ਮੁੱਖ ਮੰਤਰੀ ਦੀ ਯੋਗਸ਼ਾਲਾ, ਫੇਜ਼-11 ਚ, ਚਲ ਰਹੀਆਂ ਕਲਾਸਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਰੋਜ਼ਾਨਾ ਸੈਸ਼ਨਾਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਯੋਗਾ ਟ੍ਰੇਨਰ ਅਲੀਸ਼ਾ ਕੁੰਡਲ ਵੱਲੋਂ ਰੋਜ਼ਾਨਾ ਲਗਾਈਆਂ ਜਾ ਰਹੀਆਂ 5 ਯੋਗਾ ਕਲਾਸਾਂ
ਐਸ.ਏ.ਐਸ.ਨਗਰ, 1 ਨਵੰਬਰ, 2024: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸੀ ਐਮ ਦੀ ਯੋਗਸ਼ਾਲਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਯੋਗਾ ਟ੍ਰੇਨਰ ਅਲੀਸ਼ਾ ਕੁੰਡਲ ਨੇ ਦੱਸਿਆ ਕਿ ਰੋਜ਼ਾਨਾ ਸੈਸ਼ਨ (ਯੋਗਾ ਕਲਾਸ) ਦੇ ਅੰਕੜੇ 60 ਨੂੰ ਪਾਰ ਕਰ ਗਏ ਹਨ ਅਤੇ ਉਨ੍ਹਾਂ ਵੱਲੋਂ ਰੋਜ਼ਾਨਾ ਪੰਜ ਯੋਗਾ ਸੈਸ਼ਨ ਲਗਾਏ ਜਾਂਦੇ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ ਯੋਗਾ ਟ੍ਰੇਨਰ ਅਲੀਸ਼ਾ ਕੁੰਡਲ ਨੇ ਦੱਸਿਆ ਕਿ ਉਹ ਆਪਣੀ ਪਹਿਲੀ ਕਲਾਸ ਫੇਜ਼-11(ਸੈਕਟਰ 65 ਪਾਰਕ) ਵਿਖੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਸ਼ੁਰੂ ਕਰਦੀ ਹੈ। ਦੂਜੀ ਕਲਾਸ ਫੇਜ਼-11 ਦੇ ਕਮਾਂਡੋ ਕੰਪਲੈਕਸ ਵਿੱਚ ਸਵੇਰੇ 7.05 ਵਜੇ ਤੋਂ 8.05 ਵਜੇ ਤੱਕ ਹੁੰਦੀ ਹੈ। ਤੀਸਰੀ ਕਲਾਸ ਸਪੋਰਟਸ ਕੰਪਲੈਕਸ ਫੇਜ਼-11 ਵਿਖੇ ਸ਼ਾਮ 4 ਵਜੇ ਤੋਂ 5 ਵਜੇ ਤੱਕ ਲਗਾਈ ਜਾਂਦੀ ਹੈ। ਚੌਥੀ ਕਲਾਸ ਲਕਸ਼ਮੀ ਨਰਾਇਣ ਮੰਦਿਰ ਫੇਜ਼-11 ਵਿਖੇ ਸ਼ਾਮ 5.05 ਤੋਂ 6.05 ਵਜੇ ਤੱਕ ਅਤੇ ਪੰਜਵੀਂ ਕਲਾਸ ਸੈਕਟਰ-66, ਅੰਬਿਕਾ ਲਾਅ ਟਰੇਸ਼ੀਅਨ, ਮੋਹਾਲੀ ਵਿਖੇ ਸ਼ਾਮ 8.20 ਤੋਂ ਤੋਂ 9.20 ਵਜੇ ਤੱਕ ਲਾਈ ਜਾਂਦੀ ਹੈ, ਜਿੰਨ੍ਹਾਂ ਦਾ ਲੋਕ ਭਰਪੂਰ ਲਾਹਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦੀ ਭਾਗੀਦਾਰੀ ਹੁੰਦੀ ਹੈ ਅਤੇ ਯੋਗ ਸੈਸ਼ਨਾਂ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਮਾਰਗਦਰਸ਼ਨ ਕਰਨ ਲਈ ਕੋਚ ਮੌਜੂਦ ਹਨ, ਜਿਨ੍ਹਾਂ ਨੂੰ ਰੋਜ਼ਾਨਾ ਪ੍ਰਤੀ ਕੋਚ ਪੰਜ ਸੈਸ਼ਨ (ਯੋਗਾ ਕਲਾਸ) ਲਾਉਣ ਦਾ ਟੀਚਾ ਦਿੱਤਾ ਹੋਇਆ ਹੈ। ਯੋਗਾ ਟ੍ਰੇਨਰ ਅਲੀਸ਼ਾ ਕੁੰਡਲ ਨੇ ਇਹ ਵੀ ਕਿਹਾ ਉਨ੍ਹਾਂ ਦੀਆਂ ਯੋਗਾ ਕਲਾਸਾਂ ਵਿੱਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ ਕਿਉਂਕਿ ਬਜ਼ੁਰਗ ਘਰ ਵਿੱਚ ਬੈਠੇ ਇੱਕਲੇਪਣ ਤੋਂ ਛੁਟਕਾਰਾ ਪਾਉਣ ਲਈ ਯੋਗਾ ਕਲਾਸਾਂ ਵਿੱਚ ਆ ਕੇ ਵਧੀਆਂ ਮਹਿਸੂਸ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੱਚਿਆਂ ਨੂੰ ਸਕੂਲ ਵਿੱਚ ਖੇਡਾਂ ਅਤੇ ਯੋਗ ਆਸਣਾਂ ਰਾਹੀ ਸਿਹਤਮੰਦ ਜੀਵਨ ਸਬੰਧੀ ਸਿੱਖਿਆ ਦਿੱਤੀ ਜਾਂਦੀ ਹੈ, ਜਿਸ ਨਾਲ ਬੱਚਿਆਂ ਦਾ ਯੋਗਾ ਪ੍ਰਤੀ ਰੁਝਾਨ ਵੱਧ ਰਿਹਾ ਹੈ। ਯੋਗ ਸੈਸ਼ਨਾਂ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਹੁੰਦਾ ਹੈ, ਇਸ ਲਈ ਇਹ ਭਾਗੀਦਾਰਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਸਹੂਲਤ ਅਨੁਸਾਰ ਸੈਸ਼ਨ ਵਿਚ ਸ਼ਾਮਲ ਹੋਣ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਅਤੇ ਬੱਚਿਆਂ ਤੋਂ ਇਲਾਵਾ ਔਰਤਾਂ ਵੀ ਯੋਗ ਆਸਣ ਕਰ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਨਿਯਮਿਤ ਤੌਰ 'ਤੇ ਸੈਸ਼ਨਾਂ ਵਿੱਚ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ ਯੋਗਾ ਰਾਹੀਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਹੈ। ਯੋਗਾ ਰਾਹੀਂ ਰਚਨਾ ਜੋ ਕਿ ਸਪੋਰਟਸ ਕੰਪਲੈਕਸ ਮੋਹਾਲੀ, ਫੇਜ਼-11 ਵਿਖੇ ਲਗਾਤਾਰ ਯੋਗਾ ਕਰ ਰਹੀ ਹੈ, ਨੇ ਆਪਣਾ ਭਾਰ ਘਟਾਇਆ ਹੈ। ਇਸ ਤੋਂ ਇਲਾਵਾ ਇੰਦੂ ਨੂੰ ਪਿੱਠ ਦਰਦ ਅਤੇ ਸੁਜਾਤਾ ਨੁੰ ਸਰਵਾਈਕਲ ਤੋਂ ਰਾਹਤ ਮਿਲੀ ਹੈ। ਉਨ੍ਹਾਂ ਨੇ ਅੱਗੇ ਕਿਹਾ, "ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋਣ ਲਈ ਕੋਈ ਬੰਧਨ ਜਾਂ ਕੋਈ ਫੀਸ ਨਹੀਂ ਹੈ, ਸੈਸ਼ਨ ਪੂਰੀ ਤਰ੍ਹਾਂ ਲੋਕਾਂ ਨੂੰ ਕੁਝ ਸਮੇਂ ਦਾ ਧਿਆਨ ਲਾ ਕੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨ ਦੇ ਸੰਕਲਪ 'ਤੇ ਅਧਾਰਤ ਹਨ।" ਉਨ੍ਹਾਂ ਕਿਹਾ ਕਿ ਕਿਉਂਕਿ ਜ਼ਿਆਦਾਤਰ ਭਾਗੀਦਾਰ ਔਰਤਾਂ ਅਤੇ ਬਜ਼ੁਰਗ ਵਰਗ ਨਾਲ ਸਬੰਧਤ ਹਨ, ਇਸ ਲਈ ਕਲਾਸਾਂ ਵਿਚਾਲੇ ਛੱਡਣ ਦੀ ਦਰ ਵੀ ਬਹੁਤ ਘੱਟ ਹੈ। ਲੋਕ ਇਹਨਾਂ ਸੈਸ਼ਨਾਂ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਹੈਲਪਲਾਈਨ ਨੰਬਰ 76694-00500 'ਤੇ ਸੰਪਰਕ ਕਰ ਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ 'ਤੇ ਕਾਲ/ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ।