ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਕੂੜੇ ਦੇ ਡੰਪ ਨੂੰ ਮੁੜ ਲੱਗੀ ਅੱਗ
ਦੀਪਕ ਜੈਨ
ਜਗਰਾਉਂ , ਪਿਛਲੇ ਕਈ ਦਿਨਾਂ ਤੋਂ ਹੱਲ ਨਾ ਹੋ ਸਕੀ ਕੂੜੇ ਦੀ ਸਮੱਸਿਆ ਮੌਜੂਦਾ ਨਗਰ ਕੌਂਸਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਅਹੁਦੇਦਾਰਾਂ ਕੋਲੋਂ ਹੱਲ ਹੀ ਨਹੀਂ ਹੋ ਰਹੀ ਸਗੋਂ ਇਹ ਸੁਰਸਾ ਦੇ ਮੂੰਹ ਵਾਂਗੂੰ ਵਧਦੀ ਜਾ ਰਹੀ ਹੈ। ਪ੍ਰਸ਼ਾਸਨਿਕ ਅਮਲਾ ਅਤੇ ਕੌਂਸਲ ਦੇ ਪ੍ਰਧਾਨ ਇਸ ਸਮੱਸਿਆ ਲਈ ਭਾਵੇਂ ਕੂੜੇ ਨੂੰ ਜਲਦੀ ਚੱਕ ਲਿੱਤੇ ਜਾਣ ਦੇ ਦਾਅਵੇ ਤਾਂ ਕਰ ਰਹੇ ਹਨ ਪਰ ਇਸ ਕੂੜੇ ਨੂੰ ਅੱਜ ਅੱਗ ਲਗਾਏ ਜਾਣ ਕਾਰਨ ਉਹਨਾਂ ਦੇ ਇਹ ਦਾਅਵੇ ਵੀ ਖੋਖਲੇ ਸਾਬਤ ਹੋ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਸਥਾਨਕ ਡਿਸਪੋਜਲ ਰੋਡ ਉੱਤੇ ਡਿਸਪੋਜਲ ਵਾਲੀ ਮੋਟਰ ਦੇ ਟੀ ਪੁਆਇੰਟ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪ੍ਰਧਾਨ ਦੀ ਲਾਪਰਵਾਹੀ ਕਾਰਨ ਸਫਾਈ ਕਰਮਚਾਰੀਆਂ ਵੱਲੋਂ ਕਚਰੇ ਦੀਆਂ ਟਰਾਲੀਆਂ ਭਰ ਭਰ ਕੇ ਸੁੱਟੀਆਂ ਗਈਆਂ ਅਤੇ ਇਹ ਕਚਰਾ ਦੋ ਮੰਜ਼ਿਲਾਂ ਮਕਾਨ ਜਿੰਨਾ ਉੱਚਾ ਪਹਾੜ ਬਣ ਕੇ ਨਜ਼ਰ ਆਉਣ ਲੱਗ ਗਿਆ। ਜਿਸ ਨੂੰ ਪਿਛਲੇ ਦਿਨੀ ਵੀ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਸੀ ਅਤੇ ਇਹ ਖੂਬ ਚਰਚਾ ਵਿੱਚ ਆਇਆ ਸੀ।
ਇਸ ਕੂੜੇ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਦੇ ਕੁਝ ਕੌਂਸਲਰਾਂ ਵੱਲੋਂ ਕੂੜਾ ਟਰਾਲੀ ਵਿੱਚ ਭਰ ਕੇ ਨਗਰ ਕੌਂਸਲ ਦਫਤਰ ਵੀ ਖਿਲਾਰਿਆ ਗਿਆ ਸੀ ਤਾਂ ਕਿ ਜਿੰਮੇਵਾਰਾਂ ਦੇ ਕੰਨਾਂ ਉੱਪਰ ਕੋਈ ਜੂੰ ਸਰਕੇ। ਪਰ ਦੇਖਣ ਨੂੰ ਆਇਆ ਕਿ ਸਿਆਣਿਆਂ ਦਾ ਕਿਹਾ ਸਿਰ ਮੱਥੇ ਅਤੇ ਪਰਨਾਲਾ ਉੱਥੇ ਦਾ ਉੱਥੇ ਵਾਲੀ ਕਹਾਵਤ ਸਹੀ ਹੋਈ। ਕਿਉਂਕਿ ਅੱਜ ਦਿਵਾਲੀ ਵਾਲੇ ਦਿਨ ਵੀ ਇਸ ਕਚਰੇ ਦੇ ਢੇਰ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਇਸ ਕਚਰੇ ਦੇ ਢੇਰ ਵਿੱਚੋਂ ਭਾਂਬੜ ਉੱਠਣ ਲੱਗ ਪਏ। ਜਿਸ ਕਾਰਨ ਇਲਾਕੇ ਵਿੱਚ ਜਹਰੀਲਾ ਧੂਆਂ ਹੀ ਧੂਆਂ ਫੈਲ ਗਿਆ। ਦਿਵਾਲੀ ਵਾਲੇ ਦਿਨ ਜਿੱਥੇ ਲੋਕ ਆਪਣੇ ਘਰਾਂ ਵਿੱਚ ਤਿਉਹਾਰ ਮਨਾਉਣ ਦੀਆਂ ਖੁਸ਼ੀਆਂ ਮਨਾ ਰਹੇ ਸਨ। ਉਥੇ ਪਟਾਕਿਆਂ ਦੇ ਧੂਏ ਵਿੱਚ ਕਚਰੇ ਦਾ ਧੂਆਂ ਮਿਲਣ ਨਾਲ ਵਾਤਾਵਰਨ ਇੰਨਾ ਗੰਧਲਾ ਹੋ ਗਿਆ ਕਿ ਉਥੋਂ ਲੰਘਦੇ ਲੋਕਾਂ ਨੂੰ ਅਤੇ ਨੇੜਲੇ ਇਲਾਕੇ ਅੰਦਰ ਰਹਿਣ ਵਾਲੇ ਨਾਗਰਿਕਾਂ ਨੂੰ ਸਾਹ ਲੈਣ ਦੀ ਵੀ ਬਹੁਤ ਔਖ ਹੋਈ। ਕੂੜੇ ਦੀ ਸਮੱਸਿਆ ਨੂੰ ਲੈ ਕੇ ਭਾਵੇਂ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਨਗਰ ਕੌਂਸਲ ਨੂੰ ਕਈ ਵਾਰ ਝਾੜ ਪਾਈ ਜਾ ਚੁੱਕੀ ਹੈ। ਪਰ ਨਗਰ ਕੌਂਸਲ ਦੇ ਜਿੰਮੇਵਾਰ ਅਹੁਦੇਦਾਰਾਂ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।