ਅਵਾਮੀ ਜਥੇਬੰਦੀਆਂ ਤੇ ਜਮਹੂਰੀ ਸ਼ਖਸ਼ੀਅਤਾਂ ਦਾ ਮਨਸੂਬਾ ਹੋਮ ਗਾਰਡ ਦਫਤਰ ਖਾਲੀ ਕਰਵਾਉਣਾ ਨਹੀਂ ਹੋ ਰਿਹਾ ਪੂਰਾ
ਦਫਤਰ ਖਾਲੀ ਕਰਵਾਉਣ ਆਏ ਪ੍ਰਸ਼ਾਸਨਿਕ ਅਧਿਕਾਰੀ ਬੇ ਰੰਗ ਪਰਤੇ
ਦੀਪਕ ਜੈਨ
ਜਗਰਾਉਂ, 8 ਨਵੰਬਰ 2024-ਬੇਸਿਕ ਸਕੂਲ ਨਾਲ ਬਣੇ ਪ੍ਰਾਈਮਰੀ ਸਕੂਲ ਅੰਦਰ ਪੁਰਾਣੀ ਅਤੇ ਖਸਤਾ ਹਾਲਤ ਬਿਲਡਿੰਗ ਵਿੱਚ ਜਿੱਥੇ ਸਕੂਲ ਦੇ ਬੱਚਿਆਂ ਦੇ ਬੈਠਣ ਲਈ ਅਲੱਗ ਅਲੱਗ ਕਮਰੇ ਦੀ ਖਸਤਾ ਹਾਲ ਵਿੱਚ ਹਨ ਅਤੇ ਇਸ ਸਕੂਲ ਵਿੱਚ ਪੰਜਾਬ ਹੋਮ ਗਾਰਡ ਦੇ ਦਫਤਰ ਪਿਛਲੇ ਕਾਫੀ ਅਰਸੇ ਤੋਂ ਬਣਿਆ ਹੋਇਆ ਹੈ ਕਿ ਪੰਜਾਬ ਸਰਕਾਰ ਦਾ ਅਦਾਰਾ ਹੋਮ ਗਾਰਡ ਇਸ ਸਕੂਲ ਦੇ ਕਮਰਿਆ ਉੱਪਰ ਕਾਬਜ਼ ਹੈ ਪਰ ਪਿਛਲੇ ਡੇਢ ਮਹੀਨੇ ਤੋਂ ਅਵਾਮੀ ਜਥੇਬੰਦੀਆਂ ਅਤੇ ਜਮਹੂਰੀ ਸ਼ਖਸ਼ੀਅਤਾਂ ਵੱਲੋਂ ਪੰਜਾਬ ਹੋਮਗਾਰਡ ਦੇ ਦਫਤਰ ਨੂੰ ਖਾਲੀ ਕਰਵਾਉਣ ਲਈ ਵਿਡੀ ਗਈ ਮੁਹਿੰਮ ਅੱਜ ਉਸ ਵੇਲੇ ਠੁੱਸ ਹੋ ਗਈ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਹੋਮ ਗਾਰਡ ਦਫਤਰ ਦਾ ਕਬਜ਼ਾ ਹੋਮ ਗਾਰਡ ਦਫਤਰ ਤੋਂ ਖਾਲੀ ਕਰਵਾ ਕੇ ਸਕੂਲ ਦੇ ਸਪੁਰਦ ਕਰਨ ਲਈ ਪਹੁੰਚੇ ਤਾਂ ਉਹਨਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ।
ਤੁਹਾਨੂੰ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਜਗਰਾਉਂ ਦੇ ਬੇਸਿਕ ਪ੍ਰਾਇਮਰੀ ਸਕੂਲ ਦੇ ਉਹ ਕਮਰੇ ਜਿਨ੍ਹਾਂ ਤੇ ਹੋਮਗਾਰਡ ਦਫਤਰ ਦਾ ਕਬਜ਼ਾ ਹੈ, ਨੂੰ 15 ਦਿਨਾਂ ਚ ਖਾਲੀ ਕਰਾਉਣ ਦੇ ਜਗਰਾਉਂ ਪ੍ਰਸ਼ਾਸ਼ਨ ਨੂੰ ਦਿੱਤੇ ਹੁਕਮ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਅਮਲੀ ਰੂਪ ਚ ਨਾ ਆਉਣ ਤੇ ਜਗਰਾਉਂ ਦੀਆਂ ਆਵਾਮੀ ਜਥੇਬੰਦੀਆਂ ਅਤੇ ਜਮਹੂਰੀ ਸ਼ਖਸੀਅਤਾਂ ਵਲੋਂ ਪਿਛਲੇ ਦਿਨੀਂ 4 ਨਵੰਬਰ ਨੂੰ ਐਸ ਡੀ ਐਮ ਦਫਤਰ ਨੂੰ ਇਕ ਹਫਤੇ ਚ ਉਕਤ ਹੁਕਮ ਲਾਗੂ ਕਰਨ ਦੇ ਦਿੱਤੇ ਨੋਟਿਸ ਦੀਆਂ ਖਬਰਾਂ ਅਖਬਾਰਾਂ ਚ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਹੋਣ ਤੇ ਸੰਬੰਧਤ ਅਫਸਰ ਹਰਕਤ ਚ ਆਏ ਹਨ। ਅੱਜ ਇਸ ਸੰਬੰਧੀ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਅਤੇ ਬਲਾਕ ਸਿੱਖਿਆ ਅਫਸਰ ਦੀ ਟੀਮ ਕਬਜਾ ਲੈਣ ਪੁੱਜ ਗਈ।
ਦੂਜੇ ਪਾਸੇ ਹੋਮ ਗਾਰਡ ਦਫਤਰ ਦੇ ਇਕ ਅਫਸਰ ਹੇਮੰਤ ਕੁਮਾਰ ਵੀ ਪੁੱਜੇ ਹੋਏ ਸਨ। ਤਹਿਸੀਲਦਾਰ ਚਾਹੁੰਦੇ ਸੀ ਕਿ ਇਕ ਵੱਡਾ ਕਮਰਾ ਖਾਲੀ ਕਰਵਾ ਲਿਆ ਜਾਵੇ। ਜਿੱਥੇ ਬੱਚਿਆ ਨੂੰ ਬਿਠਾ ਦਿੱਤਾ ਜਾਵੇ, ਹੋਮਗਾਰਡ ਦਫਤਰ ਦਾ ਸਮਾਨ ਦੋ ਚਾਰ ਦਿਨ ਲਈ ਇਕ ਛੋਟੇ ਕਮਰੇ ਚ ਸਿਫਟ ਕਰ ਦਿੱਤਾ ਜਾਵੇ। ਜਦੋਂ ਖੁਸ਼ੀ ਨਾਲ ਫੁੱਲੇ ਨਾ ਸਮਾਉਂਦੇ ਮਾਸੂਮ ਬੱਚਿਆਂ ਨੇ ਅਧਿਆਪਕਾਂ ਸਮੇਤ ਉਕਤ ਕਮਰੇ ਚ ਦਾਖਲ ਹੋਣਾ ਚਾਹਿਆ ਤਾ ਹੋਮਗਾਰਡ ਕਰਮਚਾਰੀਆਂ ਨੇ ਇਸ ਦੀ ਆਗਿਆ ਨਹੀਂ ਦਿੱਤੀ। ਜਿਸ ਨਾਲ ਸਿਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਹੋਮਗਾਰਡ ਕਰਮਚਾਰੀ ਵਿਚਕਾਰ ਥੋੜ੍ਹੀ ਬਹਿਸਬਾਜੀ ਵੀ ਹੋਈ। ਅੰਤ ਚ ਹੋਮਗਾਰਡ ਨੇ ਸੋਮਵਾਰ ਤੱਕ ਦਾ ਸਮਾਂ ਮੰਗ ਲਿਆ ਹੈ ਤਾਂ ਜੋ ਯੋਗ ਥਾਂ ਦਫਤਰ ਦੇ ਆਰਡਰ ਕਰਵਾ ਸਕਣ।
ਇਸ ਮੌਕੇ ਇਸ ਮਸਲੇ ਤੇ ਸੰਘਰਸ਼ ਕਰ ਰਹੀ ਕਮੇਟੀ ਦੇ ਬੁਲਾਰਿਆਂ ਅਵਤਾਰ ਸਿੰਘ, ਜੋਗਿੰਦਰ ਆਜਾਦ, ਅਸ਼ੋਕ ਭੰਡਾਰੀ, ਜਸਵੰਤ ਸਿੰਘ ਕਲੇਰ ਅਤੇ ਹਰਭਜਨ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸ਼ਨ ਬਿਨਾਂ ਦੇਰੀ ਡਿਪਟੀ ਕਮਿਸ਼ਨਰ ਦੇ ਹੁਕਮ ਲਾਗੂ ਕਰੇ। ਉਹਨਾਂ ਕਿਹਾ ਕਿ ਇਹਨਾਂ ਦੇ ਅਫਸਰ ਸਾਹਿਬਬਾਨ ਨੂੰ ਖਾਲੀ ਇਮਾਰਤਾਂ ਦੀ ਜਾਣਕਾਰੀ ਵੀ ਦਿੱਤੀ ਹੈ ਅਤੇ ਮੌਕੇ ਤੇ ਲਿਜਾ ਕੇ ਸਥਿਤੀ ਵੀ ਦਿਖਾਈ ਹੈ। ਆਗੂਆਂ ਨੇ ਕਿਹਾ ਕਿ ਮਸਲਿਆਂ ਨੂੰ ਲੰਬਾ ਸਮਾਂ ਲਟਕਾਉਣ ਨਾਲ ਮਾਹੌਲ ਨਾਖੁਸ਼ਗਵਾਰ ਬਣਦਾ ਹੈ। ਉਹਨਾਂ ਕਿਹਾ ਕਿ ਮਸਲਾ ਹੱਲ ਨਾ ਹੋਣ ਦੀ ਹਾਲਤ ਚ 14 ਨੰਬਰ ਨੂੰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਮੁਜ਼ਾਹਰਾ ਕਰਨਾ ਸਾਡੀ ਮਜਬੂਰੀ ਹੋਵੇਗੀ। ਇਸ ਦੌਰਾਨ ਡੀ ਟੀ ਐਫ ਆਗੂਆਂ ਦਵਿੰਦਰ ਸਿੰਘ , ਰਾਣਾ ਆਲਮਦੀਪ ,ਹਰਦੀਪ ਸਿੰਘ ਅਤੇ ਜਿਲ੍ਹਾ ਸਕੱਤਰ ਹਰਜੀਤ ਸਿੰਘ ਨੇ ਵੀ ਇਸ ਪਰੋਗਰਾਮ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।