ਮੰਡੀ 'ਚ ਝੋਨੇ ਦੀ ਖਰੀਦ ਨਾ ਹੋਣ ਤੇ ਕਿਸਾਨ ਵੱਲੋਂ ਖੁਦਕੁਸ਼ੀ, ਪੰਜਾਬ ਵਿੱਚ ਝੋਨਾ ਖਰੀਦ ਇਤਿਹਾਸ ਦਾ ਕਾਲਾ ਦਿਨ :- ਭਾਜਪਾ
- ਮੁੱਖ ਮੰਤਰੀ ਮਾਨ ਖ਼ਿਲਾਫ ਕਿਸਾਨ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੀਤਾ ਜਾਵੇ ਮਾਮਲਾ ਦਰਜ :- ਭਾਜਪਾ
ਚੰਡੀਗੜ੍ਹ, 8 ਨਵੰਬਰ 2024 - ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਐਮ.ਐਸ.ਪੀ. ਦੇ 44,000 ਕਰੋੜ ਰੁਪਏ ਭੇਜੇ ਜਾਣ ਦੇ ਬਾਵਜੂਦ, ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਮੰਡੀਆਂ 'ਚੋਂ ਝੋਨਾ ਖਰੀਦਣ ਵਿਚ ਨਾਕਾਮੀ ਕਾਰਨ ਹਤਾਸ ਹੋ ਕੇ ਕਿਸਾਨ ਜਸਵਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਇਹ ਪੰਜਾਬ ਵਿੱਚ ਝੋਨੇ ਦੀ ਖਰੀਦ ਦੇ ਇਤਿਹਾਸ ਦਾ ਕਾਲਾ ਦਿਨ ਹੈ। ਇਸ ਦੇ ਦੋਸ਼ੀ ਮੁੱਖ ਮੰਤਰੀ ਭਗਵੰਤ ਮਾਨ ਹਨ ਅਤੇ ਉਨ੍ਹਾਂ 'ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਹ ਗੱਲ ਭਾਜਪਾ ਦੇ ਸੀਨੀਅਰ ਨੇਤਾ ਤੇ ਕੌਮੀ ਕਾਰਜਕਾਰਣੀ ਮੈਂਬਰ ਸਰਦਾਰ ਹਰਜੀਤ ਸਿੰਘ ਗਰੇਵਾਲ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਪੰਜਾਬ ਭਾਜਪਾ ਦੇ ਮੀਡੀਆ ਮੁਖੀ ਵਿਨੀਤ ਜੋਸ਼ੀ te ਸਪੋਕਸਮੈਨ ਐੱਸ. ਐੱਸ. ਚੰਨੀ ਨਾਲ ਹਾਜੀਰ ਸਨ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਰੇਵਾਲ ਨੇ ਕਿਹਾ ਕਿ ਭਵਾਨੀਗੜ੍ਹ ਨੇੜਲੇ ਪਿੰਡ ਨਦਾਮਪੁਰ ਦਾ ਕਿਸਾਨ ਜਸਵਿੰਦਰ ਸਿੰਘ ਪਿਛਲੇ ਡੇਢ ਹਫ਼ਤੇ ਤੋਂ ਮੰਡੀ 'ਚ ਝੋਨਾ ਨਾ ਵਿਕਣ ਕਾਰਨ ਦੁੱਖੀ ਸੀ। ਇਸ ਕਾਰਨ, ਨਿਰਾਸ਼ ਹੋ ਕੇ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਇਸ ਕਿਸਾਨ ਦੀ ਖੁਦਕੁਸ਼ੀ ਨੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖਰੀਦ ਨਾਲ ਸਬੰਧਿਤ ਦਾਵਿਆਂ ਨੂੰ ਝੂਠਾ ਸਾਬਤ ਕਰ ਦਿੱਤਾ ਹੈ।
ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਬਰਬਾਦੀ ਕਾਰਨ, ਦੁੱਖੀ ਹੋ ਰਹੇ ਕਿਸਾਨਾਂ ਦੇ ਦਰਦ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਹ ਇਸ ਲਈ ਕਿਉਂਕਿ ਹਰ ਸਾਲ ਪਹਿਲੀ ਅਕਤੂਬਰ ਨੂੰ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਨੂੰ ਜੂਨ-ਜੁਲਾਈ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ। ਇਸ ਤਿਆਰੀ ਵਿੱਚ ਗੋਦਾਮਾਂ ਦੀ ਵਿਵਸਥਾ, ਬਾਰਦਾਨਾ ਅਤੇ ਤਰਪਾਲ ਦੀ ਖਰੀਦ, ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਨਾਲ ਠੇਕੇ ਅਤੇ ਰਾਈਸ ਸ਼ੈਲਰਾਂ ਨਾਲ ਝੋਨੇ ਦੀ ਸ਼ੈੱਲਿੰਗ ਲਈ ਸਮਝੌਤੇ ਸ਼ਾਮਲ ਹੁੰਦੇ ਹਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਤਿਆਰੀਆਂ ਨਹੀਂ ਕੀਤੀਆਂ, ਇਸ ਲਈ ਉਹ ਵੀ ਇਸ ਲਈ ਦੋਸ਼ੀ ਹੈ।
ਗਰੇਵਾਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਇਹ ਦੋਸ਼ ਝੂਠਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਿਛਲੇ ਸਾਲ (2023) ਦੇ ਚੌਲ ਦੀ ਲਿਫਟਿੰਗ ਨਾ ਹੋਣ ਕਾਰਨ ਰਾਈਸ ਸ਼ੈਲਰਾਂ ਵਿੱਚ ਝੋਨੇ ਲਈ ਥਾਂ ਨਹੀਂ ਹੈ। ਸੱਚਾਈ ਇਹ ਹੈ ਕਿ ਪਿਛਲੇ ਸਾਲ ਖੁੱਲ੍ਹੇ ਮੈਦਾਨ ਵਿੱਚ ਰੱਖੇ ਝੋਨੇ ਦੀ ਛਿਲਾਈ ਕਰਕੇ, ਚੌਲ ਬਣਾਕੇ, ਰਾਈਸ ਸ਼ੈਲਰਾਂ ਦੇ ਗੋਦਾਮਾਂ 'ਚ ਰੱਖਿਆ ਗਿਆ ਸੀ। ਇਸ ਲਈ ਜਿੱਥੇ ਪਿਛਲੇ ਸਾਲ ਝੋਨਾ ਰੱਖਿਆ ਸੀ, ਉਹ ਥਾਂ ਹੁਣ ਖਾਲੀ ਹੈ।