ਸੇਵਾ ਕੇਂਦਰ ਜਾ ਕੇ ਆਪਣੇ ਤੇ ਆਪਣੇ ਬੱਚਿਆਂ ਦੇ ਆਧਾਰ ਅਪਡੇਟ ਕਰਵਾਓ: ਡਿਪਟੀ ਕਮਿਸ਼ਨਰ
ਫਾਜ਼ਿਲਕਾ, 7 ਨਵੰਬਰ
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ‘ਆਧਾਰ’ ਇਕ ਮਹੱਤਵਪੂਰਨ ਪਛਾਣ ਪੱਤਰ ਹੈ, ਜੋ ਨਾਗਰਿਕਾਂ ਨੂੰ ਵੱਖ-ਵੱਖ ਲਾਭ ਪ੍ਰਦਾਨ ਕਰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਜਿਨ੍ਹਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣੇ ਹਨ, ਉਨ੍ਹਾਂ ਦੇ ਮਾਪੇ ਨਜ਼ਦੀਕੀ ਸੇਵਾ ਕੇਂਦਰ ਵਿੱਚ ਜਾ ਕੇ ਬੱਚਿਆਂ ਦੇ ਆਧਾਰ ਕਾਰਡ ਬਣਵਾਉਣ। ਇਸ ਤੋਂ ਇਲਾਵਾ ਜਿਨ੍ਹਾਂ 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦਾ ਬਾਇਓਮੀਟ੍ਰਿਕ ਅਪਡੇਟ ਬਕਾਇਆ ਹੈ, ਉਹ ਵੀ ਕਰਵਾਇਆ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਜਿੰਨ੍ਹਾਂ ਨਾਗਰਿਕਾਂ ਦੇ ਮੋਬਾਇਲ ਨੰਬਰ ਆਧਾਰ ਕਾਰਡ ਨਾਲ ਲਿੰਕ ਨਹੀਂ ਹਨ ਅਤੇ ਬਾਇਓਮੀਟ੍ਰਿਕ ਅੱਪਡੇਟ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਸੇਵਾਵਾਂ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿੱਚ ਜਾ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਆਧਾਰ ਕਾਰਡ ਅੱਪਡੇਟ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿੱਚ ਆਧਾਰ ਅਪਡੇਟ ਨਾ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੀ ਦਫ਼ਤਰੀ ਸਮੱਸਿਆ ਤੋਂ ਬਚਿਆ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 21 ਸੇਵਾ ਕੇਂਦਰਾਂ ਵਿੱਚ ਆਧਾਰ ਕਾਰਡ ਦੀ ਸੇਵਾ ਉਪਲਬਧ ਹੈ। ਇਸ ਤੋਂ ਇਲਾਵਾ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਵਿੱਚ ਲੋੜ ਅਨੁਸਾਰ ਆਧਾਰ ਕਾਊਂਟਰ ਵੀ ਮੌਜੂਦ ਹਨ।