ਕੀ ਹਰੇ ਭਰੇ ਪੰਜਾਬ ਵਿੱਚ ਵੀ ਸਾਹ ਲੈਣਾ ਹੋ ਜਾਏਗਾ ਔਖਾ ?
ਰੋਹਿਤ ਗੁਪਤਾ
ਗੁਰਦਾਸਪੁਰ 3 ਨਵੰਬਰ 2024 - ਦਿੱਲੀ ਤੋਂ ਬਾਅਦ ਹੁਣ ਅੰਮ੍ਰਿਤਸਰ ਦੀ ਆਬੋ ਹਵਾ ਵੀ ਖਰਾਬ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਦੋ ਨਵੰਬਰ ਦੀ ਸਵੇਰ ਨੂੰ ਪ੍ਰਦੂਸ਼ਣ ਦਿੱਲੀ ਨਾਲੋਂ ਵੀ ਵੱਧ ਰਿਕਾਰਡ ਕੀਤਾ ਗਿਆ ਉੱਥੇ ਹੀ ਗੁਰਦਾਸਪੁਰ ਵਿੱਚ ਵੀ ਇੱਕ ਅਤੇ ਦੋ ਨਵੰਬਰ ਦੀ ਸਵੇਰ ਨੂੰ ਅਸਮਾਨ ਤੇ ਧੂਏਂ ਦੀ ਚਾਦਰ ਵਿੱਛੀ ਦੇਖੀ ਗਈ।
ਖਬਰ ਦੇ ਨਾਲ ਨਜ਼ਰ ਆ ਰਹੀ ਹੈ ਤਸਵੀਰਾਂ ਤਿੰਨ ਨਵੰਬਰ ਦੀ ਸਵੇਰ ਦੀਆਂ ਹਨ ਜਿਸ ਵਿੱਚ ਬੇਸ਼ਕ ਧੂਏਂ ਦੀ ਇਹ ਚਾਦਰ ਧੁੰਦ ਨਾਲ ਮਿਲੀ ਨਜ਼ਰ ਆ ਰਹੀ ਹੈ ਪਰ ਜਾਹਰ ਤੌਰ ਤੇ ਇਹ ਇੱਕ ਖਤਰਨਾਕ ਸਮੱਸਿਆ ਬਣ ਸਕਦੀ ਹੈ।
ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਪਰਾਲੀ ਸਾੜਨਾ ਦੱਸਿਆ ਜਾ ਰਿਹਾ ਹੈ।ਪਰਾਲੀ ਸਾੜਨ ਦੇ ਮਾਮਲੇ ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਕੁਝ ਘਟੇ ਜਰੂਰ ਹਨ ਪਰ ਫਿਰ ਵੀ ਹਜੇ ਤੱਕ ਗੁਰਦਾਸਪੁਰ ਵਿੱਚ 100 ਦੇ ਕਰੀਬ ਮਾਮਲੇ ਖੇਤਾਂ ਵਿੱਚ ਅੱਗ ਲਗਾਉਣ ਦੇ ਸਾਹਮਣੇ ਆ ਚੁੱਕੇ ਹਨ ਜਿਨਾਂ ਵਿੱਚੋਂ ਕੁਝ ਦੇ ਕੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਨੇ ਕੁਝ ਲੰਬਰਦਾਰਾਂ ਅਤੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਵਿਭਾਗੀ ਕਾਰਵਾਈ ਕਰਨ ਦੇ ਦਾਅਵ ਕੀਤੇ ਹਨ ਪਰ ਪਰਾਲੀ ਸਾੜਨ ਦੇ ਮਾਮਲਿਆਂ ਨੂੰ 100% ਕਾਬੂ ਨਹੀਂ ਪਾਇਆ ਗਿਆ ਹੈ।
ਗੱਲ ਗੁਰਦਾਸਪੁਰ ਦੀ ਆਬੋ ਹਵਾ ਤੇ ਪਏ ਦੀਵਾਲੀ ਦੇ ਅਸਰ ਦੀ ਕਰੀਏ ਤਾਂ ਇਹ ਅੰਕੜੇ ਤਾਂ ਦੋ ਤਿੰਨ ਦਿਨ ਬਾਅਦ ਰਿਪੋਰਟ ਆਉਣ ਤੇ ਹੀ ਮਿਲਣਗੇ ਕਿ ਗੁਰਦਾਸਪੁਰ ਦੀ ਆਬੋ ਹਵਾ ਵਿੱਚ ਦਿਵਾਲੀ ਦੇ ਤਿਉਹਾਰ ਤੇ ਪ੍ਰਦੂਸ਼ਣ ਕਿੰਨਾ ਵਧਿਆ ਹੈ ਕਿਉਂਕਿ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਕਾਊਂਟਿੰਗ ਸਟੇਸ਼ਨ ਬਣੇ ਹਨ ਜਿੱਥੇ ਰੋਜ਼ ਦੀ ਰੋਜ਼ ਪ੍ਰਦੂਸ਼ਣ ਨੂੰ ਚੈੱਕ ਕੀਤਾ ਜਾ ਸਕਦਾ ਹੈ । ਹਾਲਾਂਕਿ ਪੰਜਾਬ ਵਿੱਚ ਵੀ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ,ਪਟਿਆਲਾ ਜਿਹੇ ਸ਼ਹਿਰਾਂ ਵਿੱਚ ਅਜਿਹੇ ਕਾਊਂਟਿੰਗ ਸਟੇਸ਼ਨ ਹਨ ਪਰ ਗੁਰਦਾਸਪੁਰ ਮੈਨੂਅਲ ਸਟੇਸ਼ਨ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਸੁਖਵੰਤ ਸਿੰਘ ਦੱਸਦੇ ਹਨ ਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰਦਾਸਪੁਰ ਵਿੱਚ ਇੱਕ ਤੇ ਦੋ ਨਵੰਬਰ ਦੀ ਸਵੇਰ ਨੂੰ ਵੇਖੀ ਗਈ ਧੂਏਂ ਦੀ ਚਾਦਰ ਕਿੰਨੀ ਗਹਿਰੀ ਸੀ ਅਤੇ ਹੁਣ ਇਸ ਦਾ ਗੁਰਦਾਸਪੁਰ ਦੇ ਵਾਤਾਵਰਨ ਤੇ ਕਿੰਨਾ ਪ੍ਰਭਾਵ ਹੈ ਕਿਉਂਕਿ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ। ਉਹਨਾਂ ਵੱਲੋਂ ਸੈਂਪਲ ਲੈ ਕੇ ਭੇਜ ਦਿੱਤੇ ਗਏ ਹਨ ਅਤੇ ਜਲਦੀ ਹੀ ਇਹ ਪਤਾ ਲੱਗੇਗਾ ਕਿ ਦਿਵਾਲੀ ਦੇ ਤਿਓਹਾਰ ਤੇ ਪ੍ਰਦੂਸ਼ਣ ਕਿੰਨਾ ਵਧਿਆ ਹੈ ਪਰ ਇੱਕ ਗੱਲ ਤਾਂ ਸਾਫ ਹੈ ਕਿ ਦਿਵਾਲੀ ਤੇ ਕੀਤੀ ਗਈ ਆਤਿਸ਼ਬਾਜ਼ੀ ਕਿਸੇ ਵੀ ਸੂਰਤ ਵਿੱਚ ਇਨਸਾਨ ਲਈ ਫਾਇਦੇਮੰਦ ਸਾਬਤ ਨਹੀਂ ਹੋ ਸਕਦੀ। ਪਰਾਲੀ ਸਾੜਨਾ ਅਤੇ ਤਿਉਹਾਰਾਂ ਅਤੇ ਖੁਸ਼ੀਆਂ ਦੇ ਮੌਕੇ ਤੇ ਪਟਾਖੇ ਚਲਾਉਣਾ ਭਵਿੱਖ ਵਿੱਚ ਆਪਣੇ ਹਿਸਾਬ ਔਖੇ ਕਰਨ ਵਾਲੀ ਗੱਲ ਹੋਵੇਗੀ।