ਫ਼ਿਰੋਜ਼ਪੁਰ 'ਚ ਵਿਦਾਈ ਸਮੇਂ ਲਾੜੀ ਨੂੰ ਵੱਜੀ ਗੋਲੀ, ਗੰਭੀਰ ਜ਼ਖ਼ਮੀ- CM ਮਾਨ ਨੇ ਘਟਨਾ 'ਤੇ ਪ੍ਰਗਟਾਇਆ ਅਫ਼ਸੋਸ
ਬਾਬੂਸ਼ਾਹੀ ਬਿਊਰੋ
ਫ਼ਿਰੋਜ਼ਪੁਰ, 10 ਨਵੰਬਰ 2024- ਫਿਰੋਜ਼ਪੁਰ ਵਿੱਚ ਖੁਸ਼ੀਆਂ ਅੱਜ ਉਸ ਵੇਲੇ ਗਮ ਵਿਚ ਬਦਲ ਗਈਆਂ, ਜਦੋਂ ਵਿਦਾਈ ਸਮੇਂ ਲਾੜੀ ਗੋਲੀ ਵੱਜਣ ਕਾਰਨ ਜ਼ਖਮੀ ਹੋ ਗਈ। ਦਰਅਸਲ ਖਾਈ ਫੇਮੇ ਕੀ ਪਿੰਡ ਵਿਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਦੌਰਾਨ ਲਾੜੀ ਜ਼ਖਮੀ ਹੋ ਗਈ। ਲਾੜੀ ਦੇ ਸਿਰ ਤੇ ਗੋਲੀ ਵੱਜੀ, ਜਿਸ ਤੋਂ ਬਾਅਦ ਉਹਨੂੰ ਪਹਿਲਾਂ ਨਿੱਜੀ ਹਪਸਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਉਸਦੀ ਹਾਲਤ ਨੂੰ ਗੰਭੀਰ ਵੇਖਦਿਆਂ ਹੋਇਆ ਡਾਕਟਰਾਂ ਨੇ ਲੁਧਿਆਣਾ ਰੈਫ਼ਰ ਕਰ ਦਿੱਤਾ।
ਦੂਜੇ ਪਾਸੇ ਇਸ ਘਟਨਾ ਤੇ ਸੀਐੱਮ ਭਗਵੰਤ ਮਾਨ ਦਾ ਵੀ ਟਵੀਟ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਘਟਨਾ ਤੇ ਅਫ਼ਸੋਸ ਪ੍ਰਗਟ ਕਰਦਿਆ ਆਪਣੀ ਪੋਸਟ ਵਿੱਚ ਲਿਖਿਆ ਕਿ, ਅੱਜ ਫਿਰੋਜ਼ਪੁਰ ਤੋਂ ਇੱਕ ਨਵੀਂ ਵਿਆਹੀ ਕੁੜੀ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ... ਸੁਣ ਕੇ ਬਹੁਤ ਦੁੱਖ ਲੱਗਿਆ ਕਿ ਪੰਜਾਬੀ ਕਿਹੜੇ ਰਾਹੇ ਤੁਰ ਪਏ ਨੇ... ਪੰਜਾਬੀਓ ਖੁਸ਼ੀ ਕਿਸੇ ਹੋਰ ਤਰੀਕੇ ਨਾਲ ਵੀ ਮਨਾਈ ਜਾ ਸਕਦੀ ਹੈ... ਵੈਸੇ ਵੀ ਹਥਿਆਰਾਂ ਦੀ ਵਿਆਹ ਸ਼ਾਦੀਆਂ ਦੇ ਮੌਕੇ ਚਲਾਉਣ ਦੀ ਮਨਾਹੀ ਹੈ, ਪਰ ਇਸਦੇ ਬਾਵਜੂਦ ਅਸੀਂ ਅਨੇਕਾਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਿਆਂ ਦਾ ਹੀ ਲਹੂ ਵਹਾਅ ਰਹੇ ਹਾਂ...ਸੋਚੋ ਤੇ ਵਿਚਾਰ ਕਰੋ ਕਿ ਜਿਸ ਘਰ ਦੇ ਵਿਹੜੇ 'ਚ ਜਿੱਥੇ ਸ਼ਗਨਾਂ ਦੇ ਗੀਤ ਚੱਲ ਰਹੇ ਸੀ ਉੱਥੇ ਪਲਾਂ 'ਚ ਧਾਹਾਂ ਵੱਜਣ ਲੱਗ ਗਈਆਂ...ਅਰਦਾਸ ਕਰਦਾਂ ਹਾਂ ਕਿ ਕੁੜੀ ਦੀ ਜਾਨ ਬਚ ਜਾਵੇ।