ਖਾਲਿਸਤਾਨੀਆਂ ਦੇ ਭੜਕਾਊ ਕਾਰਿਆਂ ਤੋਂ ਸੁਚੇਤ ਰਹਿਣ ਦੇਸ਼ ਵਾਸੀ ਅਤੇ ਕੈਨੇਡਾ ਵੱਸਦੇ ਭਾਰਤੀ: ਪਾਸਲਾ
ਸੰਘ-ਭਾਜਪਾ ਦੇ ਫਿਰਕੂ-ਫਾਸ਼ੀ ਏਜੰਡੇ ਅਤੇ ਲੋਟੂ ਨੀਤੀਆਂ ਖਿਲਾਫ਼ ਤਿੱਖਾ ਲੋਕ ਘੋਲ ਵਿੱਢੋ: ਜਾਮਾਰਾਏ
ਦਲਜੀਤ ਕੌਰ
ਚੰਡੀਗੜ੍ਹ/ਜਲੰਧਰ, 5 ਨਵੰਬਰ, 2024: “ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਬੀਤੇ ਕੱਲ੍ਹ ਨਾਮ ਨਿਹਾਦ ਖਾਲਿਸਤਾਨੀਆਂ ਵਲੋਂ ਕੀਤੀ ਗਈ ਭੜਕਾਹਟ ਪੈਦਾ ਕਰਨ ਵਾਲੀ ਨਿੰਦਣਯੋਗ ਕਾਰਵਾਈ ਜਿੱਥੇ ਦੋਹਾਂ ਦੇਸ਼ਾਂ ਦਰਮਿਆਨ ਸੁਖਾਵੇਂ ਸਬੰਧ ਵਿਗਾੜਨ ਦੀ ਅਮਰੀਕਾ ਦੀ ਚਿਰੋਕਣੀ ਸਾਜ਼ਿਸ਼ ਦਾ ਨਤੀਜਾ ਹੈ, ਉੱਥੇ ਨਾਲ ਹੀ ਮੋਦੀ-03 ਸਰਕਾਰ ਵੀ ਆਪਣੇ ਆਕਾ ਵਿਚਾਰਧਾਰਕ ਆਕਾ ਆਰ.ਐਸ.ਐਸ. ਦੇ ਇਸ਼ਾਰਿਆਂ ’ਤੇ ਉਕਤ ਮੰਦਭਾਗੀ ਘਟਨਾ ਦੀ ਫਿਰਕੂ ਵੰਡ ਤਿੱਖੀ ਕਰਨ ਲਈ ਦੁਰਵਰਤੋਂ ਕਰਦੀ ਹੋਈ ‘ਬਲਦੀ ’ਤੇ ਤੇਲ ਪਾਉਣ’ ਦਾ ਕੰਮ ਕਰ ਰਹੀ ਹੈ। ਇਸ ਘਟਨਾ ਬਾਰੇ ਅਕਾਲੀ ਆਗੂਆਂ ਦੀ ਚੁੱਪ ਅਤੇ ਐਸਜੀਪੀਸੀ ਦੇ ਦੇ ਗੈਰ ਜਿੰਮੇਵਾਰਾਨਾ ਬਿਆਨ ਵੀ ਹਾਲਾਤ ਨੂੰ ਹੋਰ ਵਿਗਾੜਨ ਵੱਲ ਸੇਧਤ ਹਨ।’’ ਇਹ ਵਿਚਾਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰਗਟਾਏ। ਸਾਥੀ ਪਾਸਲਾ ਨੇ ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਕਤ ਘਟਨਾ ਦੇ ਮੱਦੇਨਜ਼ਰ ਸੰਜਮ ਤੋਂ ਕੰਮ ਲੈਣ ਅਤੇ ਹਰ ਰੰਗ ਦੇ ਫਿਰਕੂਆਂ ਤੋਂ ਸਾਵਧਾਨ ਰਹਿੰਦੇ ਹੋਏ ਵਿਵੇਕ ਦਾ ਪੱਲਾ ਨਾ ਛੱਡਣ। ਪਾਸਲਾ ਨੇ ਕੈਨੇਡਾ ਰਹਿੰਦੇ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਨੂੰ ਵੀ ਖਾਲਿਸਤਾਨੀ ਤੱਤਾਂ ਨਾਲੋਂ ਬਿਨਾਂ ਦੇਰੀ ਫੈਸਲਾਕੁੰਨ ਨਿਖੇੜਾ ਕਰਨ ਦਾ ਸੁਝਾਅ ਦਿੱਤਾ ਹੈ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਸਕੱਤਰ ਕਾਮਰੇਡ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਪਾਰਟੀ ਕਰਤਾਰ ਸਿੰਘ ਸਰਾਭਾ ਅਤੇ ਸਾਥੀ ਸ਼ਹੀਦਾਂ ਦੇ ਬਲੀਦਾਨ ਦਿਵਸ 16 ਨਵੰਬਰ ਤੋਂ “ਫਿਰਕੂ ਤੇ ਜਾਤੀਵਾਦੀ ਫੁੱਟ ਅਤੇ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਦੇ ਖਾਤਮੇ’ ਦਾ ਸੱਦਾ ਦੇਣ ਲਈ ਸੂਬੇ ਭਰ ’ਚ ਇਲਾਕਾ ਪੱਧਰੀ ਰਾਜਸੀ ਕਾਨਫਰੰਸਾਂ ਦੀ ਲੜੀ ਆਰੰਭੇਗੀ। ਕਾਨਫਰੰਸਾਂ ਦਾ ਮਕਸਦ ਲੁੱਟ-ਖਸੁੱਟ ਤੇ ਜਬਰ-ਵਿਤਕਰੇ ਦਾ ਪ੍ਰਬੰਧ ਸਦੀਵੀ ਕਾਇਮ ਰੱਖਣ ਲਈ ਲਈ ਆਰ.ਐਸ.ਐਸ. ਤੇ ਭਾਜਪਾ ਵਲੋਂ ਕੀਤੇ ਜਾ ਰਹੇ ਫਾਸ਼ੀਵਾਦੀ ਖਾਸੇ ਵਾਲਾ ਧਰਮ ਅਧਾਰਤ ਕੱਟੜ ਹਿੰਦੂਤਵੀ-ਮਨੂੰਵਾਦੀ ਰਾਜ ਪ੍ਰਬੰਧ ਸਥਾਪਿਤ ਕਰਨ ਦੇ ਕੋਝੇ ਯਤਨਾਂ ਤੋਂ ਲੋਕਾਈ ਨੂੰ ਸੁਚੇਤ ਕਰਨਾ ਹੋਵੇਗਾ। ਕੇਂਦਰੀ ਅਤੇ ਪ੍ਰਾਂਤਕ ਸਰਕਾਰਾਂ ਵਲੋਂ ਇਕੋ ਜਿਹੀ ਤਤਪਰਤਾ ਨਾਲ ਲਾਗੂ ਕੀਤੀਆਂ ਜਾ ਰਹੀਆਂ, ਲੋਕਾਈ ਨੂੰ ਕੰਗਾਲ ਕਰਨ ਵਾਲੀਆਂ ਨਵ-ਉਦਾਰਵਾਦੀਆਂ ਨੀਤੀਆਂ ਵਿਰੁੱਧ ਜਾਰੀ ਜਨ ਸੰਗਰਾਮ ਨੂੰ ਹੋਰ ਤਿੱਖਾ ਕਰਨਾ ਕਾਨਫਰੰਸਾਂ ਦਾ ਦੂਜਾ ਮਹੱਤਵਪੂਰਨ ਏਜੰਡਾ ਹੋਵੇਗਾ। ਨਾਲ ਹੀ ਪੰਜਾਬ ਨਾਲ ਦਹਾਕਿਆਂ ਬੱਧੀ ਕੀਤੀ ਜਾ ਰਹੀ ਬੇਇਨਸਾਫੀ ਦੇ ਖ਼ਾਤਮੇ ਅਤੇ ਪੰਜਾਬ ਦੇ ਅਣਸੁਲਝੇ ਮਸਲਿਆਂ ਦੇ ਸਥਾਈ ਹੱਲ ਲਈ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਬੇਰੁਜ਼ਗਾਰੀ-ਮਹਿੰਗਾਈ, ਕੁਪੋਸ਼ਣ, ਨਸ਼ਾ ਕਾਰੋਬਾਰ, ਭਿ੍ਰਸ਼ਟਾਚਾਰ, ਮਾਫੀਆ ਤੰਤਰ ਤੋਂ ਮੁਕਤੀ, ਮਿਆਰੀ ਤੇ ਇੱਕਸਾਰ ਸਿੱਖਿਆ ਤੇ ਸਿਹਤ ਸਹੂਲਤਾਂ, ਪੁਰਾਣੀ ਪੈਨਸ਼ਨ ਸਕੀਮ, ਸਰਵਜਨਕ ਜਨਤਕ ਵੰਡ ਪ੍ਰਣਾਲੀ, ਢੁਕਵੀਂ ਸੁਰੱਖਿਆ ਆਦਿ ਦੀ ਬਹਾਲੀ ਦੇ ਵਾਅਦਿਆਂ ਤੋਂ ਭਗੌੜੀ ਹੋ ਚੁੱਕੀ ਭਗਵੰਤ ਮਾਨ ਸਰਕਾਰ ਵਿਰੁੱਧ ਵੀ ਘੋਲਾਂ ਦੇ ਪਿੜ ਮਘਾਉਣ ਦਾ ਹੋਕਾ ਦਿੱਤਾ ਜਾਵੇਗਾ। ਉਕਤ ਮੁਹਿੰਮ ਦੀ ਸਮਾਪਤੀ ’ਤੇ ਰਾਜ ਕਮੇਟੀ ਨੇ ਫਰਵਰੀ 2025 ਦੇ ਆਖ਼ਰੀ ਹਫਤੇ ਚੰਡੀਗੜ੍ਹ ਵਿਖੇ ਸਮੂਹ ਪੰਜਾਬੀਆਂ ਦਾ ਵਿਸ਼ਾਲ ਲੋਕ ਇਕੱਠ ਵੀ ਕਰਨ ਦਾ ਵੀ ਨਿਰਣਾ ਲਿਆ ਹੈ। ਮੀਟਿੰਗ ਨੇ 7 ਨਵੰਬਰ ਨੂੰ, ‘ਅਕਤੂਬਰ ਕ੍ਰਾਂਤੀ ਦਿਵਸ’ ਮੌਕੇ ਫ਼ਲਸਤੀਨੀਆਂ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਅਤੇ ਇਜ਼ਰਾਇਲ ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਖ਼ਿਲਾਫ਼ ਜ਼ਿਲ੍ਹਾ-ਤਹਿਸੀਲ ਪੱਧਰ ’ਤੇ ਵਿਸ਼ਾਲ ਇਕੱਠ ਕਰਨ ਦਾ ਫੈਸਲਾ ਲਿਆ ਹੈ। ਰਾਜ ਕਮੇਟੀ ਨੇ 20 ਨਵੰਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾਈ ਉਪ ਚੋਣਾਂ ’ਚ ਭਾਜਪਾ ਅਤੇ ਇਸਦੇ ਲੁਕਵੇਂ ਤੇ ਜ਼ਾਹਿਰਾ ਸਹਿਯੋਗੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਹੈ। ਆਰੰਭ ਵਿਚ ਸਦੀਵੀਂ ਵਿਛੋੜਾ ਦੇ ਗਏ ਬੁਲੰਦ ਕਦ ਆਗੂਆਂ ਸਾਥੀ ਸੀਤਾ ਰਾਮ ਯੇਚੁਰੀ, ਬੁੱਧਾਦੇਬ ਭੱਟਾਚਾਰੀਆ ਅਤੇ ਅਜੈਬ ਸਿੰਘ ਜਹਾਂਗੀਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।