ਫ਼ਸਲ ਦੀ ਚੰਗੀ ਪੈਦਾਵਾਰ ਲਈ ਡੀ.ਏ.ਪੀ. ਦੇ ਬਦਲ ਵਜੋਂ ਹੋਰ ਖਾਦਾਂ ਦੀ ਕੀਤੀ ਜਾ ਸਕਦੀ ਹੈ ਵਰਤੋਂ
- ਮੁੱਖ ਖੇਤੀਬਾੜੀ ਅਫ਼ਸਰ ਨੇ ਖੇਤੀਬਾੜੀ ਉਤਪਾਦਕਤਾ ‘ਚ ਸੁਧਾਰ ਲਈ ਦਿੱਤੀ ਮਹੱਤਵਪੂਰਨ ਜਾਣਕਾਰੀ
ਹੁਸ਼ਿਆਰਪੁਰ, 8 ਨਵੰਬਰ 2024: ਮੁੱਖ ਖੇਤੀਬਾੜੀ ਅਫ਼ਸਰ ਦਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਫ਼ਸਲ ਦੀ ਚੰਗੀ ਪੈਦਾਵਾਰ ਨੂੰ ਬਣਾਏ ਰੱਖਣ ਲਈ ਡੀ.ਏ.ਪੀ. (ਡਾਇਆ-ਅਮੋਨੀਅਮ ਫਾਸਫੇਟ) ਦੇ ਬਦਲ ਦੇ ਰੂਪ ਵਿਚ ਕੁਝ ਹੋਰ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਡੀ.ਏ.ਪੀ. ਵਿਚ 46 ਫੀਸਦੀ ਫਾਸਫੋਰਸ ਅਤੇ 18 ਫੀਸਦੀ ਨਾਈਟ੍ਰੋਜਨ ਹੁੰਦਾ ਹੈ ਜੋ ਫ਼ਸਲਾਂ ਦੇ ਵਾਧੇ ਲਈ ਜ਼ਰੂਰੀ ਤੱਤ ਪ੍ਰਦਾਨ ਕਰਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਡੀ.ਏ.ਪੀ. ਦੀ ਥਾਂ ’ਤੇ ਐਨ.ਪੀ.ਕੇ. 12:32:16 ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਵਿਚ 32 ਫੀਸਦੀ ਫਾਸਫੋਰਸ, 12 ਫੀਸਦੀ ਨਾਈਟ੍ਰੋਜਨ ਅਤੇ 16 ਫੀਸਦੀ ਪੋਟਾਸ਼ ਹੁੰਦਾ ਹੈ। ਇਕ ਬੋਰੀ ਡੀ.ਏ.ਪੀ. ਦੇ ਤੁਲਨਾ ਵਿਚ ਡੇਢ ਬੋਰੀ ਐਨ.ਪੀ.ਕੇ. 12:32:16 ਦੀ ਵਰਤੋਂ ਬਰਾਬਰ ਫਾਸਪੋਰਸ ਅਤੇ ਨਾਈਟ੍ਰੋਜਨ ਪ੍ਰਦਾਨ ਕਰ ਸਕਦਾ ਹੈ। ਨਾਲ ਹੀ 23 ਕਿਲੋ ਪੋਟਾਸ਼ ਦੀ ਵਾਧੂ ਮਾਤਰਾ ਵੀ ਫ਼ਸਲ ਨੂੰ ਮਿਲਦੀ ਹੈ। ਇਹ ਡੀ.ਏ.ਪੀ. ਦਾ ਇਕ ਵਧੀਆ ਬਦਲ ਹੈ ਅਤੇ ਫ਼ਸਲਾਂ ਦੀ ਉਤਪਾਦਕਤਾ ਵਧਾਉਣ ਵਿਚ ਸਹਾਈ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਿੰਗਲ ਸੁਪਰ ਫਾਸਫੇਟ ਦੀ ਵੀ ਵਰਤੋਂ ਡੀ.ਏ.ਪੀ. ਦੇ ਬਦਲ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ। ਇਸ ਵਿਚ 16 ਫੀਸਦੀ ਫਾਸਫੋਰਸ ਹੁੰਦਾ ਹੈ ਅਤੇ ਇਸ ਦੇ ਤਿੰਨ ਬੋਰਿਆਂ ਦੀ ਵਰਤੋਂ ਕਰਨ ਨਾਲ ਫ਼ਸਲ ਨੂੰ ਫਾਸਫੋਰਸ ਦੇ ਨਾਲ-ਨਾਲ 18 ਕਿਲੋ ਸਲਫਰ ਵੀ ਪ੍ਰਾਪਤ ਹੁੰਦਾ ਹੈ। ਕਣਕ ਅਤੇ ਹੋਰ ਫ਼ਸਲਾਂ ਲਈ ਸਲਫਰ ਇਕ ਜ਼ਰੂਰੀ ਤੱਕ ਹੈ ਜਿਸ ਨਾਲ ਉਤਪਾਦਕਤਾ ਵਿਚ ਵਾਧਾ ਹੁੰਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਟੀ.ਐਸ.ਪੀ. ਨੂੰ ਨਵੇਂ ਬਦਲ ਦੇ ਰੂਪ ਵਿਚ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਵਿਚ 46 ਫੀਸਦੀ ਫਾਸਫੋਰਸ ਹੁੰਦਾ ਹੈ ਜੋ ਡੀ.ਏ.ਪੀ. ਦੇ ਬਰਾਬਰ ਹੈ। ਕਿਸਾਨਾਂ ਦਰਮਿਆਨ ਇਸ ਨਵੀਂ ਉਚ-ਫਾਸਫੋਰਸ ਖਾਦ ਦੀ ਵਰਤੋਂ ਕਿਸਾਨਾਂ ਵਿਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ ਜਿਸ ਨਾਲ ਫ਼ਸਲਾਂ ਨੂੰ ਜ਼ਰੂਰੀ ਪੌਸ਼ਟਿਕ ਤੱਕ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਡੀ.ਏ.ਪੀ. ਦੇ ਹੋਰ ਵਿਕਲਪ ਵਿਚ ਐਨ.ਪੀ.ਕੇ. 10:26:26 ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਫਾਸਫੋਰਸ ਲਈ ਸਿੰਗਲ ਸੁਪਰ ਫਾਸਫੇਟ ਜਾਂ ਟ੍ਰਿਪਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਾਈ ਦੇ ਸਮੇਂ ਪ੍ਰਤੀ ਏਕੜ 20 ਕਿਲੋ ਯੂਰੀਆ ਪਾਉਣ ਦੀ ਵੀ ਸਿਫਾਰਿਸ਼ ਕੀਤੀ ਜਾਂਦੀ ਹੈ।