ਏ.ਡੀ.ਸੀ ਵੱਲੋਂ ਪਰਾਲੀ ਦਾ ਨਿਪਟਾਰਾ ਕਰ ਰਹੇ ਕਿਸਾਨਾਂ ਦੇ ਖੇਤਾਂ ਦਾ ਦੌਰਾ
-ਪਰਾਲੀ ਨਾ ਸਾੜ ਕੇ ਕਿਸਾਨ ਬਣੇ ਵਾਤਾਵਰਣ ਦੇ ਰਾਖੇ : ਅਨੁਪ੍ਰਿਤਾ ਜੌਹਲ
ਕਿਹਾ, ਸੁਪਰ ਸੀਡਰ, ਹੈਪੀ ਸੀਡਰ ਪਰਾਲੀ ਨੂੰ ਜ਼ਮੀਨ 'ਚ ਮਿਲਾਕੇ ਮਿੱਟੀ ਦੀ ਤਾਕਤ ਵਧਾਉਣ ਲਈ ਲਾਹੇਵੰਦ
ਪਟਿਆਲਾ, 11 ਨਵੰਬਰ:
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਇਨ ਸੀਟੂ ਤਕਨੀਕਾਂ ਨਾਲ ਪਰਾਲੀ ਦਾ ਨਿਪਟਾਰਾ ਕਰ ਰਹੇ ਕਿਸਾਨਾਂ ਦੇ ਖੇਤਾਂ ਦਾ ਜਾਇਜ਼ਾ ਲਿਆ।
ਪਿੰਡ ਪੰਜੋਲਾ, ਖੇੜਕੀ, ਲਚਕਾਣੀ, ਕਸਿਆਣਾ, ਲੰਗ ਸਮੇਤ ਹੋਰਨਾਂ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਏਡੀਸੀ ਨੇ ਕਿਹਾ ਕਿ ਵਾਤਾਵਰਣ ਦੇ ਰਾਖੇ ਕਿਸਾਨਾਂ ਨੇ ਪਰਾਲੀ ਨੂੰ ਇਨ ਸੀਟੂ ਤਕਨੀਕਾਂ ਨਾਲ ਖੇਤ ਵਿੱਚ ਹੀ ਮਿਲਾਕੇ ਜਿਥੇ ਆਪਣੇ ਖੇਤ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਹੈ, ਉਥੇ ਹੀ ਅਜਿਹੇ ਕਿਸਾਨਾਂ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਵੀ ਬਣੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇਨ ਸੀਟੂ ਤੇ ਐਕਸ ਸੀਟੂ ਦੋਵੇਂ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ ਦਾ ਨਿਪਟਾਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਐਕਸ ਸੀਟੂ ਤਕਨੀਕ ਰਾਹੀਂ ਬੇਲਰ ਨਾਲ ਪਰਾਲੀ ਦੀ ਗੰਢਾਂ ਬਣਾ ਕੇ ਇਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ।
ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਸੁਪਰ ਸੀਡਰ, ਹੈਪੀ ਸੀਡਰ, ਮਲਚਰ ਵਰਗੀਆਂ ਤਕਨੀਕਾਂ ਨਾਲ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਤਾਕਤ ਵਧਦੀ ਹੈ ਤੇ ਖਾਦਾਂ ਦੀ ਵਰਤੋਂ ਵਿੱਚ ਵੀ ਕਮੀ ਆਉਦੀ ਹੈ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਵੀ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਾਤਾਵਰਣ ਪੱਖੀ ਤਕਨੀਕਾਂ ਅਪਣਾਉਂਦੇ ਹੋਏ ਪਰਾਲੀ ਦਾ ਨਿਪਟਾਰਾ ਕਰਨ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਅਤੇ ਆਪਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਪ੍ਰਦਾਨ ਕਰ ਸਕੀਏ।