‘ਹਰਾ ਨਗਰ ਕੀਰਤਨ’ ਮੰਡ ਤੋਂ ਚੱਲੇ ਕੇ ਵੇਈਂ ਕਿਨਾਰੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਪਹੁੰਚਿਆ
ਮੰਡ ਇਲਾਕੇ ਦੇ ਪਿੰਡ ਹੋਏ ਨਾਨਕਮਈ
ਨਗਰ ਕੀਰਤਨ ਦੌਰਾਨ ਪੰਜਾਬ ਦੇ ਪਿੰਡਾਂ ਨੂੰ ਹਰਿਆ ਭਰਿਆ ਬਣਾਉਣ ਦਾ ਸੱਦਾ
*ਸਕੂਲ ਅਤੇ ਕਾਲਜ ਦੇ ਬੱਚਿਆਂ ਨੇ ਤਖ਼ਤੀਆਂ ਰਾਹੀਂ ਵਾਤਾਵਰਨ ਬਚਾਉਣ ਦਾ ਦਿੱਤਾ ਸੁਨੇਹਾ *
ਦਿਨ ਵਿੱਚ ਵੀ ਜੋ ਹਨੇਰ ਚੜਿਆ ਹੈ ਉਹ ਮਨੱੁਖ ਦੀਆਂ ਕੀਤੀਆਂ ਹੋਈਆਂ ਗਲਤੀਆਂ ਹਨ : ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 09 ਨਵੰਬਰ 2024
ਸ੍ਰੀ ਗੁਰੂ ਨਾਨਕ ਦੇਵ ਜੀ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ‘ਹਰਾ ਨਗਰ ਕੀਰਤਨ’ ਆਹਲੀ ਕਲਾਂ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪਹੁੰਚਿਆ। ਇਸ ਨਗਰ ਕੀਰਤਨ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਪਿੰਡਾਂ ਨੂੰ ਹਰਿਆ ਭਰਿਆ ਬਣਾਉਣ ਤੇ ਜ਼ੋਰ ਦਿੱਤਾ। ਸੰਤ ਸੀਚੇਵਾਲ ਨੇ ਇਸ ਨਗਰ ਕੀਰਤਨ ਦੌਰਾਨ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਜੀਵਨਸ਼ੈਲੀ ਦੇ ਹਵਾਲੇ ਦੇ ਕੇ ਸੰਗਤਾਂ ਨੂੰ ਦੱਸਿਆ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਕੁਦਰਤ ਨਾਲ ਪਿਆਰ ਕਰਦੇ ਸਨ ਤੇ ਸਾਦਾ ਜੀਵਨ ਬਤੀਤ ਕਰਦਿਆ ਉਹਨਾਂ ਕੁੱਲ ਲੋਕਾਈ ਨੂੰ ਹਵਾ, ਪਾਣੀ ਤੇ ਧਰਤੀ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ। ਪਰ ਅੱਜ ਦਾ ਮਨੁੱਖ ਇਸਦੇ ਉਲਟ ਕੁਦਰਤ ਦਾ ਵਿਨਾਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਧੂੰਅੇ ਦੀ ਮਾਰ ਹੇਠ ਆਇਆ ਹੋਇਆ ਹੈ ਤੇ ਸਾਹ ਲੈਣਾ ਔਖਾ ਹੋਇਆ ਹੈ। ਉਹਨਾਂ ਕਿਹਾ ਕਿ ਦਿਨ ਵਿੱਚ ਵੀ ਜੋ ਹਨੇਰ ਚੜਿਆ ਹੈ ਉਹ ਮਨੁੱਖ ਦੀਆਂ ਕੀਤੀਆਂ ਹੋਈਆਂ ਹੀ ਗਲਤੀਆਂ ਹਨ।
ਸੰਤ ਸੀਚੇਵਾਲ ਨੇ ਨਗਰ ਕੀਰਤਨ ਦੌਰਾਨ ਕਿਹਾ ਕਿ ਇਸ ਸੰਕਟ ਦੇ ਸਥਾਈ ਹੱਲ ਲਈ ਬੂਟੇ ਲਾਉਣੇ ਬੇਹੱਦ ਜ਼ਰੂਰੀ ਹਨ। ਉਹਨਾਂ ਉਮੀਦ ਜ਼ਾਹਿਰ ਕੀਤੀ ਕਿ ਹਰੇ ਨਗਰ ਕੀਰਤਨ ਪੰਜਾਬ ਦੀ ਤਸਵੀਰ ਤੇ ਤਕਦੀਰ ਬਦਲਣ ਵਿੱਚ ਸਹਾਈ ਹੋਣਗੇ। ਪੰਜਾਬ ਤਦ ਹੀ ਖੁਸ਼ਹਾਲ ਹੋਵੇਗਾ ਜਦੋਂ ਇਹ ਹਰਿਆ ਭਰਿਆ ਬਣੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਧੂੰਏ ਨਾਲ ਧੁਆਂਖੇ ਜਾ ਰਹੇ ਪੰਜਾਬ ਨੂੰ ਬੂਟਿਆਂ ਨਾਲ ਹੀ ਸਾਫ਼-ਸੁਥਰਾ ਕੀਤਾ ਜਾ ਸਕਦਾ ਹੈ। ਦੋਵਾਂ ਨਗਰ ਕੀਰਤਨਾਂ ਵਿੱਚ 10 ਹਜ਼ਾਰ ਦੇ ਕਰੀਬ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾ ਚੁੱਕਾ ਹੈ।
ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ਼ਹੀਦ ਬਾਜ਼ ਸਿੰਘ ਜੀ ਪਿੰਡ ਆਹਲੀ ਖੁਰਦ ਤੋਂ ਚੱਲ ਕੇ ਪਿੰਡ ਆਹਲੀ ਕਲਾਂ, ਬੂਲੇ, ਹਜ਼ਾਰਾ, ਭੀਮਾਂ, ਚੱਕ, ਹਾਜ਼ੀਪੁਰ, ਕਬੀਰਪੁਰ, ਲੋਧੀਵਾਲ, ਭਾਗੋ ਬੁੱਢਾ, ਬੂਸੋਵਾਲ, ਤਰਫਹਾਜ਼ੀ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਹੁੰਦੇ ਹੋਏ ਪਵਿੱਤਰ ਵੇਈਂ ਦੇ ਕੰਢੇ-ਕੰਢੇ ਗੁਰਦੁਆਰਾ ਗੁਰਪ੍ਰਕਾਸ਼ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਆ ਕੇ ਸੰਪੂਰਨ ਹੋਇਆ। ਇਸ ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਹੋਇਆ ਸੀ। ਪੂਰੇ ਨਗਰ ਕੀਰਤਨ ਦੌਰਾਨ ਇਹ ਮੰਡ ਇਲਾਕਾ ਬਾਬੇ ਨਾਨਕ ਦੇ ਰੰਗਾਂ ਵਿੱਚ ਰੰਗਾਂ ਹੋਇਆ ਸੀ ਅਤੇ ਇਸ ਇਲਾਕੇ ਦਾ ਦ੍ਰਿਸ਼ ਨਾਨਕਮਈr ਦਿਖਾਈ ਦੇ ਰਿਹਾ ਸੀ। ਸੰਗਤਾਂ ਵੱਲੋਂ ਨਗਰ ਕੀਰਤਨ ਦੇ ਪਿੱਛੇ-ਪਿੱਛੇ ਗੁਰਬਾਣੀ ਦਾ ਗਾਇਨ ਕੀਤਾ ਜਾ ਰਿਹਾ ਸੀ।
ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਤੇ ਕਾਲਜ਼ ਦੇ ਬੱਚਿਆਂ ਵੱਲੋਂ ਨਗਰ ਕੀਰਤਨ ਦੇ ਅੱਗੇ-ਅੱਗੇ ਤਖਤੀਆਂ ਰਾਹੀ ਵਾਤਾਵਰਣ ਦੇ ਸੁਨੇਹਾ ਦਿੱਤਾ ਜਾ ਰਿਹਾ ਸੀ। ਨਗਰ ਕੀਰਤਨ ਵਿੱਚ ਪੈਦਲ ਚੱਲ ਰਹੀਆਂ ਸੰਗਤਾਂ ਦੇ ਸਵਾਗਤ ਲਈ ਹਰ ਪਿੰਡ ਵਿੱਚ ਸੰਗਤਾਂ ਉਡੀਕ ਵਿੱਚ ਸਨ। ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਥਾਂ-ਥਾਂ ‘ਤੇ ਫਲਾਂ ਅਤੇ ਚਾਹ ਪਕੌੜਿਆਂ ਦੇ ਲੰਗਰ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ ਵੀ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਗੁਰੁ ਗ੍ਰੰਥ ਸਾਹਿਬ ਲਈ ਸੁੰਦਰ ਪੁਸ਼ਾਕੇ ਭੇਂਟ ਕੀਤੇ ਗਏ। ਸੰਤ ਸੀਚੇਵਾਲ ਲਈ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਨਗਰ ਕੀਰਤਨ ਦੌਰਾਨ ਸੰਤ ਸੁਖਜੀਤ ਸਿੰਘ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ਸੁਰਜੀਤ ਸਿੰਘ ਸ਼ੰਟੀ, ਅਮਰੀਕ ਸਿੰਘ, ਗੁਰਦੀਪ ਸਿੰਘ, ਸਪਰੰਚ ਤਜਿੰਦਰ ਸਿੰਘ, ਤੀਰਥ ਸਿੰਘ, ਸਰਪੰਚ ਜੋਗਾ ਸਿੰਘ, ਸਤਨਾਮ ਸਿੰਘ ਅਤੇ ਇਲਾਕੇ ਭਰ ਦੀ ਸੰਗਤ ਵੱਡੀ ਗਿਣਤੀ ਵਿੱਚ ਸ਼ਾਮਿਲ ਸੀ।