ਲੰਮੇਂ ਅਰਸੇ ਤੋਂ ਚਲ ਰਹੀ ਬਿਮਾਰੀ ਬਣ ਸਕਦੀ ਹੈ ਕੈਂਸਰ- ਡਾ: ਅਸ਼ਵਨੀ ਕੁਮਾਰ
ਜਾਗਰੂਕਤਾ ਨਾਲ ਕੈਂਸਰ ਤੋਂ ਬੱਚੀਆ ਜਾ ਸਕਦਾ ਹੈ - ਡਾ: ਅਸ਼ਵਨੀ ਕੁਮਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਨਵੰਬਰ.2024- ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ਵਨੀ ਕੁਮਾਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੀ ਯੋਗ ਅਗਾਵਈ ਹੇਠ ਅੱਜ ਰਾਸ਼ਟਰੀ ਕੈਂਸਰ ਦਿਵਸ ਮਨਾਇਆ ਗਿਆ। ਇਸ ਤਹਿਤ ਬਲਾਕ ਪੱਧਰੀ “ਮਹਿਲਾ ਤੇ ਬਾਲ ਸਭਾ” ਦੀ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਤਹਿਤ ਆਸ਼ਾ ਵਰਕਰਾਂ ਅਤੇ ਆਗਨਵਾੜੀ ਵਰਕਰਾਂ ਨੂੰ ਕੈਂਸਰ ਸੰਬੰਧੀ ਵਿਸਥਾਰ ਨਾਲ ਦੱਸਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਏ.ਐਮ.ਓ ਡਾ. ਗੌਰਵ ਕੁਮਾਰ ਨੇ ਦੱਸਇਆ ਕਿ ਰਾਸ਼ਟਰੀ ਕੈਂਸਰ ਦਿਵਸ ਹਰ ਸਾਲ 07 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਵਿੱਚ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਤਾਂ ਜੋ ਇਸ ਬਿਮਾਰੀ ਦਾ ਜਲਦੀ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਂਸਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ। ਇਸ ਦੀ ਪਛਾਣ ਲੈਬੋਰੇਟਰੀ `ਚ ਟੈਸਟ ਦੁਆਰਾ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੱਕ ਤੰਬਾਕੂ ਤੇ ਗੁਟਖੇ ਦਾ ਸੇਵਨ ਕਰਨਾ, ਸਿਹਤਮੰਦ ਖੁਰਾਕ ਦਾ ਸੇਵਨ ਨਾ ਕਰਨਾ, ਸਿਹਤ ਦਾ ਧਿਆਨ ਨਾ ਦੇਣਾ, ਸਮੇਂ ਸਿਰ ਬਿਮਾਰੀ ਦਾ ਇਲਾਜ ਨਾ ਕਰਵਾਉਣਾ, ਲੋੜ ਪੈਣ ‘ਤੇ ਦਵਾਈਆਂ ਦਾ ਬਿਨ੍ਹਾਂ ਡਾਕਟਰੀ ਸਲਾਹ ਤੋਂ ਸੇਵਨ ਕਰਨਾ ਅਤੇ ਸ਼ਰਾਬ ਦਾ ਜਿਆਦਾ ਸੇਵਨ ਆਦਿ ਕੈਂਸਰ ਹੋਣ ਦੇ ਕਾਰਣ ਬਣ ਸਕਦੇ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਸਰ ਕਈ ਤਰ੍ਹਾਂ ਦਾ ਹੂੰਦਾ ਹੈ ਜਿਸ ਵਿਚ ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ, ਪੇਟ ਦਾ ਕੈਂਸਰ,ਬੱਲਡ ਕੈਂਸਰ, ਗਲੇ ਅਤੇ ਮੂੰਹ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਮੂੰਹ ਦਾ ਕੈਂਸਰ, ਕੋਲੋਰੈਕਟਲ ਕੈਂਸਰ ਲਿਵਰ ਕੈਂਸਰ ਆਦਿ ਸ਼ਾਮਲ ਹਨ ਅਤੇ ਕੈਂਸਰ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋ ਸਕਦਾ ਹੈ। ਉਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਰੀਰ ਦੇ ਕਿਸੇ ਵੀ ਹਿੱਸੇ ਵਿਚ ਗੱਠ ਦਾ ਮਹਿਸੂਸ ਹੋਣਾ, ਨਿਗਲਣ ਵਿਚ ਕਠਿਨਾਈ ਹੋਣਾ, ਪੇਟ ਵਿਚ ਲਗਾਤਾਰ ਦਰਦ, ਜਖਮ ਦਾ ਠੀਕ ਨਾ ਹੋਣਾ, ਨਿੱਪਲ ਦੇ ਆਕਾਰ ਵਿਚ ਬਦਲਾਅ, ਸ਼ਰੀਰ ਦਾ ਵਜਨ ਤੇਜੀ ਨਾਲ ਘੱਟਣਾ ਜਾਂ ਵੱਧਣਾ, ਮੂੰਹ ਵਿਚ ਗਿਲਟੀ ਜਾਂ ਨਿਸ਼ਾਨ ਪੈਣਾ ਅਲਗ ਅਲਗ ਤਰ੍ਹਾਂ ਦੇ ਕੈਂਸਰ ਦੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਨਜਰ ਆਉਣ ਤੇ ਤੁਰੰਤ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਜੋ ਕੈਂਸਰ ਨੂੰ ਸ਼ਰੀਰ ਵਿਚ ਵਧਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਬਲਾਕ ਐਕਸਟੇਂਸ਼ਨ ਐਜੁਕੇਟਰ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੌਸ਼ਟਿਕ ਭੋਜਨ ਖਾਣ, ਜੀਵਨ ਸ਼ੈਲੀ ਵਿਚ ਸੁਧਾਰ ਕਰਨ, ਰੋਜ਼ਾਨਾ ਕਸਰਤ ਕਰਨ, ਸਮੇਂ ਸਿਰ ਡਾਕਟਰੀ ਸਲਾਹ ਨਾਲ ਯੋਗ ਇਲਾਜ ਕਰਵਾਉਣ, ਸ਼ਰਾਬ ਅਤੇ ਤੰਬਾਕੂ ਦਾ ਤਿਆਗ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਲੋਕਾਂ `ਚ ਕੈਂਸਰ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਖੈਨੀ, ਗੁਟਖਾ ਜਾਂ ਪਾਨ ਮਸਾਲਾ ਜ਼ਿਆਦਾ ਮਾਤਰਾ ਵਿਚ ਖਾਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਮੂਹ ਦਾ ਕੈਂਸਰ ਹੁੰਦਾ ਹੈ। ਜੇਕਰ ਮੂੰਹ ਵਿੱਚ ਛਾਲੇ ਹੋ ਗਏ ਹਨ, ਜੋ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਠੀਕ ਨਹੀਂ ਹੋਏ ਹਨ, ਜਾਂ ਮੂੰਹ ਖੋਲ੍ਹਣ ਵਿੱਚ ਮੁਸ਼ਕਲ ਹੈ ਜਾਂ ਆਵਾਜ਼ ਬਦਲ ਗਈ ਹੈ, ਤਾਂ ਇਹ ਮੂੰਹ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ।