DC ਤੇ SSP ਵੱਲੋਂ ਪਰਾਲੀ ਸਾੜਣ ਤੋਂ ਰੋਕਣ ਲਈ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਉਪਲਬੱਧ ਕਰਵਾਉਣ 'ਤੇ ਜ਼ੋਰ
-ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਮੌਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ
-ਪਟਿਆਲਾ ਜ਼ਿਲ੍ਹੇ ਦੇ ਕਿਸਾਨ ਪਰਾਲੀ ਸੰਭਾਲਣ ਲਈ ਮਸ਼ੀਨਰੀ ਲੈਣ ਪ੍ਰਸ਼ਾਸਨ ਨਾਲ ਸੰਪਰਕ ਕਰਨ
ਪਟਿਆਲਾ, 10 ਨਵੰਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਜ਼ਿਲ੍ਹੇ 'ਚ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਅੱਜ ਸਮੂਹ, ਐਸ.ਪੀਜ, ਐਸ.ਡੀ.ਐਮਜ ਤੇ ਡੀ.ਐਸ.ਪੀਜ ਤੇ ਹੋਰ ਅਧਿਕਾਰੀਆਂ ਨਾਲ ਬੈਠਕ ਕਰਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਰਨ ਤੇ ਲੋੜੀਂਦੀ ਮਸ਼ੀਨਰੀ ਉਪਲਬੱਧ ਕਰਵਾਉਣ 'ਤੇ ਜ਼ੋਰ ਦਿੱਤਾ।
ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਜ਼ਿਲ੍ਹੇ ਦੇ ਸਾਰੇ ਐਸ.ਡੀ.ਐਮਜ਼ ਸਮੇਤ ਪੁਲਿਸ ਅਧਿਕਾਰੀਆਂ ਤੇ ਸਮੂਹ ਥਾਣਾ ਮੁਖੀਆਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਅਤੇ ਹਵਾ ਗੁਣਵੱਤਾ ਮੋਨੀਟਰਿੰਗ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਇੰਨ-ਬਿੰਨ ਤੇ ਸਖਤੀ ਨਾਲ ਕਰਨੀ ਯਕੀਨੀ ਬਣਾਈ ਜਾਵੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਤਾਇਨਾਤ ਕੀਤੇ ਗਏ ਨੋਡਲ ਅਫ਼ਸਰ ਕੋਈ ਅਣਗਹਿਲੀ ਨਾ ਵਰਤਣ ਤੇ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ 'ਚ ਮਿਲਾਉਣ ਤੇ ਸੁਚੱਜੇ ਪਰਾਲੀ ਪ੍ਰਬੰਧਨ ਲਈ ਉਤਸ਼ਾਹਤ ਕਰਨ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਕੋਈ ਵੀ ਕੰਬਾਇਨ ਬਿਨ੍ਹਾਂ ਸੁਪਰ ਐਸ.ਐਮ.ਐਸ. ਚਲਾਏ ਝੋਨੇ ਦੀ ਕਟਾਈ ਨਾ ਕਰੇ ਤੇ ਜੇਕਰ ਅਜਿਹਾ ਸਾਹਮਣੇ ਆਇਆ ਤਾਂ ਕਾਰਵਾਈ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸੰਭਾਲਣ ਲਈ ਬੇਲਰ, ਇਨ-ਸੀਟੂ ਤੇ ਐਕਸ-ਸੀਟੂ ਗਤੀਵਿਧੀਆਂ ਵੀ ਲਈ ਕਿਸਾਨ ਲੋੜੀਂਦੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫ਼ੇਸ ਸੀਡਰ ਆਦਿ ਲੈਣ ਲਈ ਕੰਟਰੋਲ ਰੂਮ ਦੇ ਨੰਬਰ 0175-2350550 'ਤੇ ਸੰਪਰਕ ਕਰਨ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਕੋਈ ਵੀ ਕੰਬਾਇਨ ਬਿਨ੍ਹਾਂ ਸੁਪਰ ਐਸ.ਐਮ.ਐਸ. ਚਲਾਏ ਝੋਨੇ ਦੀ ਕਟਾਈ ਨਾ ਕਰੇ ਤੇ ਜੇਕਰ ਅਜਿਹਾ ਸਾਹਮਣੇ ਆਇਆ ਤਾਂ ਕਾਰਵਾਈ ਹੋਵੇਗੀ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਸਾਰੇ ਕਲਸੱਟਰ ਅਫ਼ਸਰ, ਨੋਡਲ ਅਫ਼ਸਰ ਤੇ ਸਬੰਧਤ ਇਲਾਕੇ ਦਾ ਥਾਣਾ ਮੁਖੀ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਤੇ ਕੋਈ ਵੀ ਅਣਗਹਿਲੀ ਨਾ ਵਰਤੀ ਜਾਵੇ। ਇਸ ਮੌਕੇ ਐਸ.ਪੀ. ਸਰਫਰਾਜ ਆਲਮ, ਏ.ਡੀ.ਸੀਜ ਇਸ਼ਾ ਸਿੰਗਲ, ਨਵਰੀਤ ਕੌਰ ਸੇਖੋਂ ਤੇ ਅਨੁਪ੍ਰਿਤਾ ਜੌਹਲ, ਐਸ.ਪੀ. ਹਰਬੰਤ ਕੌਰ, ਸਮੂਹ ਐਸ.ਡੀ.ਐਮਜ, ਪ੍ਰਦੂਸ਼ਣ ਰੋਕਥਾਮ ਬੋਰਡ, ਖੇਤੀਬਾੜੀ ਤੇ ਸਹਿਕਾਰੀ ਵਿਭਾਗਾਂ ਸਮੇਤ ਥਾਣਾ ਮੁਖੀਆਂ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।