ਪੀ.ਏ.ਯੂ ਦੀ ਸਿਫਾਰ਼ਸ਼ ਅਨੁਸਾਰ ਡੀ.ਏ.ਪੀ. ਦੇ ਬਦਲ ਵਜੋਂ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਦੀ ਕੀਤੀ ਜਾ ਸਕਦੀ ਵਰਤੋਂ : ਮੁੱਖ ਖੇਤੀਬਾੜੀ ਅਫਸਰ
ਰੋਹਿਤ ਗੁਪਤਾ
ਗੁਰਦਾਸਪੁਰ,1 ਨਵੰਬਰ 2024 : ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਦੀ ਸਿਫਾਰਿਸ਼ ਅਨੁਸਾਰ ਆਉਂਦੀ ਕਣਕ ਦੀ ਫਸਲ ਲਈ ਡੀ.ਏ.ਪੀ. ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਿਆ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਡੀਏਪੀ ਸਭ ਤੋਂ ਵੱਧ ਫਾਸਫੋਰਸ ਤੱਤ ਵਾਲੀ ਖਾਦ ਹੈ ਜੋ ਝੋਨੇ-ਕਣਕ ਫਸਲੀ ਚੱਕਰ ਵਿੱਚ ਵਰਤੀ ਜਾਂਦੀ ਹੈ। ਕਣਕ ਦੀ ਫਸਲ ਲਈ ਕਿਸਾਨ ਦੂਜੀਆਂ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨਾਲੋਂ ਡੀਏਪੀ ਨੂੰ ਤਰਜੀਹ ਦਿੰਦੇ ਹਨ। ਇਸਦਾ ਕਾਰਨ ਹੈ ਕਿ ਇਹ ਖਾਦ ਉੱਚ ਫਾਸਫੋਰਸ (46%) ਮਾਤਰਾ ਵਾਲੀ ਹੈ ਅਤੇ ਬਿਜਾਈ ਸਮੇਂ ਕਣਕ ਦੀ ਨਾਈਟ੍ਰੋਜਨ ਦੀ ਜ਼ਰੂਰਤ ਨੂੰ ਵੀ ਪੂਰਾ ਕਰਦੀ ਹੈ। ਮੌਜੂਦਾ ਸਮੇਂ ਡੀਏਪੀ ਖਾਦ ਦੇ ਕਈ ਬਦਲ ਹਨ ਜਿਨ੍ਹਾਂ ਨੂੰ ਫਾਸਫੋਰਸ ਤੱਤ ਦੇ ਬਦਲਵੇਂ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਡੀ.ਏ.ਪੀ ਵਿਚ 46 ਫੀਸਦੀ ਫਾਸਫੋਰਸ ਅਤੇ 18 ਫੀਸਦੀ ਨਾਈਟ੍ਰੋਜਨ ਹੁੰਦੀ ਹੈ। ਇਕ ਹੋਰ ਖਾਦ ਐੱਨ ਪੀ ਕੇ (12:32:16) ਵਿਚ 32 ਫੀਸਦੀ ਫਾਸਫੋਰਸ ਅਤੇ 12 ਫੀਸਦ ਨਾਈਟ੍ਰੋਜਨ ਤੋਂ ਬਿਨਾਂ 16 ਫੀਸਦ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਕ ਬੋਰਾ ਡੀ ਏ ਪੀ ਪਿੱਛੇ ਡੇਢ ਬੋਰਾ ਐੱਨ ਪੀ ਕੇ (12:32:16) ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡੀ.ਏ.ਪੀ. ਦੇ ਤੀਸਰੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿੰਗਲ ਸੁਪਰਫਾਸਫੇਟ ਵਿਚ 16 ਫੀਸਦੀ ਫਾਸਫੋਰਸ ਤੱਤ ਮਿਲਦਾ ਹੈ ਅਤੇ ਇਸਦੇ ਤਿੰਨ ਬੋਰਿਆਂ ਨਾਲ ਫਾਸਫੋਰਸ ਤੱਤ ਦੀ ਪੂਰਤੀ ਤੋਂ ਬਿਨਾਂ 18 ਕਿੱਲੋ ਗੰਧਕ ਵੀ ਕਣਕ ਦੀ ਫਸਲ ਨੂੰ ਮਿਲ ਸਕਦੀ ਹੈ।
ਉਨਾਂ ਕਿਹਾ ਕਿ ਟ੍ਰਿਪਲ ਸੁਪਰ ਫਾਸਫੇਟ ਨੂੰ ਬਜ਼ਾਰ ਵਿਚ ਨਵੀਂ ਖਾਦ ਵਜੋਂ ਵਰਤਿਆ ਜਾ ਸਕਦਾ ਹੈ ਇਸ ਵਿਚ ਡੀ ਏ ਪੀ ਦੇ ਬਰਾਬਰ 46 ਫੀਸਦੀ ਫਾਸਫੋਰਸ ਤੱਤ ਦੀ ਮਾਤਰਾ ਮਿਲਦੀ ਹੈ। ਇਹ ਨਵੀਂ ਉੱਚ ਫਾਸਫੋਰਸ ਖਾਦ ਹੈ ਅਤੇ ਕਿਸਾਨ ਪਹਿਲੀ ਵਾਰ ਇਸ ਦੀ ਵਰਤੋਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਐੱਨ ਪੀ ਕੇ (12:32:16) ਡੀ ਏ ਪੀ ਦਾ ਸਭ ਤੋਂ ਵਧੀਆ ਬਦਲ ਹੋ ਸਕਦਾ ਹੈ ਕਿਉਂਕਿ ਇਸਦਾ ਡੇਢ ਬੋਰਾ ਲਗਭਗ ਉਹੀ ਫਾਸਫੋਰਸ ਅਤੇ ਨਾਈਟ੍ਰੋਜਨ ਸਮੱਗਰੀ ਦੀ ਸਪਲਾਈ ਕਰਦਾ ਹੈ ਜੋ ਡੀ ਏ ਪੀ ਦੇ ਬਰਾਬਰ ਹੈ ਅਤੇ ਇਸ ਤੋਂ ਇਲਾਵਾ ਇਹ 23 ਕਿਲੋਗ੍ਰਾਮ ਪੋਟਾਸ਼ ਵੀ ਦਿੰਦਾ ਹੈ। ਹੋਰ ਬਦਲਾਂ ਵਿਚ ਐੱਨ ਪੀ ਕੇ (10:26:26) ਜਾਂ ਹੋਰ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।