ਝੋਨਾ ਖਰੀਦ ਮਾਮਲਾ: ਸਰਕਾਰੇ ਹੁਣ ਹੋ ਜਾ ਤਿਆਰ ਧਰਨਾ ਲਾਉਣ ਲਈ ਕਿਸਾਨ ਹੋਏ ਪੱਬਾਂ ਭਾਰ
ਅਸ਼ੋਕ ਵਰਮਾ
ਬਠਿੰਡਾ ,4 ਨਵੰਬਰ 2024: ਝੋਨੇ, ਡੀਏਪੀ ਅਤੇ ਪਰਾਲੀ ਦੀ ਅੱਗ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਕੱਲ ਪੰਜ ਨਵੰਬਰ ਨੂੰ ਡੀਸੀ ਦਫਤਰ ਦੇ ਘਿਰਾਓ ਦੇ ਦਿੱਤੇ ਸੱਦੇ ਤਹਿਤ ਤਿਆਰੀਆਂ ਦਾ ਕੰਮ ਮੁਕੰਮਲ ਕਰ ਲਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਗਲਤ ਅੰਕੜੇ ਪੇਸ਼ ਕੀਤੇ ਜਾ ਰਹੇ ਹਨ ਕਿ ਵੱਡੀ ਪੱਧਰ ਤੇ ਝੋਨੇ ਦੀ ਖਰੀਦ ਹੋ ਗਈ ਜਾਂ ਲਿਫਟਿੰਗ ਹੋ ਗਈ ਹੈ। ਕਿਸਾਨ ਆਗੂਆਂ ਨੂੰ ਕੁਝ ਮੰਡੀਆਂ ਚੋਂ ਮਿਲੀ ਰਿਪੋਰਟਾਂ ਮੁਤਾਬਕ ਦੇਰੀ ਨਾਲ ਸੈਲਰ ਮਾਲਕਾਂ ਨਾਲ ਹੋਏ ਐਗਰੀਮੈਂਟ ਵਾਲੀਆਂ ਮੰਡੀਆਂ ਵਿੱਚ 20% ਹੀ ਮੰਡੀ ਵਿੱਚ ਪਹੁੰਚੇ ਝੋਨੇ ਦੀ ਖਰੀਦ ਹੋਈ ਹੈ ਅਤੇ 5% ਲਿਫਟਿੰਗ ਹੋਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਦੇਰੀ ਨਾਲ ਐਗਰੀਮੈਂਟ ਹੋਣ ਕਾਰਨ ਮੰਡੀਆਂ ਵਿੱਚ ਖਰੀਦੇ ਹੋਏ ਝੋਨੇ ਚ ਕਟੌਤੀ ਆ ਰਹੀ ਹੈ ਜਿਸ ਨੂੰ ਲੈ ਕੇ ਵੱਡੀ ਸਮੱਸਿਆ ਬਣ ਰਹੀ। ਇਸੇ ਤਰ੍ਹਾਂ ਡੀਏਪੀ ਦੀ ਘਾਟ ਕਾਰਨ ਕਿਸਾਨਾਂ ਨੂੰ ਜੋ ਵੀ ਡੀਏਪੀ ਮਿਲਦੀ ਹੈ ਉਸ ਨਾਲ ਨੈਨੋ ਡੀਏਪੀ ਜਾਂ ਹੋਰ ਸਮਾਨ ਮਲੋਜੋਰੀ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਪਰਾਲੀ ਦੀ ਸੰਭਾਲ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਮਜਬੂਰ ਬਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉੱਪਰ ਪਰਚੇ ਕੀਤੇ ਜਾ ਰਹੇ ਹਨ ਜੁਰਮਾਨੇ ਪਾਏ ਜਾ ਰਹੇ ਹਨ ਅਤੇ ਜਮਾਂਬੰਦੀਆਂ ਵਿੱਚ ਰੈਡ ਐਂਟਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਕੱਲ ਨੂੰ ਵੱਧ ਤੋਂ ਵੱਧ ਡੀਸੀ ਦਫਤਰ ਪਹੁੰਚਣ। ਡਿਪਟੀ ਕਮਿਸ਼ਨਰ ਦੇ ਘਿਰਾਓ ਸਬੰਧੀ ਪਿੰਡਾਂ ਵਿੱਚ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਰਾਤ ਨੂੰ ਰਹਿਣ ਲਈ ਟੈਂਟ, ਲੰਗਰ ਲਈ ਭਾਂਡੇ, ਬਾਲਣ ਅਤੇ ਹੋਰ ਲੋੜੀਂਦੇ ਸਮਾਨ ਦਾ ਪ੍ਰਬੰਧ ਕਰ ਲਿਆ ਹੈ।