ਝੋਨੇ ਦੀ ਖਰੀਦ: ਕਿਸਾਨ ਬੀਬੀਆਂ ਨੇ ਬੰਦੀ ਬਣਾਏ ਅਫਸਰ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ
ਅਸ਼ੋਕ ਵਰਮਾ
ਬਠਿੰਡਾ, 5 ਨਵੰਬਰ 2024: ਪੰਜਾਬ ਪੁਲਿਸ ਦੀਆਂ ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਸੈਂਕੜਿਆਂ ਦੀ ਤਾਦਾਦ ’ਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਝੋਨੇ ਦੀ ਸੁਚੱਜੀ ਖਰੀਦ ਅਤੇ ਹੋਰ ਮਸਲਿਆਂ ਨੂੰ ਲੈਕੇ 20 ਦਿਨਾਂ ਤੋਂ ਮੋਰਚਾ ਲੱਗਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਸੁਣਵਾਈ ਨਾਂ ਕਰਨ ਕਾਰਨ ਅੱਜ ਮਿੰਨੀ ਸਕੱਤਰੇਤ ਬਠਿੰਡਾ ਦੇ ਸਾਰੇ ਗੇਟਾਂ ਤੇ ਕਬਜਾ ਕਰਕੇ ਅਫਸਰਾਂ ਅਤੇ ਹੋਰ ਅਮਲੇ ਨੂੰ ਬੰਦੀ ਬਣਾ ਲਿਆ। ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਵੱਡੀ ਗਿਣਤੀ ਕਿਸਾਨ ਬੀਬੀਆਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਦੀ ਸਰਕਾਰੀ ਰਿਹਾਇਸ਼ ਦੇ ਮੁੱਖ ਗੇਟ ਅੱਗੇ ਵੀ ਡੇਰਾ ਜਮਾ ਲਿਆ ਜਿਸ ਨੂੰ ਲੈਕੇ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪਈ ਰਹੀ।ਹਾਲਾਂਕਿ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਘਿਰਾਓ ਖਤਮ ਕਰਵਾਉਣ ਦਾ ਯਤਨ ਕੀਤਾ ਪਰ ਕਿਸਾਨ ਟੱਸ ਤੋਂ ਮੱਸ ਨਹੀਂ ਹੋਏ । ਆਖਰੀ ਖਬਰ ਲਿਖੇ ਜਾਣ ਤੱਕ ਘਿਰਾਓ ਜਾਰੀ ਸੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸ਼ਨ ਨੂੰ ਇਸ ਸਬੰਧ ’ਚ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਜੱਥੇਬੰਦੀ ਕੋਈ ਸਖਤ ਫੈਸਲਾ ਲੈ ਸਕਦੀ ਹੈ। ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੱਤਾ ਜਾਣਾ ਸੀ ਜਿਸ ਨੂੰ ਦੇਖਦਿਆਂ ਕਿਸਾਨਾਂ ਦੇ ਜੱਥੇ ਸਵੇਰ ਤੋਂ ਹੀ ਧਰਨੇ ਵਾਲੀ ਥਾਂ ਤੇ ਪੁੱਜਣੇ ਸ਼ੁਰੂ ਹੋ ਗਏ ਸਨ। ਦੇਖਦਿਆਂ ਹੀ ਦੇਖਦਿਆਂ ਕਿਸਾਨਾਂ ਦਾ ਭਾਰੀ ਜਮਾਵੜਾ ਹੋ ਗਿਆ ਅਤੇ ਕਿਸਾਨ ਕਾਰਕੁੰਨਾਂ ਨੇ ਅਚਾਨਕ ਧਾਵਾ ਬੋਲ ਦਿੱਤਾ ਜਿਸ ਬਾਰੇ ਵੀ ਸੂਹੀਆ ਏਜੰਸੀਆਂ ਵੀ ਪੈੜ ਨਾਂ ਨੱਪ ਸਕੀਆਂ। ਵੱਡੀ ਗੱਲ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਕਿਸਾਨਾਂ ਦੇ ਧਰਨੇ ਦੀ ਤਾਂ ਪੂਰੀ ਪੂਰੀ ਜਾਣਕਾਰੀ ਸੀ ਪਰ ਐਨੇ ਵੱਡੇ ਐਕਸ਼ਨ ਦੀ ਸੂਹ ਲਾਉਣ ’ਚ ਅੱਜ ਵੀ ਪੰਜਾਬ ਦੀ ਸੀ ਆਈ ਡੀ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰਾਂ ਨਾਕਾਮ ਰਹੀਆਂ ।
ਕਿਸਾਨ ਮੋਰਚੇ ਨੂੰ ਦੇਖਦਿਆਂ ਜਿਲ੍ਹਾ ਪੁਲਿਸ ਨੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅਤੇ ਐਸ ਐਸ ਪੀ ਦੇ ਦਫਤਰ ਵੱਲ ਜਾਣ ਵਾਲੀ ਸੜਕ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਦੇ ਪੱਖ ਤੋੋਂ ਪੁਲਿਸ ਦੀ ਵੱਡੀ ਨਫਰੀ ਅਤੇ ਕਿਸੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਜਲ ਤੋਪ ਵੀ ਤਾਇਨਾਤ ਕੀਤੀ ਹੋਈ ਸੀ। ਇਸੇ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨ ਆਗੂਆਂ ਨੇ ਮਿੰਨੀ ਸਕੱਤਰੇਤ ਦੇ ਸਮੂਹ ਗੇਟ ਘੇਰਨ ਦਾ ਐਲਾਨ ਕਰ ਦਿੱਤਾ ਤਾਂ ਪੁਲਿਸ ਪ੍ਰਸ਼ਾਸ਼ਨ ਹੱਕਾ ਬੱਕਾ ਰਹਿ ਗਿਆ। ਇਸ ਮੌਕੇ ਸਰਕਾਰੀ ਦਫਤਰਾਂ ’ਚ ਕੰਮਕਾਜ ਲਈ ਗਏ ਲੋਕਾਂ ਨੇ ਕੰਧਾਂ ਟੱਪਕੇ ਖੁਦ ਨੂੰ ਬਾਹਰ ਕੱਢਿਆ। ਇਸੇ ਤਰਾਂ ਹੀ ਅੰਦਰ ਫਸੇ ਸੁਰੱਖਿਆ ਅਮਲੇ ਨੇ ਵੀ ਇਹੋ ਰਸਤਾ ਅਪਣਾਇਆ। ਕਿਸਾਨੀ ਰੋਹ ਨੂੰ ਦੇਖਦਿਆਂ ਪੁਲਿਸ ਨੇ ਵੀ ਸਭ ਰਾਹ ਖਾਲੀ ਕਰ ਦਿੱਤੇ।
ਮੌਕੇ ਤੇ ਹਾਜਰ ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਰਾਜੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਫਲਤਾ ਨਾਂ ਮਿਲੀ। ਮੰਨਿਆ ਜਾ ਰਿਹਾ ਹੈ ਕਿ ਉੱਪਰੋਂ ਆਏ ਹੁਕਮਾਂ ਤਹਿਤ ਪੁਲਿਸ ਨੇ ਪਾਸਾ ਵੱਟੀ ਰੱਖਿਆ। ਸਰਕਾਰ ਨੂੰ ਇਹ ਚਿੰਤਾ ਹੈ ਕਿ ਜੇਕਰ ਕਿਸਾਨਾਂ ਤੇ ਸਖਤੀ ਦਿਖਾਈ ਤਾਂ ਜਿਮਨੀ ਚੋਣਾਂ ਦੌਰਾਨ ਉਨ੍ਹਾਂ ਦੀ ਸਿਆਸੀ ਫਸਲ ਸੰਭਾਲਣੀ ਔਖੀ ਹੋ ਸਕਦੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਕਈ ਭੀਖ ਨਹੀਂ ਮੰਗ ਰਹੇ ਬਲਕਿ ਆਪਣਾ ਹੱਕ ਮੰਗ ਰਹੇੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਰਾਹੀਂ ਮਸਲਾ ਨਿਬੇੜਨ ਦੇ ਰੌਂਅ ਵਿੱਚ ਸਨ ਪਰ ਖੁਦ ਨੂੰ ਕਿਸਾਨੀ ਦਾ ਸਭ ਤੋਂ ਵੱਡਾ ਹਿਤੈਸ਼ੀ ਦਰਸਾਉਣ ਵਾਲੀ ਪੰਜਾਬ ਸਰਕਾਰ ਦੇ ਵਤੀਰੇ ਨੇ ਉਨ੍ਹਾਂ ਨੂੰ ਮਜਬੂਰ ਕੀਤਾ ਹੈ। ਆਗੂਆਂ ਨੇ ਆਖਿਆ ਕਿ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸਾਡਾ ਮਕਸਦ ਨਹੀਂ ਪਰ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਘਿਰਾਓ ਕਰਨਾ ਪਿਆ ਹੈ।
ਸਰਕਾਰੀ ਅੰਕੜੇ ਤੱਥਹੀਣ
ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਸਰਕਾਰ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਤਥਹੀਣ ਅੰਕੜੇ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਤਾਂ ਸ਼ੈਲਰ ਮਾਲਕਾਂ ਨਾਲ ਹੋਏ ਸਮਝੌਤੇ ਵਾਲੀਆਂ ਮੰਡੀਆਂ ਵਿੱਚ ਵੀ ਮਾੜੀ ਹੈ। ਕਿਸਾਨਾਂ ਨੂੰ ਝੋਨੇ ਵੇਚਣ ਲਈ ਕੀਮਤ ਚੋਂ ਕਾਟ ਕਟਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰਾਂ ਹੀ ਡੀਏਪੀ ਦਾ ਵੀ ਬੁਰਾ ਹਾਲ ਹੈ ਅਤੇ ਕਿਸਾਨ ਮਾਰੇ ਮਾਰੇ ਫਿਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਬਾਂਹ ਨਹੀਂ ਫੜ੍ਹ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਰਾਲੀ ਦੇ ਪੁਖਤਾ ਪ੍ਰਬੰਧ ਕਰਨ ’ਚ ਨਾਕਾਮ ਸਰਕਾਰ ਰਹੀ ਹੈ ਪਰ ਨਿਸ਼ਾਨਾ ਕਿਸਾਨਾਂ ਨੂੰ ਬਣਾਇਆ ਜਾ ਰਿਹਾ ਹੈ।
ਸਾਮਾਰਜੀ ਨੀਤੀਆਂ ਕਾਰਨ ਰੋਲਿਆ ਕਿਸਾਨ
ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਸਰਕਾਰ ਦਾ ਜਿੰਨਾਂ ਜ਼ੋਰ ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਰੋਕਣ ਤੇ ਲੱਗਿਆ ਹੋਇਆ ਹੈ ਓਨਾਂ ਮੰਡੀਆਂ ’ਚ ਝੋਨਾ ਵਿਕਵਾਉਣ ਤੇ ਲਾਇਆ ਜਾਂਦਾ ਤਾਂ ਇਹ ਸਥਿਤੀ ਨਹੀਂ ਬਣਨੀ ਸੀ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਦੀ ਜੜ ਸਾਮਰਾਜ ਪੱਖੀ ਨੀਤੀਆਂ ਹਨ ਜੋ ਕਿਸਾਨਾਂ ਤੋਂ ਜਮੀਨਾਂ ਖੋਹਣ ਲਈ ਲਾਗੂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਘਿਰਾਓ ਮੋਰਚੇ ਵਿੱਚ ਪਹੁੰਚਣ ਦਾ ਸੱਦਾ ਵੀ ਦਿੱਤਾ।