ਮਾਲੇਰਕੋਟਲਾ ਪੁਲਿਸ ਦੀ ਵੱਡੀ ਕਾਰਵਾਈ! ਲੁੱਟਖੋਹ ਕਰਨ ਵਾਲੇ 2 ਗ੍ਰਿਫ਼ਤਾਰ, ਮੋਬਾਈਲ ਅਤੇ ਮੋਟਰਸਾਈਕਲ ਬਰਾਮਦ
ਰਾਹਗੀਰਾਂ ਤੇ ਆਮ ਲੋਕਾਂ ਤੋਂ ਲੁੱਟ ਖੋਹ ਕੀਤੇ 15 ਮੋਬਾਈਲ ਅਤੇ ਮੋਟਰਸਾਈਕਲ ਵੀ ਕੀਤਾ ਬਰਾਮਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 5 ਨਵੰਬਰ ,2024,- ਮਲੇਰਕੋਟਲਾ ਪੁਲਿਸ ਵਲੋਂ ਮੋਬਾਈਲ ਫ਼ੋਨ ਲੁੱਟ-ਖੋਹ ਕਰਨ ਵਾਲੇ 2 ਵਿਅਕਤੀਆਂ ਨੂੰ ਲੁੱਟ-ਖੋਹ ਕੀਤੇ ਗਏ 15 ਮੋਬਾਈਲਾਂ ਅਤੇ ਵਾਰਦਾਤ ਵਿਚ ਵਰਤੇ ਗਏ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕਰਕੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਸਬੰਧੀ ਇੱਥੇ ਆਪਣੇ ਦਫਤਰ ਵਿਖੇ ਸਬ ਡਵੀਜ਼ਨ ਮਲੇਰਕੋਟਲਾ ਦੇ ਡੀ.ਐਸ.ਪੀ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੁਰਿੰਦਰ ਭੱਲਾ ਮੁੱਖ ਅਫ਼ਸਰ ਥਾਣਾ ਸਿਟੀ -1 ਮਲੇਰਕੋਟਲਾ ਦੀ ਟੀਮ ਵਲੋਂ ਸ਼ਹਿਰ ਮਲੇਰਕੋਟਲਾ ਵਿਚ ਰਾਹਗੀਰ ਮਰਦਾਂ ਅਤੇ ਔਰਤਾਂ ਦੇ ਮੋਬਾਈਲ ਫੋਨ ਲੁੱਟ ਖੋਹ ਕਰਨ ਵਾਲੇ 2 ਵਿਅਕਤੀਆਂ ਨੂੰ ਸਮੇਤ ਲੁੱਟ ਖੋਹ ਕੀਤੇ ਗਏ ਮੋਬਾਈਲ ਫ਼ੋਨ ਵਾਰਦਾਤ ਵਿਚ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 24 ਅਕਤੂਬਰ ਨੂੰ ਇਰਫਾਨ ਉਰਫ਼ ਭਾਜੀ ਵਾਸੀ ਪਿੰਡ ਬਿੰਜੋਕੀ ਕਲਾਂ ਥਾਣਾ ਅਮਰਗੜ੍ਹ ਅਤੇ ਮੁਹੰਮਦ ਇਕਰਾਮ ਉਰਫ਼ ਗੋਰਾ ਵਾਸੀ ਤਕੀਆ ਮੁਹੱਲਾ ਕਿਲਾ ਰਹਿਮਤਗੜ੍ਹ ਮਲੇਰਕੋਟਲਾ ਨੇ ਇਕ ਬਜ਼ੁਰਗ ਜਿਸ ਦਾ ਨਾਂਅ ਮੁਹੰਮਦ ਹਲੀਮ ਵਾਸੀ ਜਵਾਹਰ ਨਗਰ ਸਿਨੇਮਾ ਰੋਡ ਮਲੇਰਕੋਟਲਾ ਦਾ ਮੋਬਾਈਲ ਫੋਨ ਝਪਟ ਮਾਰ ਕੇ ਖੋਹ ਕੇ ਸਮੇਤ ਮੋਟਰਸਾਇਕਲ ਉੱਤੇ ਭੱਜ ਗਏ ਸਨ ਜੋ ਮੁਹੰਮਦ ਹਲੀਮ ਉਕਤ ਦੇ ਬਿਆਨ ਉੱਤੇ ਮੁਕੱਦਮਾ ਥਾਣਾ ਸਿਟੀ- 1 ਮਲੇਰਕੋਟਲਾ ਬਰਖ਼ਿਲਾਫ਼ ਉਕਤ ਵਿਅਕਤੀਆਂ ਦੇ ਦਰਜ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਇਸੇ ਤਰਾਂ ਹੀ ਮਿਤੀ 1 ਨਵੰਬਰ ਨੂੰ ਉਕਤ ਦੋਨੋਂ ਵਿਅਕਤੀਆਂ ਨੇ ਇਕ ਪ੍ਰਵਾਸੀ ਮਜ਼ਦੂਰ ਸਵੀਤਾ ਭਾਰਤੀ ਵਾਸੀ ਨਾਹਰ ਫਾਈਬਰ ਫ਼ੈਕਟਰੀ ਜਿੱਤਵਾਲ ਕਲਾਂ ਦੇ ਹੱਥ ਵਿਚ ਫੜਿਆ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ ਸਨ ਜੋ ਕਿ ਸਵੀਤਾ ਭਾਰਤੀ ਉਕਤ ਦੇ ਬਿਆਨ ਪਰ ਇਕ ਵੱਖਰਾ ਮੁਕੱਦਮਾ ਥਾਣਾ ਸਿਟੀ-1 ਮਲੇਰਕੋਟਲਾ ਬਰਖ਼ਿਲਾਫ਼ ਉਕਤ ਵਿਅਕਤੀਆਂ ਦੇ ਦਰਜ਼ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਨੇ ਸਮੇਤ ਆਪਣੀ ਟੀਮ ਦੇ ਇਰਫਾਜ ਉਰਫ਼ ਭਾਜੀ ਅਤੇ ਮੁਹੰਮਦ ਇਕਰਾਮ ਉਰਫ਼ ਗੋਰਾ ਨੂੰ 3 ਨਵੰਬਰ ਨੂੰ ਸਮੇਤ ਵਾਰਦਾਤ ਵਿਚ ਵਰਤੇ ਗਏ ਮੋਟਰਸਾਇਕਲ ਦੇ ਗ੍ਰਿਫ਼ਤਾਰ ਕਰ ਕੇ ਇਹਨਾਂ ਦੇ ਕਬਜ਼ਾ ਵਿਚੋਂ ਖੋਹੇ ਗਏ 2 ਮੋਬਾਇਲ ਮੌਕੇ ਪਰ ਬਰਾਮਦ ਕਰਾਏ ਗਏ ਹਨ ਅਤੇ ਇਹਨਾਂ ਉਕਤ ਵਿਅਕਤੀਆਂ ਨੂੰ ਅਦਾਲਤ ਮਲੇਰਕੋਟਲਾ ਵਿਖੇ ਪੇਸ਼ ਕਰ ਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਤੋਂ ਇਨ੍ਹਾਂ ਉਕਤ ਵਿਅਕਤੀਆਂ ਕੋਲੋਂ 13 ਹੋਰ ਮੋਬਾਇਲ ਫੋਨ ਬਰਾਮਦ ਕਰਾਏ ਗਏ ਹਨ ਅਤੇ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਵੀ ਇਨ੍ਹਾਂ ਉਕਤ ਵਿਅਕਤੀਆਂ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਸ਼ਹਿਰ ਤੋਂ ਚੋਰੀ ਕੀਤਾ ਸੀ। ਜਿੱਥੇ ਵੀ ਮੋਟਰਸਾਈਕਲ ਚੋਰੀ ਹੋਣ ਸੰਬੰਧੀ ਮੁਕੱਦਮਾ ਦਰਜ ਰਜਿਸਟਰ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਕਤ ਵਿਅਕਤੀਆਂ ਵਲੋਂ ਕੁਝ ਦਿਨ ਪਹਿਲਾ ਮਿਤੀ 26 ਅਕਤੂਬਰ ਨੂੰ ਪਿੰਡ ਰਟੋਲਾ ਤੋਂ ਇਕ ਬਜ਼ੁਰਗ ਅਮਰੀਕ ਸਿੰਘ ਦਾ ਮੋਬਾਇਲ ਫੋਨ ਝਪਟ ਮਾਰ ਕੇ ਖੋਹਿਆ ਗਿਆ ਸੀ, ਜਿਸ ਸੰਬੰਧੀ ਥਾਣਾ ਅਮਰਗੜ੍ਹ ਵਿਖੇ ਨਾਮਾਲੂਮ ਦੋਸ਼ੀਆਨ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ । ਡੀ.ਐਸ.ਪੀ.ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਉਕਤ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਖਿਲਾਫ਼ 4 ਮੁਕੱਦਮੇ ਟਰੇਸ ਹੋਏ ਹਨ।