ਕਿਸੇ ਗੈਂਗਸਟਰ ਵੱਲੋਂ ਵੋਟਰਾਂ ਨੂੰ ਧਮਕਾਉਣ ਦਾ ਕੋਈ ਤੱਥ ਸਾਹਮਣੇ ਨਹੀਂ ਆਇਆ, ਡੀ ਸੀ ਗੁਰਦਾਸਪੁਰ ਨੇ ਚੋਣ ਕਮਿਸ਼ਨ ਨੂੰ ਭੇਜੀ ਰਿਪੋਰਟ
ਰੋਹਿਤ ਗੁਪਤਾ
ਗੁਰਦਾਸਪੁਰ, 10 ਨਵੰਬਰ, 2024: ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਦੋ ਦਿਨ ਪਹਿਲਾਂ ਦੋਸ਼ ਲਗਾਇਆ ਸੀ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਮੋਹਤਵਰ ਵੋਟਰਾਂ ਨੂੰ ਜੱਗੂ ਨਾਲ ਵੀਡੀਓ ਕਾਲ ਕਰਵਾ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸਦੀ ਸ਼ਿਕਾਇਤ ਵੀ ਉਹਨਾਂ ਵੱਲੋਂ ਡੇਰਾ ਬਾਬਾ ਨਾਨਕ ਥਾਣੇ ਆਪ ਪਹੁੰਚ ਕੇ ਦਰਜ ਕਰਵਾਈ ਸੀ ਅਤੇ ਚੋਣ ਕਮਿਸ਼ਨ ਪੰਜਾਬ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਵੀ ਲਿਖੇ ਗਏ ਸੀ।
ਜਿਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਸ ਦੀ ਜਾਂਚ ਕਰਨ ਦੀ ਹਦਾਇਤ ਦਿੱਤੀ ਗਈ ਸੀ। ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ ਤੇ ਰਿਪੋਰਟ ਵਿੱਚ ਖੁਲ੍ਹਾਸਾ ਕੀਤਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੋਟਰਾਂ ਨੂੰ ਵੀਡੀਓ ਕਾਲ ਕਰਕੇ ਧਮਕਾਉਣ ਦਾ ਕੋਈ ਤੱਥ ਸਾਹਮਣੇ ਨਹੀਂ ਆਇਆ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਇਸ ਬਾਰੇ ਆਪਣੀ ਪ੍ਰਤੀਕਿਰਿਆ ਜਾਹਰ ਕਰ ਚੁੱਕੇ ਹਨ ਕਿ ਇਹ ਵੋਟਰਾਂ ਦਾ ਧਿਆਨ ਭਟਕਾਉਣ ਦੀ ਕਾਂਗਰਸ ਦੀ ਕੋਸ਼ਿਸ਼ ਹੈ ਕਿਉਂਕਿ ਉਹ ਆਪਣੀ ਹਾਰ ਵੇਖ ਕੇ ਮੁਕਾਬਲੇ ਤੋਂ ਭੱਜ ਰਹੀ ਹੈ ਜਦ ਕਿ ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਇਸ ’ਤੇ ਬੀਤੇ ਦਿਨ ਕਿਹਾ ਸੀ ਕਿ ਗੈਂਗਸਟਰਵਾਦ ਤਾਂ ਕਾਂਗਰਸ ਦੀ ਹੀ ਦੇਣ ਹੈ, ਅਸੀਂ ਤਾਂ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਥੇ ਹੀ ਜਦੋਂ ਇਸ ਬਾਰੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਰਿਪੋਰਟ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਸੁਖਜਿੰਦਰ ਰੰਧਾਵਾ ਦੇ ਇਹਨਾਂ ਦੋਸ਼ਾਂ ਦੀ ਗਰਾਉਂਡ ਲੈਵਲ ’ਤੇ ਜਾਂਚ ਕਰਵਾਉਣ ਤੋਂ ਬਾਅਦ ਹੀ ਆਪਣੀ ਰਿਪੋਰਟ ਬਣਾਈ ਹੈ ਅਤੇ ਚੋਣ ਕਮਿਸ਼ਨ ਨੂੰ ਅਤੇ ਪੰਜਾਬ ਸਰਕਾਰ ਨੂੰ ਭੇਜੀ ਹੈ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਫਿਲਹਾਲ ਉਹ ਚੰਡੀਗੜ੍ਹ ਵਿੱਚ ਹਨ । ਇਸ ਬਾਰੇ ਜਿਆਦਾ ਜਾਣਕਾਰੀ ਵਾਪਸ ਆਕੇ ਦੇਣਗੇ।
ਹਾਲਾਂਕਿ ਫਿਲਹਾਲ ਡਿਪਟੀ ਕਮਿਸ਼ਨਰ ਵੱਲੋਂ ਰਿਪੋਰਟ ਭੇਜਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਈ ਪ੍ਰਤਿਕਿਰਿਆ ਸਾਹਮਣੇ ਨਹੀਂ ਆਈ ਹੈ।