...ਜਦੋਂ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਕਾਰ ਨੇ ਖਾਧੀਆਂ ਕਈ ਪਲਟੀਆਂ
ਸੜਕ ਸੁਰੱਖਿਆ ਫੋਰਸ ਨੇ ਮੌਕੇ ਤੇ ਪਹੁੰਚ ਕੇ ਪਲਟੀ ਗੱਡੀ ਵਿੱਚੋਂ ਚਾਲਕ ਨੂੰ ਕੱਢ ਕੇ ਪਹੁੰਚਾਇਆ ਹਸਪਤਾਲ
ਰੋਹਿਤ ਗੁਪਤਾ
ਗੁਰਦਾਸਪੁਰ, 5 ਨਵੰਬਰ 2024-ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਤੇ ਰਿਲਾਇੰਸ ਪੈਟਰੋਲ ਪੰਪ ਧਾਰੀਵਾਲ ਦੇ ਨਜ਼ਦੀਕ ਇੱਕ ਵੱਡੀ ਦੁਰਘਟਨਾ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਕਾਰ ਚਾਲਕ ਨੂੰ ਅਚਾਨਕ ਕਾਰ ਦਾ ਕੱਟ ਮਾਰਨਾ ਪਿਆ ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਦੀਆਂ ਕਈ ਪਲਟੀਆਂ ਵੀ ਵੱਜੀਆਂ।
ਮੌਕੇ ਤੇ ਇਕੱਤਰਿਤ ਹੋਏ ਲੋਕਾਂ ਨੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਤੁਰੰਤ ਉੱਥੇ ਪਹੁੰਚ ਕੇ ਇਸ ਨੌਜਵਾਨ ਨੂੰ ਪਲਟੀ ਹੋਈ ਕਾਰ ਵਿੱਚੋਂ ਬਾਹਰ ਕੱਢ ਲਿਆ ਤੇ ਇਸ ਨੂੰ ਸੀਐਚਸੀ ਧਾਰੀਵਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਦੀ ਮੁੱਢਲੀ ਜਾਂਚ ਕਰਕੇ ਇਸ ਨੌਜਵਾਨ ਜਿਸ ਦਾ ਨਾਂ ਅਮਰਜੀਤ ਸਿੰਘ ਸਪੁੱਤਰ ਕੁਲਦੀਪ ਸਿੰਘ ਵਾਸੀ ਮੰਗਲ ਸੈਨ ਦੱਸਿਆ ਜਾ ਰਿਹਾ ਹੈ ਨੂੰ ਗੁਰਦਾਸਪੁਰ ਦੇ ਸਿਵਲ ਹੋਸਪਿਟਲ ਵਿੱਚ ਰੈਫਰ ਕਰ ਦਿੱਤਾ ਹੈ।
ਕਾਰ ਸਵਾਰ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਅੰਮ੍ਰਿਤਸਰ ਕਿਸੇ ਕੰਮ ਜਾ ਰਿਹਾ ਸੀ ਕਿ ਧਾਰੀਵਾਲ ਨੇੜੇ ਅਚਾਨਕ ਅੱਗੇ ਆ ਗਏ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਇਹ ਹਾਦਸਾ ਹੋਇਆ ਹੈ। ਉੱਥੇ ਹੀ ਸੜਕ ਸੁਰੱਖਿਆ ਫੋਰਸ ਦੀ ਜੇਕਰ ਗੱਲ ਕਰੀਏ ਤਾਂ ਸੜਕ ਸੁਰੱਖਿਆ ਫੋਰਸ ਵੱਲੋਂ ਤੁਰੰਤ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਬਿਨਾਂ ਸਮਾਂ ਗਵਾਏ ਜ਼ਖਮੀ ਕਾਰ ਸਵਾਰ ਨੂੰ ਸਰਕਾਰੀ ਹਸਪਤਾਲ ਪਹੁੰਚਾ ਕੇ ਸਮੇਂ ਸਿਰ ਮੁਢਲੀ ਡਾਕਟਰੀ ਸਹਾਇਤਾ ਦੁਆਈ।