ਆਪਣੀ ਅੰਦਰੂਨੀ ਸ਼ਕਤੀ ਨੂੰ ਪਹਿਚਾਣ ਕੇ ਨੌਜਵਾਨ ਵਿਦਿਆਰਥੀ ਲਾ ਸਕਦੇ ਨੇ ਅੰਬਰਾਂ ਵਿੱਚ ਉਡਾਰੀਆਂ - ਰਾਜ ਲਾਲੀ ਗਿੱਲ
- ਮਾਤਾ ਗੁਜਰੀ ਕਾਲਜ ਨੇ ਖੇਤਰੀ ਯੁਵਕ ਮੇਲੇ ਦੀ ਜਿੱਤੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ
- ਦੁਆਬਾ ਗਰੁੱਪ ਵਿਖੇ ਰੰਗ ਬਿਰੰਗੀਆਂ ਯਾਦਾਂ ਬਖੇਰਦਾ ਖੇਤਰੀ ਯੁਵਕ ਮੇਲਾ ਹੋਇਆ ਸਮਾਪਤ
ਮੋਹਾਲੀ 4 ਨਵੰਬਰ 2024 - ਕੋਈ ਮੁਸ਼ਕਿਲ ਅਜਿਹੀ ਨਹੀਂ ਹੁੰਦੀ ਜਿਸ ਦਾ ਹੱਲ ਨਾ ਹੋਵੇ । ਮੁਸ਼ਕਿਲ ਸਮਾਂ ਤੇ ਗੁੰਜਲਦਾਰ ਸਥਿਤੀ ਇਨਸਾਨ ਨੂੰ ਮਜਬੂਤ ਬਣਾਉਂਦੀ ਹੈ । ਆਪਣੇ ਆਪ ਨੂੰ ਮਜਬੂਤ ਬਣਾਉਣ ਲਈ ਕਿਤੇ ਕਿਸੇ ਕੋਲ ਜਾਣ ਦੀ ਲੋੜ ਨਹੀਂ ਸਗੋਂ ਜਰੂਰਤ ਹੈ ਆਪਣੀ ਅੰਦਰੂਨੀ ਸ਼ਕਤੀ ਨੂੰ ਪਹਿਚਾਨਣ ਦੀ । ਆਪਣੀ ਅੰਦਰੂਨੀ ਸ਼ਕਤੀ ਪਹਿਚਾਣ ਕੇ ਹੀ ਨੌਜਵਾਨ ਵਿਦਿਆਰਥੀ ਅੰਬਰਾਂ ਦੇ ਵਿੱਚ ਉਡਾਰੀਆਂ ਲਾ ਸਕਦੇ ਨੇ ਤੇ ਆਪਣੇ ਹਰ ਸੁਪਨੇ ਨੂੰ ਪੂਰਾ ਕਰ ਸਕਦੇ ਨੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦੁਆਬਾ ਗਰੁੱਪ ਆਫ ਕਾਲਜਿਜ ਵਿਖੇ ਚੱਲ ਰਹੇ ਯੂਥ ਫੈਸਟੀਵਲ ਦੇ ਅਖੀਰਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਰਾਜ ਲਾਲੀ ਗਿੱਲ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕੀਤਾ । ਇਸ ਸਮੇਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ , ਵਿਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਲਿਵ ਇਨ ਰਿਲੇਸ਼ਨਸ਼ਿਪ ਦੀਆਂ ਕਠਿਨਾਈਆਂ ਬਾਰੇ ਵੀ ਜਾਗਰੂਕ ਕੀਤਾ । ਇਸ ਦੇ ਨਾਲ ਹੀ ਲਗਾਤਾਰ ਤਿੰਨ ਦਿਨਾਂ ਤੋਂ ਚੱਲ ਰਿਹਾ ਇਹ ਖੇਤਰੀ ਯੁਵਕ ਮੇਲਾ ਰੰਗ ਬਰੰਗੀਆਂ ਯਾਦਾਂ ਬਖੇਰਦਾ ਹੋਇਆ ਸਮਾਪਤ ਹੋਇਆ। ਪ੍ਰੋਗਰਾਮ ਦੇ ਤੀਜੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਡਾਕਟਰ ਨਰਿੰਦਰ ਕੌਰ ਮੁਲਤਾਨੀ ਅਤੇ ਸਿੱਖਿਆ ਸ਼ਾਸਤਰੀ ਡਾਕਟਰ ਗੁਣਮਾਲਾ ਸੂਰੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ । ਇਸ ਤਿੰਨ ਦਿਨਾਂ ਖੇਤਰੀ ਯੁਵਕ ਮੇਲੇ ਦੌਰਾਨ 65 ਕਾਲਜਾਂ ਦੇ 1500 ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲਿਆ । ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੈਸ਼ਨ 2024-25 ਦੇ ਇਸ ਖੇਤਰੀ ਯੁਵਕ ਮੇਲੇ ਵਿੱਚ ਦੂਸਰੇ ਕਾਲਜਾਂ ਨੂੰ ਪਛਾੜਦੇ ਹੋਏ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਨੇ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ।
ਇਸ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਡਾਇਰੈਕਟਰ ਪ੍ਰਿੰਸੀਪਲ ਡਾ: ਮੀਨੂ ਜੇਤਲੀ ਵੱਲੋਂ ਕੀਤਾ ਗਿਆ । ਤੀਜੇ ਦਿਨ ਸਾਰੀਆਂ ਟੀਮਾਂ ਨੂੰ ਆਪਣੀ ਕਲਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ। ਇਸ ਫੈਸਟੀਵਲ ਵਿੱਚ ਕਲਾਸੀਕਲ ਡਾਂਸ, ਮਾਈਮ, ਸਕਿੱਟ, ਗਿੱਧਾ, ਡਿਬੇਟ, ਪੋਇਟਿਕਲ ਰੀਟੈਸ਼ਨ, ਡਿਕਲੇਮੇਸ਼ਨ ਆਦਿ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਤੈਅ ਪ੍ਰੋਗਰਾਮ ਅਨੁਸਾਰ ਕੀਤਾ ਗਿਆ। ਅਖੀਰਲੇ ਦਿਨ ਦੀ ਸਭ ਤੋਂ ਆਕਰਸ਼ਕ ਪੇਸ਼ਕਸ਼ ਗਿੱਧਾ ਰਹੀ। ਇਸ ਫੈਸਟੀਵਲ ਦੇ ਆਯੋਜਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਜਾਣਨਾ ਸੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਡਾ: ਨਰਿੰਦਰ ਕੌਰ ਮੁਲਤਾਨੀ ਅਤੇ ਸਿੱਖਿਆ ਸ਼ਾਸਤਰੀ ਡਾਕਟਰ ਗੁਣਮਾਲਾ ਸੂਰੀ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰ ਬਾਰੇ ਗੱਲ ਕੀਤੀ ਅਤੇ ਨੌਜਵਾਨਾਂ ਦੀ ਊਰਜਾ ਦੀ ਸ਼ਲਾਘਾ ਕੀਤੀ। ਉਨ੍ਹਾਂ ਦੋਆਬਾ ਗਰੁੱਪ ਆਫ਼ ਕਾਲਜਿਜ਼ ਨੂੰ ਸਿਲਵਰ ਜੁਬਲੀ ਦੇ 25 ਸਾਲ ਪੂਰੇ ਕਰਨ ਲਈ ਵਧਾਈ ਵੀ ਦਿੱਤੀ।ਲਗਾਤਾਰ ਤਿੰਨ ਦਿਨ ਚੱਲੇ ਇਸ ਖੇਤਰੀ ਯੁਵਕ ਮੇਲੇ ਦੌਰਾਨ ਡੀਜੀਸੀ ਦੇ ਚੇਅਰਮੈਨ ਸ. ਐਮ.ਐਸ. ਬਾਠ, ਡੀਜੀਸੀ ਦੇ ਮੈਨੇਜਿੰਗ ਵਾਈਸ ਚੇਅਰਮੈਨ ਸ. ਐੱਸ.ਐੱਸ. ਸੰਘਾ, ਐਗਜੀਕਿਊਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ , ਡੀਨ ਸਟੂਡੈਂਟ ਵੈੱਲਫੇਅਰ ਮਨਿੰਦਰਪਾਲ ਕੌਰ ਗਿੱਲ ,ਡੀ.ਜੀ.ਸੀ. ਦੇ ਸਾਰੇ ਡਾਇਰੈਕਟਰ-ਪ੍ਰਿੰਸੀਪਲ ਅਤੇ ਵੱਖ-ਵੱਖ ਕਾਲਜਾਂ ਪ੍ਰਿੰਸੀਪਲ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਰਹੇ ਅਤੇ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਸੰਪੰਨ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ।