ਕੇਵੀਕੇ ਦੀ ਸੱਤਵੀਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਅਗਲੇ ਸਾਲ ਦੀ ਕਾਰਜ ਯੋਜਨਾ 'ਤੇ ਚਰਚਾ ਕੀਤੀ ਗਈ
ਅਬੋਹਰ, 8 ਨਵੰਬਰ 2024 - ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸੱਤਵੀਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਸੀਫੈਟ ਕੈਂਪਸ ਅਬੋਹਰ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਵਿਗਿਆਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਅਤੇ ਆਈਸੀਏਆਰ ਸੀਫੈਟ ਲੁਧਿਆਣਾ ਦੇ ਡਾਇਰੈਕਟਰ ਡਾ: ਨਚੀਕੇਤ ਕੋਤਵਾਲੀਵਾਲੇ ਨੇ ਕੀਤੀ।
ਮੀਟਿੰਗ ਵਿੱਚ ਡਾ: ਅਮਿਤ ਨਾਥ ਮੁਖੀ ਖੇਤਰੀ ਸਟੇਸ਼ਨ ਅਬੋਹਰ, ਐਸ.ਕੇ.ਵਰਮਾ ਆਈ.ਸੀ.ਏ.ਆਰ. ਸੀ.ਆਈ.ਸੀ.ਆਰ. ਸਿਰਸਾ, ਡਾ: ਅਨਿਲ ਸਾਂਗਵਾਨ ਨਿਰਦੇਸ਼ਕ ਖੇਤਰੀ ਖੋਜ ਕੇਂਦਰ ਅਬੋਹਰ, ਡਾ: ਅਰਵਿੰਦ ਕੁਮਾਰ ਅਹਲਾਵਤ ਮੁਖੀ ਕੇ.ਵੀ.ਕੇ ਆਈ.ਸੀ.ਏ.ਆਰ. ਸੀਫੈਟ ਅਬੋਹਰ ਹਾਜ਼ਰ ਸਨ।
ਮੀਟਿੰਗ ਦੌਰਾਨ ਪਿਛਲੇ ਸਾਲ ਦੀ ਪ੍ਰਗਤੀ ਰਿਪੋਰਟ ਦੀ ਸਮੀਖਿਆ ਕੀਤੀ ਗਈ ਅਤੇ ਅਗਲੇ ਸਾਲ ਦੀ ਕਾਰਜ ਯੋਜਨਾ 'ਤੇ ਵਿਚਾਰ ਕੀਤਾ ਗਿਆ। ਡਾ: ਅਰਵਿੰਦ ਕੁਮਾਰ ਅਹਲਾਵਤ ਨੇ ਪਿਛਲੇ ਸਾਲ ਦੀ ਰਿਪੋਰਟ ਪੇਸ਼ ਕਰਨ ਦੇ ਨਾਲ-ਨਾਲ ਅਗਲੇ ਸਾਲ ਦਾ ਏਜੰਡਾ ਵੀ ਕਮੇਟੀ ਅੱਗੇ ਪੇਸ਼ ਕੀਤਾ |
ਇਸ ਮੌਕੇ ਡਾ: ਨਚੀਕੇਤ ਕੋਤਵਾਲੀਵਾਲੇ ਡਾਇਰੈਕਟਰ ਆਈ.ਸੀ.ਏ.ਆਰ. ਸੀਫੈਟ ਲੁਧਿਆਣਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇ.ਵੀ.ਕੇ ਅਤੇ ਸੀਫੈਟ ਕੈਂਪਸ ਵਿਖੇ ਕਿਸਾਨਾਂ ਨੂੰ ਪ੍ਰੋਸੈਸਿੰਗ ਨਾਲ ਸਬੰਧਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਜੇਕਰ ਅਸੀਂ ਵਾਢੀ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾ ਸਕਦੇ ਹਾਂ ਤਾਂ ਇਹ ਇਕ ਤਰ੍ਹਾਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਦੇ ਬਰਾਬਰ ਹੋਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਅਤੇ ਔਰਤਾਂ ਨੂੰ ਭਾਗੀਦਾਰ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੇ.ਵੀ.ਕੇ ਦਾ ਉਦੇਸ਼ ਹੈ ਕਿ ਸਾਡੇ ਕਿਸਾਨ ਮਜਬੂਤ ਬਣਨ ਅਤੇ ਉਹ ਖੇਤੀ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਹੋ ਕੇ ਆਪਣੀ ਖੇਤੀ ਨੂੰ ਉਚ ਮੁਕਾਮਾਂ ਤੱਕ ਲੈ ਕੇ ਜਾਣ।
ਇਸ ਮੌਕੇ ਉਨ੍ਹਾਂ ਕਿਹਾ ਕਿ ਖੇਤੀ ਨਾਲ ਸਬੰਧਤ ਖੋਜਾਂ ਕਿਸਾਨਾਂ ਤੱਕ ਪਹੁੰਚਾਈਆਂ ਜਾਣ। ਆਉਣ ਵਾਲੇ ਸਾਲ ਵਿੱਚ ਕੇਵੀਕੇ ਵਿਖੇ ਕਈ ਤਰ੍ਹਾਂ ਦੇ ਸਿਖਲਾਈ ਕੈਂਪ ਲਗਾਏ ਜਾਣਗੇ ਤਾਂ ਜੋ ਸਾਡੇ ਕਿਸਾਨਾਂ ਦੇ ਹੁਨਰ ਨੂੰ ਵਿਕਸਿਤ ਕੀਤਾ ਜਾ ਸਕੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਅਗਾਂਹਵਧੂ ਕਿਸਾਨਾਂ ਵੱਲੋਂ ਤਿਆਰ ਕੀਤੇ ਆਪਣੇ ਉਤਪਾਦਾਂ ਦੇ ਸਟਾਲ ਵੀ ਲਗਾਏ ਗਏ।