ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3: ਪੰਜਾਬ ਸਰਕਾਰ ਨੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਨਿਖਾਰਨ ਲਈ ਸਾਜ਼ਗਾਰ ਮਾਹੌਲ ਸਿਰਜਿਆ : ਗੁਰਲਾਲ ਘਨੌਰ
-ਸੂਬਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਹੋਏ ਦਿਲਚਸਪ ਮੁਕਾਬਲੇ
ਪਟਿਆਲਾ, 5 ਨਵੰਬਰ 2024-ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਪਟਿਆਲਾ ਜ਼ਿਲ੍ਹੇ ਵਿੱਚ ਚੱਲ ਰਹੇ ਸੂਬਾ ਪੱਧਰੀ ਮੁਕਾਬਲਿਆਂ ਦੇ ਅੱਜ ਦੂਜੇ ਦਿਨ ਕਬੱਡੀ ਤੇ ਖੋ-ਖੋ ਦੀਆਂ ਖੇਡਾਂ ਦੇ ਦਿਲਚਸਪ ਮੁਕਾਬਲੇ ਹੋਏ।
ਸੂਬਾ ਪੱਧਰੀ ਖੇਡਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਅੱਜ ਕੌਮਾਂਤਰੀ ਕਬੱਡੀ ਖਿਡਾਰੀ ਤੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਨਿਖਾਰਨ ਲਈ ਸੂਬੇ ਅੰਦਰ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਕੇ ਸਾਜ਼ਗਾਰ ਮਾਹੌਲ ਪੈਦਾ ਕੀਤਾ ਹੈ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਦਰਸ਼ਕ ਵਜੋਂ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਲ ਜਿਥੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਹੋਵੇਗੀ, ਉਥੇ ਹੀ ਦਰਸ਼ਕਾਂ ਅੰਦਰ ਵੀ ਖੇਡਣ ਦੀ ਚਿਣਗ ਪੈਦਾ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਖੋ ਖੋ ਅੰਡਰ-17 (ਲੜਕੇ) ਉਮਰ ਵਰਗ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਫ਼ਾਜ਼ਿਲਕਾ ਨੂੰ 06 ਅੰਕਾਂ, ਪਟਿਆਲਾ ਨੇ ਬਰਨਾਲਾ ਨੂੰ 14 ਅੰਕਾਂ, ਲੁਧਿਆਣਾ ਨੇ ਮੋਗਾ ਨੂੰ 08 ਅੰਕਾਂ, ਜਲੰਧਰ ਨੇ ਬਠਿੰਡਾ ਨੂੰ 08 ਅੰਕਾਂ ਨਾਲ ਅਤੇ ਸੰਗਰੂਰ ਨੇ ਲੁਧਿਆਣਾ ਨੂੰ 01 ਅੰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਲੜਕੀਆਂ ਵਿੱਚ ਸੰਗਰੂਰ ਨੇ ਮਲੇਰਕੋਟਲਾ ਨੂੰ 12 ਅੰਕਾਂ, ਪਟਿਆਲਾ ਨੇ ਬਰਨਾਲਾ ਨੂੰ 11 ਅੰਕਾਂ, ਮੋਗਾ ਨੇ ਜਲੰਧਰ ਨੂੰ 03 ਅੰਕ ਨਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਨੂੰ 11 ਅੰਕਾਂ ਨਾਲ ਹਰਾ ਕਿ ਜਿੱਤ ਹਾਸਲ ਕੀਤੀ।
ਕਬੱਡੀ (ਸਰਕਲ ਸਟਾਈਲ) ਲੜਕੀਆਂ ਅੰਡਰ-14 ਉਮਰ ਵਰਗ ਦੇ ਮੁਕਾਬਲਿਆਂ ਵਿੱਚ ਫ਼ਰੀਦਕੋਟ ਦੀ ਟੀਮ ਨੇ ਰੋਪੜ ਨੂੰ 22-17 ਅੰਕਾਂ, ਤਰਨਤਾਰਨ ਨੇ ਅੰਮ੍ਰਿਤਸਰ ਨੂੰ 29-19 ਅੰਕਾਂ, ਫ਼ਿਰੋਜਪੁਰ ਨੇ ਬਰਨਾਲਾ ਨੂੰ 18-00 ਅੰਕਾਂ, ਬਠਿੰਡਾ ਨੇ ਮੋਹਾਲੀ ਨੂੰ 20-02 ਅੰਕਾਂ ਦੇ ਭਾਰੀ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਲੜਕੇ ਅੰਡਰ-17 ਉਮਰ ਵਰਗ ਵਿੱਚ ਜਲੰਧਰ ਨੇ ਰੋਪੜ ਨੂੰ 28-16 ਅੰਕਾਂ, ਲੁਧਿਆਣਾ ਨੇ ਫ਼ਰੀਦਕੋਟ ਨੂੰ 27-14 ਅੰਕਾਂ, ਮਲੇਰਕੋਟਲਾ ਨੇ ਮਾਨਸਾ ਨੂੰ 26-16ਅੰਕਾਂ, ਮੋਗਾ ਨੇ ਫ਼ਿਰੋਜਪੁਰ ਨੂੰ 24-14 ਅੰਕਾਂ, ਬਠਿੰਡਾ ਨੇ ਫ਼ਤਿਹਗੜ੍ਹ ਸਾਹਿਬ ਨੂੰ 19-10 ਅੰਕਾਂ ਅਤੇ ਅੰਮ੍ਰਿਤਸਰ ਸਾਹਿਬ ਨੇ ਪਠਾਨਕੋਟ 22-07 ਦੇ ਵੱਡੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ।