75 ਸਾਲ ਦੇ ਗੁਰਸਿੱਖ ਬਜ਼ੁਰਗ ਨੇ ਮੁਕਾਬਲਾ ਕਰ ਭਜਾਏ ਪਿਸਤੌਲ ਲੈ ਕੇ ਲੁੱਟਣ ਆਏ ਦੋ ਲੁਟੇਰੇ
ਖੂਨੋ ਖੂਨ ਹੋਣ ਦੇ ਬਾਵਜੂਦ ਨਹੀਂ ਛੱਡਿਆ ਜੱਫਾ, ਕਹਿੰਦਾ ਬਾਬਰ ਤੋਂ ਘੱਟ ਜਾਲਮ ਨਹੀਂ ਹੁੰਦੇ ਲੁਟੇਰੇ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੀ ਰਾਤ ਸਦਰ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡ ਗੁਣੀਆਂ ਵਿੱਚ ਪਿਸਤੋਲ ਲੈ ਕੇ ਇੱਕ ਬਜ਼ੁਰਗ ਗੁਰਸਿੱਖ ਜੋੜੇ ਦੇ ਘਰ ਦਾਖਲ ਹੋਏ ਲੁਟੇਰਿਆਂ ਨੂੰ ਗੁਰਸਿੱਖ ਬਜ਼ੁਰਗ ਬਲਦੇਵ ਸਿੰਘ ਨੇ ਮੁਕਾਬਲਾ ਕਰਕੇ ਭੱਜਣ ਲਈ ਮਜਬੂਰ ਕਰ ਦਿੱਤਾ । ਲੁਟੇਰਿਆਂ ਦੇ ਹਮਲੇ ਦੌਰਾਨ ਖੂਨੋ ਖੂਨ ਹੋਣ ਦੇ ਬਾਵਜੂਦ ਬਜੁਰਗ ਨੇ ਇੱਕ ਲੁਟੇਰੇ ਨੂੰ ਪਾਇਆ ਜੱਫਾ ਨਹੀਂ ਛੱਡਿਆ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਵਿੱਚ ਲੁਟੇਰੇ ਪਿਸਤੋਲ ਦੀ ਗੋਲੀਆਂ ਨਾਲ ਭਰੀ ਮੈਗਜ਼ੀਨ ਉਥੇ ਡਿੱਗ ਗਈ । ਲੁਟੇਰਿਆਂ ਨੇ ਇਨੀ ਵਹਿਸ਼ਤ ਦਿਖਾਈ ਕਿ ਬਜੁਰਗ ਬਲਦੇਵ ਸਿੰਘ ਦੇ ਨਾਲ ਉਸਦੀ ਬਜ਼ੁਰਗ ਪਤਨੀ ਕਸ਼ਮੀਰ ਕੌਰ ਨਾਲ ਵੀ ਬੁਰੀ ਤਰ੍ਹਾਂ ਨਾਲ ਮਾਰਕਟਾਈ ਕੀਤੀ ਪਰ ਬਜ਼ੁਰਗ ਬਲਦੇਵ ਸਿੰਘ ਦੀ ਹਿੰਮਤ ਕਾਰਨ ਉਹ ਘਰ ਵਿੱਚ ਲੁੱਟ ਕੀਤੇ ਬਿਨਾਂ ਹੀ ਪਿਸਤੌਲ ਦਾ ਮੈਗਜ਼ੀਨ ਉਥੇ ਛੱਡ ਕੇ ਦੌੜ ਗਏ। ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵਿੱਚ ਤਿੰਨ ਲੁਟੇਰੇ ਕੈਦ ਹੋਏ ਹਨ। ਜਿਨਾਂ ਵਿੱਚੋਂ ਇੱਕ ਮੋਟਰਸਾਈਕਲ ਚਲਾ ਰਿਹਾ ਲੁਟੇਰਾ ਘਰਦੇ ਬਾਹਰ ਹੀ ਖੜਾ ਰਿਹਾ ਜਦਕਿ ਦੋ ਘਰ ਦੇ ਅੰਦਰ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ।
ਜਾਣਕਾਰੀ ਦਿੰਦਿਆਂ ਬਜ਼ੁਰਗ ਬਲਦੇਵ ਸਿੰਘ ਉਸਦੀ ਪਤਨੀ ਕਸ਼ਮੀਰ ਕੌਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਲੁਟੇਰੇ ਘਰ ਦੇ ਅੰਦਰ ਰਾਤ ਕਰੀਬ ਪੌਣੇ 10 ਵਜੇ ਦਾਖਲ ਹੋਏ ਅਤੇ ਪਿਸਤੋਲ ਦੀ ਨੌਕ ਤੇ ਬਜ਼ੁਰਗ ਗੁਰਸਿੱਖ ਬਲਦੇਵ ਸਿੰਘ ਉਸਦੀ ਪਤਨੀ ਕਸ਼ਮੀਰ ਕੌਰ ਦਾ ਮੂੰਹ ਬੰਨਣ ਦੀ ਕੋਸ਼ਿਸ਼ ਕੀਤੀ ਪਰ ਬਲਦੇਵ ਸਿੰਘ ਨੇ ਹਿੰਮਤ ਕਰਕੇ ਉਹਨਾਂ ਦਾ ਮੁਕਾਬਲਾ ਕੀਤਾ ਤੇ ਇੱਕ ਲੁਟੇਰੇ ਨੂੰ ਜੱਫਾ ਪਾ ਲਿਆ। ਇਸ ਦੌਰਾਨ ਇਹ ਲੁਟੇਰਾ ਪਿਸਤੌਲ ਦੇ ਬੱਟ ਵੀ ਬਜ਼ੁਰਗ ਦੇ ਸਿਰ ਤੇ ਅਤੇ ਬਾਵਾਂ ਤੇ ਮਾਰਦਾ ਰਿਹਾ ਜਿਸ ਕਾਰਨ ਬਜ਼ੁਰਗ ਬਲਦੇਵ ਸਿੰਘ ਦੇ ਸਿਰ ਤੇ ਬਾਵਾਂ ਤੋਂ ਖੂਨ ਵੀ ਵਗਣਾ ਸ਼ੁਰੂ ਹੋ ਗਿਆ ਪਰ ਉਸਨੇ ਲੁਟੇਰੇ ਨੂੰ ਨਹੀਂ ਛੱਡਿਆ ਤਾਂ ਦੂਜੇ ਲੁਟੇਰੇ ਨੇ ਗੋਲੀ ਮਾਰਨ ਲਈ ਕਿਹਾ ਪਰ ਗੋਲੀ ਮਾਰਨ ਦੀ ਕੋਸ਼ਿਸ਼ ਵਿੱਚ ਪਿਸਤੌਲ ਦਾ ਮੈਗਜ਼ੀਨ ਜਮੀਨ ਤੇ ਡਿੱਗ ਗਿਆ। ਆਖਿਰਕਾਰ ਲੁਟੇਰੇ ਬਿਨਾਂ ਲੁੱਟ ਕੀਤੇ ਗੋਲੀਆਂ ਨਾਲ ਭਰਿਆ ਮੈਗਜ਼ੀਨ ਉਥੇ ਛੱਡ ਕੇ ਹੀ ਦੋੜਨ ਲਈ ਮਜਬੂਰ ਹੋ ਗਏ।
ਉਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ ਬਜ਼ੁਰਗ ਬਲਦੇਵ ਸਿੰਘ ਬਹੁਤ ਦੇਰ ਤੱਕ ਗੁਰਦੁਆਰੇ ਵਿੱਚ ਸੇਵਾ ਕਰਦਾ ਰਿਹਾ ਹੈ ਅਤੇ ਹੁਣ ਅੱਖੋਂ ਲੱਭਣਾ ਘੱਟ ਹੋਣ ਕਾਰਨ ਉਹ ਆਪਣੀ ਪਤਨੀ ਨਾਲ ਘਰ ਵਿੱਚ ਹੀ ਰਹਿੰਦਾ ਹੈ ਅਤੇ ਇਹਨਾਂ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ। ਲੁਟੇਰਿਆਂ ਵੱਲੋਂ ਬਜ਼ੁਰਗ ਜੋੜੇ ਦੀ ਬੇਦਰਦੀ ਨਾਲ ਮਾਰਕੁਟਾਈ ਕੀਤੀ ਗਈ ਹੈ।ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੈਗਜ਼ੀਨ ਵੀ ਕਬਜ਼ੇ ਵਿੱਚ ਲੈ ਲਿਆ ਹੈ। ਗੁਰਦੁਆਰਾ ਸਾਹਿਬ ਵਿੱਚ ਲੱਗੇ ਕੈਮਰਿਆਂ ਵਿੱਚ ਲੁਟੇਰਿਆਂ ਦੀ ਸਾਫ ਸਾਫ ਪਹਿਚਾਨ ਵੀ ਹੋ ਰਹੀ ਹੈ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਲੁਟੇਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਦੁਬਾਰਾ ਅਜਿਹੀ ਵਹਿਸ਼ਿਆਨਾ ਹਰਕਤ ਨੂੰ ਅੰਜਾਮ ਨਾ ਦੇ ਸਕਣ।