ਰਵਨੀਤ ਬਿੱਟੂ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰ ਹੋਣ ਨੂੰ ਦੱਸਿਆ ਮੁੰਗੇਰੀ ਲਾਲ ਦਾ ਹਸੀਨ ਸੁਪਨਾ
ਅਸ਼ੋਕ ਵਰਮਾ
ਬਠਿੰਡਾ, 5 ਨਵੰਬਰ 2024 :ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਅਤੇ ਖੁਦ ਮੁੱਖ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਦੇ ਦਿੱਤੇ ਬਿਆਨ ਦਾ ਮਜ਼ਾਕ ਉਡਾਉਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਦੇਖਣ ਤੇ ਕੋਈ ਪਾਬੰਦੀ ਨਹੀਂ, ਦੇਖ ਲੈਣੇ ਚਾਹੀਦੇ ਹਨ ਪਰ ਭਾਜਪਾ ਦੀ ਰਗ ਰਗ ਤੋਂ ਪੰਜਾਬੀ ਵਾਕਫ ਹਨ। ਉਨ੍ਹਾਂ ਕਿਹਾ ਕਿ ਜਿਹੜੀ ਭਾਜਪਾ ਨੇ ਕਿਸਾਨਾਂ ਨੂੰ ਬਾਰਡਰਾਂ ਤੇ ਰੋਲਿਆ, ਕਿਸਾਨਾਂ ਦੀਆਂ ਲਾਸ਼ਾਂ ਘਰਾਂ ਨੂੰ ਵਾਪਸ ਆਈਆਂ, ਉਹ ਕਿਸਾਨ ਭਾਜਪਾ ਨੂੰ ਕਦੇ ਮੂੰਹ ਨਹੀਂ ਲਾਉਣਗੇ। ਰਵਨੀਤ ਬਿੱਟੂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਜਿੱਤ ਕੇ ਮੰਤਰੀ ਬਣਦੇ ਜਦੋਂ ਕਿ ਉਹ ਤਾਂ ਹਾਰ ਕੇ ਤਾਂ ਉਹ ਮੰਤਰੀ ਬਣੇ ਹਨ।
ਆਪ ਆਗੂ ਨੇ ਸਵਾਲ ਕੀਤਾ ਕਿ ਫਿਰ ਕਿਹੜੇ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਹਨ। ਗਰਗ ਨੇ ਕਿਹਾ ਕਿ ਭਾਜਪਾ ਦੇ ਹਿੱਸੇ ਦੋ ਵਿਧਾਇਕ ਹਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਵੀ ਨਸੀਬ ਨਹੀਂ ਹੋਣੇ। ਫਿਰ ਮੁੱਖ ਮੰਤਰੀ ਬਣਨ ਵੇਲੇ ਕਿਹੜੀ ਦੌੜ ਵਿੱਚ ਹਨ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਦਾ ਬਿਆਨ ਹਾਸੋਹੀਣਾ ਹੈ, ਜਿਸ ਨੂੰ ਪੰਜਾਬੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਉਹਨਾਂ ਕਿਹਾ ਕਿ ਹਾਰਨ ਤੋਂ ਬਾਅਦ ਮੰਤਰੀ ਬਣਨ ਕਰਕੇ ਉਹਨਾਂ ਦਾ ਦਿਮਾਗੀ ਸੰਤੁਲਣ ਵਿਗੜ ਗਿਆ ਹੈ ਜਿਸ ਕਰਕੇ ਉਹ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਲੱਗ ਪਏ ਹਨ। ਪਰ ਸੁਪਨੇ ਦੇਖਣ ਤੇ ਕੋਈ ਪਾਬੰਦੀ, ਮੁੱਖ ਮੰਤਰੀ ਹੀ ਨਹੀਂ ਪ੍ਰਧਾਨ ਮੰਤਰੀ ਬਣਨ ਦੇ ਵੀ ਸੁਪਨੇ ਲੈ ਲੈਣੇ ਚਾਹੀਦੇ ਹਨ।