ਅਚਨਚੇਤ ਅੱਗ ਲੱਗਣ ਨਾਲ ਲੱਖਾਂ ਦਾ ਸਮਾਨ ਸੜ ਕੇ ਸੁਆਹ
ਰਜਿੰਦਰ ਕੁਮਾਰ
ਨਵਾਂਸ਼ਹਿਰ 4 ਨਵੰਬਰ 2024 - ਬੰਗਾ ਬਲਾਕ ਦੇ ਪਿੰਡ ਗੋਸਲਾ ਚ ਇਕ ਪ੍ਰਵਾਸੀ ਪਰਿਵਾਰ ਦੇ ਘਰ ਅਚਨਚੇਤ ਅੱਗ ਲੱਗਣ ਨਾਲ ਲੱਖਾਂ ਰੁਪਏ ਦੇ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਸ਼ਤੀਸ ਕੁਮਾਰ ਪੁੱਤਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਜੋ ਕਈ ਸਾਲ ਪਹਿਲਾਂ ਯੂਪੀ ਤੋਂ ਉਕਤ ਪਿੰਡ ਵਿੱਚ ਆਏ ਸਨ ਅਤੇ ਇਥੇ ਹੀ ਉਨ੍ਹਾਂ ਵੱਲੋਂ ਆਪਣਾ ਮਕਾਨ ਬਣਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਦੁਪਹਿਰ ਸਮੇਂ ਉਸ ਦੇ ਮਾਤਾ-ਪਿਤਾ ਬੰਗਾ ਸ਼ਹਿਰ ਵਿੱਚ ਸਾਮਾਨ ਖ਼ਰੀਦਣ ਲਈ ਗਏ ਹੋਏ ਸਨ ਜਦਕਿ ਉਸ ਦਾ ਭਰਾ ਅਤੇ ਉਹ ਕੰਮ 'ਤੇ ਗਏ ਹੋਏ ਸਨ ਅਤੇ ਉਸ ਦੀਆਂ ਭੈਣਾਂ ਰਿਸ਼ਤੇਦਾਰੀ ਵਿਖੇ ਇਕ ਵਿਆਹ ਸਮਾਗਮ ਵਿੱਚ ਗਈਆਂ ਹੋਈਆਂ ਸਨ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਵਿਅਕਤੀ ਨੇ ਦੱਸਿਆ ਕਿ ਉਨਾਂ ਦੇ ਘਰ ਨੂੰ ਅੱਗ ਲੱਗੀ ਹੋਈ ਹੈ ਅਤੇ ਉਹ ਸੂਚਨਾ ਮਿਲਦੇ ਹੀ ਤੁਰੰਤ ਮੌਕੇ 'ਤੇ ਪੁੱਜ ਗਏ ਅਤੇ ਪਿੰਡ ਨਿਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਅਚਨਚੇਤ ਲੱਗੀ ਅੱਗ ਨਾਲ ਉਨ੍ਹਾਂ ਦੇ ਘਰ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਨੁਕਸਾਨ ਦੀ ਭਰਪਾਈ ਲਈ ਅਪੀਲ ਕੀਤੀ ।