ਲੁੱਟੇ ਦੋ ਮੋਬਾਇਲ, ਪਰਸ ਅਤੇ ਹੋਰ ਸਮਾਨ ਸਮੇਤ 2 ਦੋਸ਼ੀ ਕਾਬੂ
ਰਾਜਿੰਦਰ ਕੁਮਾਰ
ਨਵਾਂਸ਼ਹਿਰ 1 ਨਵੰਬਰ 2024 : ਥਾਣਾ ਬਹਿਰਾਮ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਬੰਗਾ ਫਗਵਾੜਾ ਨੈਸ਼ਨਲ ਹਾਈਵੇਅ 'ਤੇ ਬੀਤੇ ਦਿਨੀ ਬੀਮਾ ਕੰਪਨੀ ਦੇ ਮੈਨੇਜਰ ਨੂੰ ਘੇਰ ਕੇ ਲੁੱਟਣ ਵਾਲੇ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ ਪਾਸੋਂ ਲੁੱਟੇ ਦੋ ਮੋਬਾਇਲ, ਪਰਸ ਅਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਬਹਿਰਾਮ ਦੇ ਐੱਸ. ਐੱਚ. ਓ. ਚੌਧਰੀ ਨੰਦ ਲਾਲ ਨੇ ਦੱਸਿਆ ਕਿ ਬੀਤੀ 28 ਅਕਤੂਬਰ ਨੂੰ ਦੇਰ ਸ਼ਾਮ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਵੱਲੋਂ ਫਗਵਾੜਾ ਸਾਈਡ ਤੋਂ ਆ ਰਹੇ ਇਕ ਬੀਮਾ ਕੰਪਨੀ ਦੇ ਮੈਨੇਜਰ ਨੂੰ ਬੰਗਾ ਫਗਵਾੜਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਬੀਸਲਾ ਗੇਟ ਤੋਂ ਥੋੜਾ ਪਿੱਛੇ ਘੇਰ ਕੇ ਉਸ ਤੋਂ ਦੋ ਕੀਮਤੀ ਫੋਨ, ਪਰਸ ਜਿਸ ਵਿਚ 3500 ਦੀ ਨਗਦੀ, ਆਧਾਰ ਕਾਰਡ, ਬੀਮਾ ਕੰਪਨੀ ਦਾ ਆਈ ਕਾਰਡ ਅਤੇ ਕੁਝ ਹੋਰ ਕਾਗਜ਼ਾਤ ਸਨ ਨੂੰ ਲੁੱਟ ਕੇ ਬੰਗਾ ਵੱਲ ਨੂੰ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਮੈਨੇਜਰ ਮਨਜੀਤ ਸਿੰਘ ਨਿਵਾਸੀ ਮਜਾਰੀ ਵੱਲੋਂ ਦਿੱਤੀ ਸੂਚਨਾ ਅਤੇ ਦਰਜ ਕਰਵਾਈ ਸ਼ਿਕਾਇਤ ਤਹਿਤ ਉਕਤ ਲੁਟੇਰਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਸੀ। ਹੁਣ ਦੋਸ਼ੀਆਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਪਹਿਚਾਣ ਹਰਸੁੱਖਦੀਪ ਸਿੰਘ ਅਤੇ ਰੋਹਿਤ ਦੋਵੇਂ ਵਾਸੀ ਜਲੰਧਰ ਵੱਜੋਂ ਹੋਈ ਹੈ। ਜਿਨ੍ਹਾਂ ਨੂੰ ਅੱਜ ਡਾਕਟਰੀ ਜਾਂਚ ਉਪੰਰਤ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਤਫਤੀਸ਼ ਦੌਰਾਨ ਉਕਤ ਦੋਸ਼ੀਆਂ ਪਾਸੋਂ ਹੋਰ ਲੁੱਟਾ ਖੋਹਾਂ ਦੇ ਖੁਲਾਸੇ ਹੋਣ ਦੀ ਉਮੀਦ ਹੈ।