕੇ ’ਚ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੇ ਮੁਕਾਬਲੇ ’ਚ ਅਜ਼ਾਦ ਉਮੀਦਵਾਰ ਜਤਿੰਦਰ ਕੌਰ ਮੈਦਾਨ ’ਚ ਨਿੱਤਰੀ ਹੋਈ ਹੈ।
ਇਹ ਹਮਨਾਮ ਉਮੀਦਵਾਰ ਚੋਣ ਮੈਦਾਨ ’ਚ ਸਿਆਸੀ ਤਮਾਸ਼ਾ ਦੇਖਣ ਲਈ ਉੱਤਰੇ ਹਨ ਜਾਂ ਫਿਰ ਉਨ੍ਹਾਂ ਨੂੰ ਵਿਰੋਧੀਆਂ ਦਾ ਥਾਪੜਾ ਹੈ ਇਸ ਬਾਰੇ ਸਪਸ਼ਟ ਨਹੀਂ ਹੋ ਸਕਿਆ ਹੈ। ਚੋਣ ਮੈਦਾਨ ’ਚ ਆਪਣੀ ਜਿੱਤ ਪੱਕੀ ਕਰਨ ਦੇ ਮਕਸਦ ਨਾਲ ਸਿਆਸੀ ਧਿਰਾਂ ਇੱਕ ਦੂਸਰੇ ਖ਼ਿਲਾਫ਼ ਆਪਣੇ ਵਿਰੋਧੀ ਦੇ ਨਾਮ ਵਾਲੇ ਆਜ਼ਾਦ ਉਮੀਦਵਾਰ ਮੈਦਾਨ ’ਚ ਉਤਾਰ ਦਿੰਦੀਆਂ ਹਨ ਤਾਂ ਜੋ ਵੋਟਰਾਂ ਵਿੱਚ ਭੰਬਲਭੂਸਾ ਬਣ ਜਾਵੇ। ਇਹ ਪਹਿਲੀ ਵਾਰ ਨਹੀਂ ਹੋਇਆ ਹੈ ਬਲਕਿ ਇਹ ਵਰਤਾਰਾ ਪਿਛੋਕੜ ਵਿੱਚ ਵੀ ਵਰਤਦਾ ਆ ਰਿਹਾ ਹੈ। ਸਾਲ 2014 ’ਚ ਮਨਪ੍ਰੀਤ ਬਾਦਲ ਤਾਂ ਉਦੋਂ ਦੰਗ ਰਹਿ ਗਏ ਸਨ ਜਦੋਂ ਉਨ੍ਹਾਂ ਦੇ ਮੁਕਾਬਲੇ ਵਿੱਚ ਹਲਕਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨਿਤਰਿਆ ਸੀ। ਦਿਲਚਸਪ ਇਹ ਹੈ ਕਿ ਆਜ਼ਾਦ ਉਮੀਦਵਾਰ ਦਾ ਚੋਣ ਨਿਸ਼ਾਨ ਵੀ ‘ਪਤੰਗ’ ਸੀ, ਜੋ ਬਿਨਾਂ ਪ੍ਰਚਾਰ ਤੋਂ 4618 ਵੋਟਾਂ ਲੈ ਗਿਆ ਸੀ।
ਇਸ ਨੂੰ ਦੇਖਦਿਆਂ ਜਾਪਦਾ ਹੈ ਕਿ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਵਿੱਚ ਐਤਕੀਂ ਵੀ ਉਮੀਦਵਾਰਾਂ ਦੀ ‘ਪਛਾਣ ਦਾ ਸੰਕਟ’ ਖੜ੍ਹਾ ਹੋ ਸਕਦਾ ਹੈ। ਬੇਸ਼ੱਕ ਇਹ ਚਾਲ ਕਦੇ ਵੀ ਬਹੁਤੀ ਸਫ਼ਲ ਨਹੀਂ ਹੋਈ ਹੈ ਫਿਰ ਵੀ ਸਿਆਸੀ ਧਿਰਾਂ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਇਹ ਪੈਂਤੜਾ ਵਰਤਦੀਆਂ ਆ ਰਹੀਆਂ ਹਨ। ਦਰਅਸਲ ਏਦਾਂ ਦੀ ਸਿਆਸੀ ਘੁਣਤਰ 2002 ਦੀਆਂ ਚੋਣਾਂ ਮਗਰੋਂ ਸ਼ੁਰੂ ਹੋਈ ਹੈ। ਸਾਲ 2022 ਵਿੱਚ ਚਮਕੌਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਵਿੱਚ ‘ਆਪ’ ਦੇ ਡਾ. ਚਰਨਜੀਤ ਸਿੰਘ ਉਮੀਦਵਾਰ ਸਨ। ਚੰਨੀ ਨੇ 2017 ਵਿੱਚ ਇਸੇ ਚਰਨਜੀਤ ਸਿੰਘ ਨੂੰ ਹਰਾਇਆ ਸੀ।ਸਾਲ 2014 ’ਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜੀ ਤਾਂ ਉਸੇ ਹਲਕੇ ਤੋਂ ਇੱਕ ਹੋਰ ਆਜ਼ਾਦ ਉਮੀਦਵਾਰ ਅਮਰਿੰਦਰ ਸਿੰਘ ਚੋਣ ਮੈਦਾਨ ਵਿੱਚ ਕੁੱਦਿਆ ਸੀ।
ਇਸ ਮਾਮਲੇ ਵਿੱਚ ਹਲਕਾ ਰਾਮਪੁਰਾ ਫੂਲ ਸਭ ਤੋਂ ਮੋਹਰੀ ਰਿਹਾ ਹੈ, ਜਿੱਥੇ ਰਵਾਇਤੀ ਵਿਰੋਧੀ ਸਿਕੰਦਰ ਸਿੰਘ ਮਲੂਕਾ ਤੇ ਗੁਰਪ੍ਰੀਤ ਕਾਂਗੜ ਦਰਮਿਆਨ ਟੱਕਰ ਰਹੀ ਹੈ। ਸਾਲ 2017 ਦੀਆਂ ਚੋਣਾਂ ਵਿੱਚ ਰਾਮਪੁਰਾ ਹਲਕੇ ਤੋਂ ਚੋਣ ਮੈਦਾਨ ਵਿਚ ਇਕੱਲਾ ਗੁਰਪ੍ਰੀਤ ਕਾਂਗੜ ਨਹੀਂ ਸੀ, ਬਲਕਿ ਤਿੰਨ ਹੋਰ ਗੁਰਪ੍ਰੀਤ ਵੀ ਆਜ਼ਾਦ ਉਮੀਦਵਾਰ ਸਨ। ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਇਕੱਲੇ ਨਹੀਂ, ਇੱਕ ਹੋਰ ਸਿਕੰਦਰ ਵੀ ਮੈਦਾਨ ਵਿੱਚ ਸੀ। ਇਵੇਂ ਹੀ 2007 ਚੋਣਾਂ ਵਿੱਚ ਹੋਇਆ ਸੀ, ਉਦੋਂ ਇਸ ਹਲਕੇ ਤੋਂ ਇੱਕੋ ਵੇਲੇ ਤਿੰਨ ਸਿਕੰਦਰ ਅਤੇ ਦੋ ਗੁਰਪ੍ਰੀਤ ਚੋਣ ਲੜ ਰਹੇ ਸਨ। ਸਾਲ 2012 ਵਿੱਚ ਮਜੀਠਾ ਹਲਕੇ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਇੱਕ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਵੀ ਮੈਦਾਨ ਵਿੱਚ ਸੀ। ਵਿਰੋਧੀ ਕਾਂਗਰਸੀ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਦੇ ਬਰਾਬਰ ਇੱਕ ਆਜ਼ਾਦ ਉਮੀਦਵਾਰ ਸੁਖਜਿੰਦਰ ਸਿੰਘ ਨੇ ਵੀ ਚੋਣ ਲੜੀ ਸੀ।
ਸਾਲ 2017 ਚੋਣਾਂ ’ਚ ਜ਼ੀਰਾ ਹਲਕੇ ਸਭ ਤੋਂ ਵੱਧ ਏਦਾਂ ਦਾ ਸੰਕਟ ਬਣਿਆ, ਜਦੋਂ ਇੱਥੋਂ ਇੱਕੋ ਵੇਲੇ ਚਾਰ ਕੁਲਬੀਰ ਸਿੰਘ ਚੋਣ ਲੜ ਰਹੇ ਸਨ। ਇੰਨ੍ਹਾਂ ਵਿੱਚੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਤੋਂ ਬਿਨਾਂ ਬਾਕੀ ਤਿੰਨੋਂ ਕੁਲਬੀਰ ਆਜ਼ਾਦ ਉਮੀਦਵਾਰ ਸਨ। ਇੱਥੋਂ ਹੀ ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਦੇ ਸਾਹਮਣੇ ਤਿੰਨ ਹੋਰ ਗੁਰਪ੍ਰੀਤ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ। ਇਸੇ ਤਰ੍ਹਾਂ 2007 ਦੀਆਂ ਚੋਣਾਂ ਵਿੱਚ ਹਲਕਾ ਸਮਰਾਲਾ ਤੋਂ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਨਾਲ ਚੋਣ ਮੈਦਾਨ ਵਿੱਚ ਦੋ ਹੋਰ ਅਮਰੀਕ ਸਿੰਘ ਆਜ਼ਾਦ ਉਮੀਦਵਾਰ ਸਨ। ਇਨ੍ਹਾਂ ਚੋਣਾਂ ਵਿੱਚ ਹੀ ਹਲਕਾ ਧਾਰੀਵਾਲ ਤੋਂ ਸੁੱਚਾ ਸਿੰਘ ਨਾਮ ਦੇ ਤਿੰਨ ਉਮੀਦਵਾਰ ਆਹਮੋ-ਸਾਹਮਣੇ ਸਨ। ਇੱਕ ਸੁੱਚਾ ਸਿੰਘ ਲੰਗਾਹ, ਦੂਜਾ ਸੁੱਚਾ ਸਿੰਘ ਛੋਟੇਪੁਰ ਤੇ ਤੀਜਾ ਆਜ਼ਾਦ ਉਮੀਦਵਾਰ ਸੁੱਚਾ ਸਿੰਘ ਸੀ। ਅਬੋਹਰ ਹਲਕੇ ਵਿੱਚ ਸੁਨੀਲ ਜਾਖੜ ਦੇ ਨਾਲ ਆਜ਼ਾਦ ਉਮੀਦਵਾਰ ਸੁਨੀਲ ਕੁਮਾਰ ਵੀ ਡਟਿਆ ਸੀ।
ਸਾਲ 2017 ਵਿੱਚ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਮੁਕਾਬਲੇ ’ਚ ਇੱਕ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ‘ਅਕਾਲੀ’ ਡਟ ਗਿਆ ਸੀ। ਸਾਲ 1997 ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ ਦੇ ਨਾਲ ਇੱਕ ਹੋਰ ਹਰਜਿੰਦਰ ਸਿੰਘ ਚੋਣ ਮੈਦਾਨ ਵਿੱਚ ਸੀ। ਸਾਲ 2017 ਵਿੱਚ ਬਟਾਲਾ ਹਲਕੇ ਤੋਂ ਤਿੰਨ ਅਸ਼ਵਨੀ ਅਤੇ 2012 ਦੀਆਂ ਚੋਣਾਂ ਵਿੱਚ ਫ਼ਰੀਦਕੋਟ ਹਲਕੇ ਤੋਂ ਤਿੰਨ ਅਵਤਾਰ ਚੋਣ ਲੜੇ ਸਨ। ਮਹੱਤਵਪੂਰਨ ਇਹ ਵੀ ਹੈ ਕਿ ਵੋਟਰਾਂ ਨੇ ਸਿਆਸੀ ਧਿਰਾਂ ਦੀ ਉਮੀਦਵਾਰਾਂ ਦੇ ਨਾਮ ਨਾਲ ਭੁਲੇਖਾ ਪਾਉਣ ਦੀ ਚਾਲ ਕਦੇ ਸਫਲ ਨਹੀਂ ਹੋਣ ਦਿੱਤੀ ਫਿਰ ਵੀ ਨੇਤਾ ਬਾਜ ਨਹੀਂ ਆ ਰਹੇ ਹਨ। ਵੱਡੀ ਗੱਲ ਹੈ ਕਿ ਜਿਹੜੇ ਵੀ ਮੁੱਖ ਉਮੀਦਵਾਰ ਦੇ ਹਮਨਾਮ ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ, ਉਨ੍ਹਾਂ ਚੋਂ ਕਿਸੇ ਨੂੰ ਕਦੇ ਵੀ ਫੈਸਲਾਕੁੰਨ ਵੋਟਾਂ ਨਹੀਂ ਪੈ ਸਕੀਆਂ।