ਫੋਟੋ ਵੋਟਰ ਸੂਚੀ ਸਰਸਰੀ ਸੁਧਾਈ ਸਬੰਧੀ ਬੈਠਕ
ਪਟਿਆਲਾ 8 ਨਵੰਬਰ:
ਪਟਿਆਲਾ ਦੇ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਵਿਸ਼ੇਸ਼ ਸਰਸਰੀ ਸੁਧਾਈ 2025 ਸਬੰਧੀ ਇਕ ਬੈਠਕ ਕੀਤੀ ਗਈ । ਬੈਠਕ ਵਿੱਚ ਜ਼ਿਲ੍ਹਾ ਮਾਲ ਅਫਸਰ ਨਵਦੀਪ ਸਿੰਘ,ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਅਤੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਤੇ ਸਰਕਾਰੀ ਮੋਹਿੰਦਰਾ ਕਾਲਜ ਦੇ ਪ੍ਰੋ: ਸ਼ਵਿੰਦਰ ਸਿੰਘ ਰੇਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਚੋਣ ਅਫਸਰ, ਪੰਜਾਬ ਚੰਡੀਗੜ੍ਹ ਜੀ ਵੱਲੋਂ ਸ਼ੁੱਧ ਅਤੇ ਤਰੂਟੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਦੇ ਸਖਤ ਹੁਕਮ ਦਿੱਤੇ ਗਏ ਹਨ । ਜੇਕਰ ਕੋਈ ਵੀ ਯੋਗ ਵਿਅਕਤੀ ਜੋ ਕਿ ਆਪਣੀ 18 ਸਾਲ ਦੀ ਉਮਰ ਪੂਰੀ ਕਰਦਾ ਹੈ, ਦਾ ਨਾਂ ਵੋਟਰ ਸੂਚੀ ਵਿੱਚ ਲਾਜਮੀ ਤੌਰ ਤੇ ਸ਼ਾਮਲ ਕੀਤਾ ਜਾਵੇ । ਉਹਨਾਂ ਕਿਹਾ ਕਿ ਮਰ ਚੁੱਕੇ ਅਤੇ ਪੋਲਿੰਗ ਏਰੀਏ ਤੋਂ ਸ਼ਿਫਟ ਹੋਏ ਵੋਟਰਾਂ ਦੇ ਨਾਂ ਵੋਟਰ ਸੂਚੀ ਵਿਚੋਂ ਕੱਟੇ ਜਾਣ ਅਤੇ ਮੌਜੂਦਾ ਵੋਟਰ ਸੂਚੀਆਂ ਵਿੱਚ ਦਰਜ ਵੇਰਵਿਆਂ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਕੋਈ ਆਪਣੀ ਵੋਟ ਤੋ ਵਾਂਝਾ ਨਾ ਰਹਿ ਜਾਵੇ ।
ੳਹਨਾਂ ਨੇ ਵਿਦਿਅਕ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਕੂਲ ਵਿੱਚ ਪੜ੍ਹਦੇ ਹਰੇਕ ਵਿਦਿਆਰਥੀ ਦਾ ਡਾਟਾ ਇਕੱਠਾ ਕਰਨ ਅਤੇ ਜਿਹਨ੍ਹਾਂ ਦੀ ਵੋਟ ਬਣਨ ਤੋ ਰਹਿੰਦੀ ਹੈ, ਉਸਦੀ ਵੋਟ ਬਣਵਾਉਣ ਸਬੰਧੀ ਉਸਨੂੰ ਜਾਗਰੁਕ ਕਰਦੇ ਹੋਏ ਫਾਰਮ 6 ਪ੍ਰਾਪਤ ਕਰਕੇ ਉਸਦੀ ਵੋਟਰ ਰਜਿਸਟ੍ਰੇਸ਼ਨ ਜਰੂਰ ਕਰਵਾਉਣ । ਉਹਨਾਂ ਕਿਹਾ ਕਿ ਭਾਰਤ ਚੋਣ ਕਮਿਸ਼ਨਰ ਵੱਲੋਂ ਯੋਗਤਾ ਮਿਤੀ 1-1-2025 ਦੇ ਅਧਾਰ ਤੇ 29 ਅਕਤੂਬਰ ਤੋ 28 ਨਵੰਬਰ 2024 ਤੱਕ ਡਰਾਫਟ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ ਹੈ । ਉਹਨਾਂ ਕਿਹਾ ਕਿ ਮਿਤੀ 9 ਤੇ 10 ਨਵੰਬਰ ਅਤੇ ਮਿਤੀ 23 ਤੇ 24 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5-00 ਵਜੇ ਤੱਕ ਸਮੂਹ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ ਜਿਸ ਵਿੱਚ ਆਮ ਜਨਤਾ ਪਾਸੋਂ ਫਾਰਮ ਨੰ: 6, 6ਏ, 7 ਅਤੇ 8 ਪ੍ਰਾਪਤ ਕੀਤੇ ਜਾ ਸਕਣਗੇ ।
ਉਹਨਾਂ ਇਹ ਵੀ ਕਿਹਾ ਕਿ ਵੋਟਰ ਰਜਿਸਟ੍ਰੇਸ਼ਨ ਕਰਨ ਲਈ ਹਰੇਕ ਵਰਗ ਜਿਵੇਂ ਕਿ ਯੂਵਾ ਵਰਗ,ਔਰਤ ਵਰਗ,ਟਰਾਂਸਜੈਂਡਰ ਵਰਗ, ਦਿਵਿਆਂਗ ਵਰਗ ਤੇ ਵਿਸ਼ੇਸ਼ ਫੋਕਸ ਕੀਤਾ ਜਾਵੇ । ਉਹਨਾਂ ਅਗੋਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲ਼ੋਂ 17 ਸਾਲ ਦੀ ਉਮਰ ਪੂਰੀ ਕਰ ਚੁੱਕੇ ਯੁਵਾ ਪਾਸੋਂ ਬਤੌਰ ਵੋਟਰ ਰਜਿਸਟਰ ਹੋਣ ਸਬੰਧੀ ਐਡਵਾਂਸ ਤੌਰ ਤੇ ਫਾਰਮ ਪ੍ਰਾਪਤ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ । ਜੇਕਰ ਕਿਸੇ ਵਿਅਕਤੀ ਦੀ ਉਮਰ 1 ਜਨਵਰੀ 2025 ਨੂੰ 18 ਸਾਲ ਦੀ ਪੂਰੀ ਨਹੀ ਹੁੰਦੀ ਤਾਂ ਉਸ ਦੀ ਉਮਰ ਅਗਲੀਆਂ ਤਿੰਨ ਤਿਮਾਹੀਆਂ ਵਿੱਚ 18 ਸਾਲ ਦੀ ਪੂਰੀ ਹੁੰਦੀ ਹੈ ਤਾਂ ਉਹ ਵਿਅਕਤੀ ਆਪਣਾ ਨਾਂ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਐਡਵਾਂਸ ਫਾਰਮ ਜਮ੍ਹਾਂ ਕਰਵਾ ਸਕਦਾ ਹੈ । ਉਸ ਦੀ ਵੋਟ ਜਿਸ ਯੋਗਤਾ ਮਿਤੀ ਨੂੰ 18 ਸਾਲ ਦੀ ਪੂਰੀ ਹੋ ਜਾਵੇਗੀ , ਉਸੇ ਤਿਮਾਹੀ ਦੇ ਪਹਿਲੇ ਮਹੀਨੇ ਉਸਦਾ ਨਾਂ ਵੋਟਰ ਸੂਚੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ ।
ਉਹਨਾਂ ਵੱਲੋਂ ਸਮੂਹ ਵਿਭਾਗਾਂ ਅਤੇ ਵਿਦਿਅਕ ਸੰਸਥਾਵਾਂ ਦੇ ਮੁੱਖੀਆਂ/ਨੁਮਾਂਇੰਦਿਆਂ ਨੂੰ ਵੋਟਰ ਜਾਗਰੁਕਤਾ ਮੁਹਿੰਮ ਚਲਾਉਂਦੇ ਹੋਏ ਭਾਰਤ ਚੋਣ ਕਮਿਸ਼ਨਰ ਦੇ ਟੀਚੇ ਨੂੰ No Voter to be Left Behind “ ਪੂਰਾ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ।