ਕੈਨੇਡਾ: ਮੌਡਰੇਟ ਸਿੱਖ ਸੁਸਾਇਟੀਆਂ ਵੱਲੋਂ ਫਿਰਕੂ ਤਾਕਤਾਂ ਤੇ ਕਥਿਤ ਹੁੱਲੜਬਾਜ਼ਾਂ ਦਾ ਮੁਕਾਬਲਾ ਕਰਨ ਦਾ ਸੱਦਾ
ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸਰੀ ਵਿਚ ਹੋਇਆ ਲੋਕਾਂ ਦਾ ਭਾਰੀ ਇਕੱਠ
ਹਰਦਮ ਮਾਨ
ਵੈਨਕੂਵਰ, 5 ਨਵੰਬਰ 2024-ਬੀਤੇ ਐਤਵਾਰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਤਿਕਾਰ ਅਤੇ ਮਾਣ-ਮਰਿਆਦਾ ਦੇ ਮੁੱਦੇ ਉਪਰ ਕਥਿਤ ਸਤਿਕਾਰ ਕਮੇਟੀ ਵੱਲੋਂ ਕੀਤੀਆਂ ਆਪਹੁਦਰੀਆਂ ਕਾਰਵਾਈਆਂ ਨੂੰ ਰੋਕੇ ਜਾਣ ਦੇ ਸੱਦੇ ਉਪਰ ਸਰੀ ਦੇ ਆਰੀਆ ਬੈਂਕੁਇਟ ਹਾਲ ਵਿਚ ਬੀਸੀ ਦੀਆਂ ਮੌਡਰੇਟ ਸਿੱਖ ਸੁਸਾਇਟੀਆਂ ਦਾ ਭਾਰੀ ਇਕੱਠ ਹੋਇਆ।
ਇਸ ਇਕੱਠ ਦੌਰਾਨ ਪਿਛਲੇ ਸਮੇਂ ਦੌਰਾਨ ਨਾਮ ਨਿਹਾਦ ਸਤਿਕਾਰ ਕਮੇਟੀ ਅਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਲਗਾਤਾਰ ਮੌਡਰੇਟ ਕਮੇਟੀਆਂ ਦੇ ਪ੍ਰਬੰਧ ਵਾਲੇ ਗੁਰੂ ਘਰਾਂ ਵਿਚ ਦਖ਼ਲ ਅੰਦਾਜ਼ੀ ਕਰਦਿਆਂ ਕਥਿਤ ਤੌਰ ‘ਤੇ ਹੁੱਲੜਬਾਜ਼ੀ ਕਰਨ, ਆਨੰਦ ਕਾਰਜ ਦੀ ਰਸਮ ਦੌਰਾਨ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਜਬਰੀ ਚੁੱਕਣ, ਬਜ਼ੁਰਗ ਪੈਨਸ਼ਨਰਾਂ ਲਈ ਭਾਰਤੀ ਕੌਂਸਲੇਟ ਵੱਲੋਂ ਲਾਏ ਜਾਂਦੇ ਲਾਈਫ ਸਰਟੀਫਿਕੇਟ ਕੈਂਪਾਂ ਦੌਰਾਨ ਪ੍ਰਬੰਧਕਾਂ, ਅਧਿਕਾਰੀਆਂ ਤੇ ਬਜ਼ੁਰਗਾਂ ਨੂੰ ਗਾਲੀ ਗਲੋਚ ਕਰਨ, ਡਰਾਉਣ ਧਮਕਾਉਣ ਅਤੇ ਨਗਰ ਕੀਰਤਨ ਦੌਰਾਨ ਵੀ ਰੌਲਾ ਰੱਪਾ ਪਾਉਣ ਦੀਆਂ ਕੋਸ਼ਿਸ਼ਾਂ ਅਤੇ ਗੁੰਡਾਗਰਦੀ ਵਾਲੇ ਵਿਵਹਾਰ ਦੀ ਨਿੰਦਾ ਕਰਦਿਆਂ ਇਹਨਾਂ ਕਥਿਤ ਹੁੱਲੜਬਾਜ਼ ਤਾਕਤਾਂ ਵਿਰੁੱਧ ਇਕਮੁੱਠ ਹੋਣ ਅਤੇ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਇਕੱਠ ਵਿਚ ਸ਼ਾਮਲ ਲੋਕਾਂ ਵੱਲੋਂ ਮੌਡਰੇਟ ਸਿੱਖ ਸੁਸਾਇਟੀਆਂ ਦੇ ਪ੍ਰਬੰਧ ਵਿਚ ਦਖ਼ਲ ਦੇਣ ਵਾਲੇ ਕਥਿਤ ਹੁੱਲੜਬਾਜ਼ਾਂ ਤੇ ਉਹਨਾਂ ਦੇ ਸਮਰਥਕਾਂ ਖ਼ਿਲਾਫ ਡਟ ਕੇ ਖੜ੍ਹਨ ਅਤੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਹੱਥ ਖੜ੍ਹੇ ਕਰ ਕੇ ਮਤਾ ਪਾਸ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਸੁੰਨੜ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਵੈਨਕੂਵਰ ਗੁਰੂ ਘਰ ਵਿਖੇ ਭਾਰਤੀ ਕੌਂਸਲੇਟ ਵੱਲੋਂ ਲਾਏ ਕੈਂਪ ਦੌਰਾਨ ਲਾਈਫ ਸਰਟੀਫਕੇਟ ਲੈਣ ਆਏ ਬਜ਼ੁਰਗ ਪੈਨਸ਼ਰਾਂ ਨੂੰ ਵਿਖਾਵਾਕਾਰੀਆਂ ਨੇ ਧਮਕੀਆਂ ਦਿੰਦਿਆਂ ਕਿਹਾ ਕਿ ਤੁਸੀਂ ਆਪਣੀ ਮੌਤ ਦੇ ਸਰਟੀਫਿਕੇਟ ਤੇ ਸਾਈਨ ਕਰ ਰਹੇ ਹੋ ਨਾ ਕਿ ਲਾਈਫ ਸਰਟੀਫਿਕੇਟਾਂ ਉਪਰ। ਇਸ ਤੋਂ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਗਿਆ ਤੇ ਉਹਨਾਂ ਵਿਖਾਵਾਕਾਰੀਆਂ ਦੀ ਗੁੰਡਾਗਰਦੀ ਦੀ ਕਰੜੀ ਨਿੰਦਾ ਕੀਤੀ।
ਮੰਚ ਦਾ ਸੰਚਾਲਨ ਕਰਦਿਆਂ ਖਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਸਾਰੀਆਂ ਸੁਸਾਇਟੀਆਂ ਅਤੇ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਮੀਟਿੰਗ ਅਤੇ ਏਜੰਡੇ ਬਾਰੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮੌਡਰੇਟ ਸਿੱਖ ਸੁਸਾਇਟੀਆਂ ਖਿਲਾਫ ਕੁਝ ਵਿਅਕਤੀਆਂ ਵੱਲੋਂ ਕਥਿਤ ਗੁੰਡਾਗਰਦੀ ਕਰਦਿਆਂ ਧਮਕੀਆਂ ਅਤੇ ਗੰਦੀ ਭਾਸ਼ਾ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ। ਇਸ ਸਾਲ ਨਗਰ ਕੀਰਤਨ ਵਿਚ ਵਿਗਾੜ ਪਾਉਣ ਤੇ ਗੰਦੀ ਭਾਸ਼ਾ ਦਾ ਇਸਤੇਮਾਲ ਕਰਨਾ, ਪਿਛਲੇ ਸਾਲ ਤੇ ਇਸ ਸਾਲ ਲਾਈਫ ਸਰਟੀਫਿਕੇਟ ਦੇਣ ਆਏ ਕੌਂਸਲੇਟ ਜਨਰਲ ਵੈਨਕੂਵਰ ਦੇ ਅਧਿਕਾਰੀਆਂ ਨੂੰ ਮੰਦੀ ਭਾਸ਼ਾ ਬੋਲਣਾ, ਕਮੇਟੀ ਮੈਂਬਰਾਂ ਨੂੰ ਗਾਲੀ ਗਲੋਚ ਕਰਨਾ ਅਤੇ ਜੇ ਪੀ ਫਾਰਮ ਤੋਂ ਅਨੰਦ ਕਾਰਜ ਦੀ ਰਸਮ ਸਮੇਂ ਗੁਰੂ ਗਰੰਥ ਸਾਹਿਬ ਦਾ ਸਰੂਪ ਜਬਰੀ ਚੁੱਕ ਕੇ ਲੈ ਜਾਣਾ ਅਤੇ ਧਮਕੀਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਇਹ ਕਹਿਣਾ ਕਿ ਤੁਹਾਡੇ ਨਾਲ ਮੱਸੇ ਰੰਗੜ ਵਾਲਾ ਵਰਤਾਓ ਕੀਤਾ ਜਾਵੇਗਾ। ਖਾਸ ਤੌਰ ‘ਤੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੂੰ ਕਸ਼ਮੀਰੀ ਲਾਲ ਦੇ ਨਾਮ ਨਾਲ ਚਿੜਾਉਣਾ। ਇਸ ਤਰਾਂ ਦੀਆਂ ਅਨੇਕਾਂ ਉਦਾਹਰਣਾਂ ਹਨ ਜੋ ਪ੍ਰੇਸ਼ਾਨੀ ਦਾ ਕਾਰਨ ਹਨ।
ਕੁਲਦੀਪ ਸਿੰਘ ਥਾਂਦੀ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਨੇ ਇਹਨਾਂ ਘਟਨਾਵਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਾਡੇ ਸਬਰ ਦਾ ਪਿਆਲਾ ਭਰ ਚੁੱਕਾ ਹੈ। ਉਹ ਇਸ ਗੁੰਡਾਗਰਦੀ ਦਾ ਵਿਰੋਧ ਕਰਦੇ ਹਨ ਤੇ ਹੁਣ ਸਾਨੂੰ ਮਜਬੂਰ ਹੋ ਕੇ ਇਹਨਾਂ ਵਿਰੁੱਧ ਸਖਤ ਸਟੈਂਡ ਲੈਣਾ ਪਵੇਗਾ ਤਾਂ ਹੀ ਇਹਨਾਂ ਨੂੰ ਨੱਥ ਪਾਈ ਜਾ ਸਕੇਗੀ। ਸੰਗਤਾਂ ਨੇ ਜੈਕਾਰਿਆਂ ਨਾਲ ਕੁਲਦੀਪ ਸਿੰਘ ਥਾਂਦੀ ਦੇ ਇਸ ਸਟੈਂਡ ਦੀ ਹਮਾਇਤ ਕੀਤੀ ਅਤੇ ਹੱਥ ਖੜ੍ਹੇ ਕਰ ਕੇ ਇਸ ਦੀ ਪ੍ਰਵਾਨਗੀ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਆਉਣ ਵਾਲੇ ਸਮੇਂ ਵਿਚ ਇਕਮੁੱਠ ਹੋ ਕੇ ਇਹਨਾਂ ਹਰਕਤਾਂ ਨੂੰ ਰੋਕਣ ਲਈ ਸਟੈਂਡ ਲੈਣਾ ਪਵੇਗਾ। ਇਸ ਵਾਰ ਅਸੀਂ ਕੌਸਲੇਟ ਦਫਤਰ ਦਾ ਕੈਂਪ ਲਾਉਣ ਤੋਂ ਪਹਿਲਾਂ ਕੋਰਟ ਤੋਂ ਸੁਰੱਖਿਆ ਲਈ ਆਰਡਰ ਪ੍ਰਾਪਤ ਕੀਤੇ ਸਨ ਤਾਂ ਜੋ ਲਾਈਫ ਸਰਟੀਫਿਕੇਟ ਜਾਰੀ ਕਰਨ ਸਮੇਂ ਅਧਿਕਾਰੀਆਂ ਤੇ ਪੈਨਸ਼ਨਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਪਰ ਅੱਗੇ ਤੋਂ ਅਸੀਂ ਇਸ ਨਾਲ ਆਪ ਨਿਜੱਠਣਾ ਜਾਣਦੇ ਹਾਂ ਤੇ ਨਿਜੱਠਾਂਗੇ ਵੀ। ਕੁਲਵੰਤ ਸਿੰਘ ਢੇਸੀ ਨੇ ਸੁਝਾਅ ਦਿੱਤਾ ਕਿ ਸਰੀ-ਡੈਲਟਾ ਗੁਰੂ ਘਰ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਓ ਤਾਂ ਕਿ ਉਥੇ ਕਬਜ਼ਾ ਕਰੀ ਬੈਠੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ। ਪ੍ਰੀਤ ਸਿੰਘ ਸੰਧੂ ਨੇ ਵੀ 1998 ਦਾ ਸਮਾਂ ਯਾਦ ਕਰਵਾਉਂਦੇ ਹੋਏ ਦੱਸਿਆ ਕਿ ਉਦੋਂ ਵੀ ਇਹਨਾਂ ਦੀ ਗੁੰਡਾਗਰਦੀ ਇਸੇ ਤਰਾਂ ਹੀ ਸੀ ਜਿਹਨਾਂ ਨੂੰ ਮੌਡਰੇਟ ਗਰੁੱਪਾਂ ਨੇ ਇਕੱਠੇ ਹੋ ਕੇ ਨਜਿਠਿਆ ਸੀ।
ਨਾਰਥ ਅਮਰੀਕਾ ਹਿੰਦੂ ਐਸੋਸੀਏਸ਼ਨ ਦੇ ਬੁਲਾਰੇ ਵਿਜੈ ਚੱਕਰਵਰਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਸ਼ਮੀਰੀ ਪੰਡਿਤਾਂ ਨਾਲ ਸਬੰਧਿਤ ਹਨ। ਸਿੱਖ ਗੁਰੂ ਸਾਹਿਬਾਨ ਦੀ ਕ੍ਰਿਪਾ ਸਕਦਾ ਹੀ ਉਹਨਾਂ ਦੇ ਧਰਮ ਦੀ ਰੱਖਿਆ ਹੋ ਸਕੀ ਸੀ। ਉਹਨਾਂ ਦੇ ਮਨ ਵਿਚ ਸਿੱਖ ਗੁਰੂਆਂ ਪ੍ਰਤੀ ਭਾਰੀ ਸ਼ਰਧਾ ਹੈ ਪਰ ਕੁਝ ਲੋਕ ਹਿੰਦੂ-ਸਿੱਖਾਂ ਵਿਚਾਲੇ ਪਾੜਾ ਪਾਉਣ ਦਾ ਯਤਨ ਕਰ ਰਹੇ ਹਨ । ਇਸ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਸਾਨੂੰ ਸਭ ਨੂੰ ਇਕਮੁੱਠ ਹੋਣ ਦੀ ਲੋੜ ਹੈ। ਹਿੰਦੂ ਮੰਦਿਰ ਸਰੀ ਦੇ ਪ੍ਰਤੀਨਿਧ ਵਿਨੇ ਸ਼ਰਮਾ ਨੇ ਕਿਹਾ ਕਿ ਹਿੰਦੂ-ਸਿੱਖ ਭਾਈਚਾਰਾ ਇਕ ਹੈ। ਹਿੰਦੂ ਭਾਈਚਾਰਾ ਆਪਣੇ ਦੇਵੀ ਦੇਵਤਿਆਂ ਵਾਂਗ ਹੀ ਸਿੱਖ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਰੱਖਦਾ ਹੈ। ਉਹਨਾਂ ਧਾਰਮਿਕ ਸਥਾਨਾਂ ਉਪਰ ਅੰਤਰਜਾਤੀ ਵਿਆਹਾਂ ਉਪਰ ਰੋਕ ਲਾਏ ਜਾਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਨਫਰਤ ਦੇ ਵਪਾਰੀਆਂ ਨੂੰ ਵੀ ਪਛਾਣਨ ਦਾ ਸੱਦਾ ਦਿੱਤਾ। ਗੁਰੂ ਰਵਿਦਾਸ ਸਭਾ ਵੈਨਕੂਵਰ ਦੇ ਪ੍ਰਧਾਨ ਹਰਜੀਤ ਸਿੰਘ ਸੋਹਪਾਲ ਨੇ ਭਾਈਚਾਰੇ ਸਾਂਝ ਦੀ ਮਜ਼ਬੂਤੀ ਉਪਰ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਖਾਲਸਾ ਦੀਵਾਨ ਸੁਸਾਇਟੀ ਜੋ ਵੀ ਪ੍ਰੋਗਰਾਮ ਦੇਵੇਗੀ, ਉਹ ਉਸ ਦਾ ਹਮੇਸ਼ਾ ਸਾਥ ਦੇਣਗੇ।
ਇਸ ਮੌਕੇ ਬੋਲਦਿਆਂ ਮਲਕੀਤ ਸਿੰਘ ਧਾਮੀ (ਸਾਬਕਾ ਪ੍ਰਧਾਨ), ਜਸਵਿੰਦਰ ਸਿੰਘ ਹੇਅਰ, ਦਰਸ਼ਨ ਮਾਹਲ, ਗੁਰਦੇਵ ਸਿੰਘ ਬਰਾੜ, ਗੁਰਬਖਸ਼ ਸਿੰਘ ਬਾਗੀ ਸੰਘੇੜਾ, ਗਿਆਨੀ ਹਰਕੀਰਤ ਸਿੰਘ, ਬਿਲ ਬਸਰਾ (ਸਾਬਕਾ ਪ੍ਰਧਾਨ ਗੁਰੂ ਰਵਿਦਾਸ ਸਭਾ), ਮਨਜੀਤ ਸਿੰਘ ਪਨੇਸਰ (ਸਾਬਕਾ ਸਕੱਤਰ ਰਾਮਗੜ੍ਹੀਆ ਸੁਸਾਇਟੀ ਸਰੀ), ਮਨਿੰਦਰ ਸਿੰਘ ਗਿੱਲ (ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ), ਪ੍ਰਸ਼ੋਤਮ ਗੋਇਲ (ਪ੍ਰਤੀਨਿਧ ਲਕਸ਼ਮੀ ਨਾਰਾਇਣ ਮੰਦਿਰ) ਨੇ ਖਾਲਸਾ ਦੀਵਾਨ ਸੁਸਾਇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਅਖੀਰ ਵਿਚ ਕਸ਼ਮੀਰ ਸਿੰਘ ਧਾਲੀਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com