ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਦੀ ਸੇਵਾ ਦੀ ਸਿਲਵਰ ਜੁਬਲੀ ਵੱਡੀ ਪੱਧਰ ਤੇ ਮਨਾਈ ਜਾਵੇਗੀ: ਬਾਬਾ ਬਲਬੀਰ ਸਿੰਘ 96 ਕਰੋੜੀ
ਸਥਾਪਨਾ ਦਿਵਸ ਤੇ ਪੁਜੀਆਂ ਸੰਗਤਾਂ ਦਾ ਬੁੱਢਾ ਦਲ ਵੱਲੋਂ ਧੰਨਵਾਦ
ਅੰਮ੍ਰਿਤਸਰ, 10 ਨਵੰਬਰ 2024 : ਬੁੱਢਾ ਦਲ ਦੇ 316ਵੇਂ ਸਥਾਪਨਾ ਦਿਵਸ ਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਿਲ ਨਗਰ ਸਾਹਿਬ ਨਾਂਦੇੜ ਵਿਖੇ ਮਨਾਉਂਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਨੇ ਐਲਾਨ ਕੀਤਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਮੁਖ ਜਥੇਦਾਰ ਦੀ ਸੇਵਾ ਨਿਭਾ ਰਹੇ ਬ੍ਰਹਮਮੂਰਤ, ਸੇਵਾ ਦੇ ਪੁੰਜ, ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਦੇ ਸੇਵਾ ਦੇ 25 ਸਾਲ ਭਾਵ ਸਿਲਵਰ ਜੁਬਲੀ ਵਰਾਂ 25 ਜਨਵਰੀ 2025 ਨੂੰ ਆ ਰਿਹਾ ਹੈ। ਉਨ੍ਹਾਂ ਗੁਰਦੁਆਰਾ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਬੋਰਡ ਦੇ ਸਮੁੱਚੇ ਪ੍ਰਬੰਧਕਾਂ ਨੂੰ ਗੁਰੂ ਮਹਾਰਾਜ ਦੇ ਸ਼ੁਕਰਾਨੇ ਤੇ ਚੜ੍ਹਦੀਕਲਾ ਦੀ ਭਾਵਨਾ ਨਾਲ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਖੁਸ਼ੀ ਭਰੇ ਸਮਾਗਮਾਂ ਨੂੰ ਵੱਧ ਚੜ੍ਹ ਕੇ ਸਿਰਜੋੜ ਮਨਾਉਣ ਦੀ ਅਪੀਲ ਕੀਤੀ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਣਕਾਰੀ ਦਿਤੀ ਗਈ ਹੈ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਨਮੁਖ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਕਿਹਾ “ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕਿ ਭਾਗੁ ਸੇ ਲਾਗਾ ਸੇਵ” ਬਾਬਾ ਕੁਲਵੰਤ ਸਿੰਘ ਹੁਰਾਂ ਤਨ, ਮਨ, ਸਮਰਪਿਤ ਭਾਵਨਾ ਨਾਲ ਗੁਰੂ ਦਰਬਾਰ ਦੀ ਸੇਵਾ ਨਿਭਾਈ ਹੈ ਤੇ ਨਿਭਾ ਰਹੇ ਹਨ। ਇਨ੍ਹਾਂ ਦੇ ਸੇਵਾ ਪੱਖੋਂ 25 ਸਾਲ ਜਨਵਰੀ 2025 ਵਿੱਚ ਮੁਕੰਮਲ ਹੋ ਰਹੇ ਹਨ ਤੇ ਸੰਗਤਾਂ ਤੇ ਸਮੂਹ ਜਥੇਬੰਦੀਆਂ ਅੰਦਰ ਪੂਰਨ ਚਾਅ ਉਤਸ਼ਾਹ ਹੈ ਇਸ ਨੂੰ ਗੁਰਮਤਿ ਵਿਧੀ ਵਿਧਾਨ ਅਤੇ ਗੁਰੂ ਦੀ ਭੈਅ ਭਾਵਨੀ ਵਿੱਚ ਚੜ੍ਹਦੀਕਲਾ ਨਾਲ ਮਨਾਇਆ ਜਾਵੇ। ਅਸੀਂ ਵੀ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਬਾਬਾ ਕੁਲਵੰਤ ਸਿੰਘ ਨੂੰ ਤੰਦਰੁਸਤੀ, ਸੇਹਤਯਾਬੀ, ਬਲ ਬਖਸ਼ਣ ਕਿ ਉਹ ਅਗਲੇਰਾ ਜੀਵਨ ਖੁਸ਼ੀਆਂ ਖੇੜਿਆਂ ਤੇ ਗੁਰੂਘਰ ਦੀ ਸੇਵਾ ਵਿੱਚ ਬਤੀਤ ਕਰਨ। ਬਾਬਾ ਕੁਲਵੰਤ ਸਿੰਘ ਨੇ ਆਪਣਾ ਸਮੁੱਚਾ ਜੀਵਨ ਹੀ ਗੁਰਮਤਿ ਅਨੁਸਾਰੀ ਚੜ੍ਹਦੀਕਲਾ ਵਾਲਾ ਸੰਘਰਸ਼ਮਈ ਬਤਾਇਆ ਹੈ ਉਨ੍ਹਾਂ ਨੇ ਪਾਠੀ, ਗ੍ਰੰਥੀ, ਮੀਤ ਗ੍ਰੰਥੀ, ਹੈਡ ਗ੍ਰੰਥੀ, ਮੀਤ ਜਥੇਦਾਰ, ਜਥੇਦਾਰ ਵਜੋਂ ਪ੍ਰਸ਼ੰਸਾਜਨਕ ਸੇਵਾ ਨਿਭਾਈਆਂ ਤੇ ਨਿਭਾ ਰਹੇ ਹਨ। ਇਸ ਸਮੇਂ ਬੁੱਢਾ ਦਲ ਦੇ ਮੁਖੀ ਨੇ ਗੁਰੂ ਘਰ ਲਈ ਇੱਕ ਲੱਖ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਬੁੱਢਾ ਦਲ ਨੇ “ਸਥਾਪਨਾ ਦਿਵਸ” ਸਮਾਗਮਾਂ ਵਿੱਚ ਪੁਜੀਆਂ ਵਿਸ਼ੇਸ਼ ਧਾਰਮਿਕ ਸਖ਼ਸ਼ੀਅਤਾਂ, ਸਿੰਘ ਸਾਹਿਬਾਨਾਂ, ਨਿਹੰਗ ਸਿੰਘ ਦਲਾਂ, ਜਥੇਬੰਦੀਆਂ, ਟਕਸਾਲਾਂ, ਸਭਾ ਸੁਸਾਇਟੀਆਂ, ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਦੇ ਨਾਲ ਇਸ ਸਮੇਂ ਬਾਬਾ ਮਲੂਕ ਸਿੰਘ ਲਾਡੀ, ਬਾਬਾ ਨਾਗਰ ਸਿੰਘ ਵੇਲਾਂ, ਭਾਈ ਕਸ਼ਮੀਰ ਸਿੰਘ ਹੈੱਡ ਗ੍ਰੰਥੀ, ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ, ਬਾਬਾ ਜੋਤਇੰਦਰ ਸਿੰਘ, ਸਿੰਘ ਸਾਹਿਬ ਗਿਆਨੀ ਰਾਮ ਸਿੰਘ, ਸ. ਇੰਦਰਪਾਲ ਸਿੰਘ ਫੌਜੀ, ਸ. ਰਵਿੰਦਰ ਸਿੰਘ ਬੁੰਗਈ, ਸ. ਹਰਜੀਤ ਸਿੰਘ ਕੜੇਵਾਲੇ, ਸ. ਜੈਮਲ ਸਿੰਘ, ਸ. ਜਸਪਾਲ ਸਿੰਘ ਲਾਂਗਰੀ, ਗਿਆਨੀ ਪਰਮਜੀਤ ਸਿੰਘ, ਭਾਈ ਤਨਵੀਰ ਸਿੰਘ ਕਥਾਵਾਚਕ, ਭਾਈ ਸੁਖਵਿੰਦਰ ਸਿੰਘ ਕਥਾਵਾਚਕ ਆਦਿ ਹਾਜ਼ਰ ਸਨ। ਇਸ ਸਮੇਂ ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਸ. ਇੰਦਰਪਾਲ ਸਿੰਘ ਫੌਜੀ ਰਿਕੀ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਵਿਸ਼ਪ੍ਰਤਾਪ ਸਿੰਘ, ਬਾਬਾ ਰਣਜੋਧ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਈਸ਼ਰ ਸਿੰਘ, ਬਾਬਾ ਗੁਰਮੁੱਖ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਗਗਨਦੀਪ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਲਛਮਣ ਸਿੰਘ, ਬਾਬਾ ਜੱਸਾ ਸਿੰਘ, ਭਾਈ ਮਾਨ ਸਿੰਘ ਆਦਿ ਹਾਜ਼ਰ ਸਨ।