ਪੰਚਾਇਤੀ ਚੋਣਾਂ ਦੌਰਾਨ ਗੁੰਡਾਗਰਦੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਹੋਣ ਕਾਰਨ ਕਿਸਾਨਾਂ ਨੇ ਥਾਣੇ ਦਾ ਕੀਤਾ ਗਿਆ ਘਿਰਾਓ
ਰੋਹਿਤ ਗੁਪਤਾ
ਗੁਰਦਾਸਪੁਰ, 8 ਨਵੰਬਰ 2024- ਪਿੰਡ ਸੁਲਤਾਨੀ ਵਿਖੇ ਪੰਚਾਇਤੀ ਚੋਣਾਂ ਦੌਰਾਨ ਗੁੰਡਾਗਰਦੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਕਰਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਥਾਣਾ ਦੌਰਾਂਗਲਾਂ ਦਾ ਘਿਰਾਓ ਕੀਤਾ ਗਿਆ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਦਰਮਿਆਨ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਸ਼ਹਿ 'ਤੇ ਪਿੰਡ ਦੇ ਹੀ ਸੁਖਜਿੰਦਰ ਸਿੰਘ ਉਰਫ ਭੱਲਾ, ਜਸਵੰਤ ਸਿੰਘ ਵੱਲੋਂ ਪਿੰਡ ਵਿੱਚ ਸ਼ਰਾਬ ਪੀ ਕੇ ਨਾ ਸਿਰਫ ਹੁੜਦੰਗਬਾਜ਼ੀ ਕੀਤੀ ਗਈ।ਬਲਕਿ ਵਿਰੋਧੀ ਧਿਰ ਦੇ ਘਰ ਮੂਹਰੇ ਜਾ ਕੇ ਲਲਕਾਰੇ ਮਾਰੇ ਅਤੇ ਝਗੜੇ ਲਈ ਉਕਸਾਉਣ ਦੇ ਯਤਨ ਕੀਤੇ। ਪਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਆਗੂਆਂ ਨੇ ਕਿਹਾ ਕੀ ਇਸ ਤੋਂ ਇਲਾਵਾ ਲਖਵੀਰ ਸਿੰਘ ਲੱਖਾ ਵੱਲੋਂ ਸ਼ਰਾਬ ਪੀ ਕੇ ਪਿੰਡ ਦੀ ਔਰਤ ਉੱਪਰ ਸਕੂਟੀ ਚੜਾਈ ਜਿਸ ਕਾਰਨ ਔਰਤ ਜ਼ਖਮੀ ਹੋਈ ਸੀ। ਧਰਨੇ ਵਿੱਚ ਹਾਜ਼ਿਰ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਇਹਨਾਂ ਵਿਅਕਤੀਆਂ ਰਾਹੀਂ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਉਹਨਾਂ ਕਿਹਾ ਕਿ ਪੁਲਿਸ ਰਾਜਨੀਤਿਕ ਦਬਾਅ ਕਰਕੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਹੈ, ਜਿਸ ਕਾਰਨ ਉਹਨਾਂ ਦੇ ਹੌਂਸਲੇ ਬੁਲੰਦ ਹਨ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੌਰਾਂਗਲਾਂ ਦੇ ਐਸਐਚਓ ਨੇ ਕਿਹਾ ਕਿ ਦੋਨਾਂ ਧਿਰਾਂ ਨੂੰ ਬੁਲਾ ਕੇ ਇਹਨਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉੱਚ ਅਧਿਕਾਰੀ ਧਰਨੇ ਵਿੱਚ ਪਹੁੰਚ ਰਹੇ ਹਨ। ਅਤੇ ਉਨਾਂ ਦੇ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਧਰਨੇ ਨੂੰ ਸਮਾਪਤ ਕਰਵਾ ਦਿੱਤਾ ਜਾਵੇਗਾ।