ਗੁਰਦੁਆਰਾ ਭੱਠਾ ਸਾਹਿਬ ਵਿਖੇ ਸਲਾਨਾ ਸ਼ਹੀਦੀ ਪੰਦਰਵਾੜੇ ਦੇ ਪ੍ਰਬੰਧਾਂ ਲਈ ਮੀਟਿੰਗ ਹੋਈ
ਸ਼ਹੀਦੀ ਜੋੜ ਮੇਲ ਮੌਕੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਚਾਰ ਚਰਚਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 10 ਨਵੰਬਰ 2024- ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਪੰਦਰਵਾੜੇ ਦੇ ਪ੍ਰਬੰਧਾਂ ਦੀ ਰੂਪਰੇਖਾ ਤਿਆਰ ਕਰਨ ਲਈ ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ਦਸਵੀਂ ਰੋਪੜ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਵੱਲੋਂ ਵੱਖ ਪਿੰਡਾਂ ਦੀਆਂ ਲੰਗਰ,ਜੋੜਾ ਘਰ, ਸਕੂਟਰ ਸਟੈਂਡ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਲੰਗਰ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਵਰ੍ਹੇ ਇਹ ਸ਼ਹੀਦੀ ਪੰਦਰਵਾੜੇ ਮੌਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ 16 ,17 ਅਤੇ 18 ਦਿਸੰਬਰ ਨੂੰ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਮਨਾਇਆ ਜਾਵੇਗਾ। ਇਸ ਮੌਕੇ 16 ਦਿਸੰਬਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਗੁਰੂਗੜ ਸਦਾਬਰਤ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ ਜ਼ੋ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੋ ਕੇ ਸ਼ਾਮੀ ਗੁਰਦੁਆਰਾ ਭੱਠਾ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਤੋਂ ਇਲਾਵਾ ਤਿੰਨ ਦਿਨ ਸ਼ਹੀਦੀ ਸਭਾ ਦੇ ਸਮਾਗਮ ਗੁਰਦੁਆਰਾ ਭੱਠਾ ਸਾਹਿਬ ਵਿਖੇ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਪ੍ਰਬੰਧਾਂ ਦੀ ਰੂਪਰੇਖਾ ਤਿਆਰ ਕਰਨ ਲਈ ਵੱਖ ਪਿੰਡਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਿਛਲੇ ਸਮੇਂ ਰਹੀਆਂ ਊਣਤਾਈਆਂ ਅਤੇ ਕਮੀਆਂ ਨੂੰ ਦਰੁਸਤ ਕਰਨ ਲਈ ਵੱਖ ਵੱਖ ਬੁਲਾਰਿਆਂ ਵਲੋਂ ਸੁਝਾਅ ਦਿੱਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਅਤੇ ਮੈਨੇਜਰ ਜਸਵੀਰ ਸਿੰਘ ਵਲੋਂ ਕਮੇਟੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਿਸ਼ਵਾਸ ਦਿਵਾਇਆ ਗਿਆ ਅਤੇ ਸਾਰਿਆਂ ਤੋਂ ਸਹਿਯੋਗ ਦੀ ਅਪੀਲ ਕੀਤੀ।
ਇਸ ਮੌਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਕਥਾਵਾਚਕ ਗਿਆਨੀ ਪਵਿੱਤਰ ਸਿੰਘ, ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਗਰੇਵਾਲ, ਸਤਨਾਮ ਸਿੰਘ ਮਾਜਰੀ, ਚਰਨਜੀਤ ਸਿੰਘ ਸ਼ੰਟੀ ਸਰਪੰਚ ਮਾਜਰੀ ਜੱਟਾਂ, ਹਰੀ ਸਿੰਘ ਸੁਖ ਰਾਮਪੁਰ ਟੱਪਰੀਆਂ, ਗੁਰਦੀਪ ਸਿੰਘ ਖਾਲਸਾ ਪ੍ਰਚਾਰ ਕਮੇਟੀ ਕੋਟਲਾ ਨਿਹੰਗ , ਗੁਰਵਿੰਦਰ ਸਿੰਘ ਸਰਪੰਚ ਗਰੇਵਾਲ, ਦਰਸ਼ਨ ਸਿੰਘ ਗਰੇਵਾਲ, ਹਰਬੰਸ ਸਿੰਘ, ਸਿਕੰਦਰ ਸਿੰਘ ਕੋਟਲਾ ਨਿਹੰਗ, ਨੌਜਵਾਨ ਸਭਾ ਪਿੰਡ ਗੰਧੋ, ਨੌਜਵਾਨ ਸਭਾ ਪਿੰਡ ਭਿਉਰਾ , ਯੂਥ ਕਲੱਬ ਗਰੇਵਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਬਾਗਵਾਲੀ , ਲੰਗਰ ਕਮੇਟੀ ਪਿੰਡ ਪਪਰਾਲਾ ਅਤੇ ਭੱਕੂਮਾਜਰਾ ਆਦਿ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।