ਜਿਸ ਘਰ ਕਿਨਰ ਵਧਾਈ ਦੇਣ ਜਾਂਦਾ ਸੀ, ਉਸ ਘਰ ਹੀ ਦਿੱਤਾ ਵਾਰਦਾਤ ਨੂੰ ਅੰਜਾਮ
ਰਵਿੰਦਰ ਸਿੰਘ
ਮਾਛੀਵਾੜਾ : ਮਾਛੀਵਾੜਾ ਪੁਲਸ ਵਲੋਂ ਇੱਕ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਿਸ ਵਿਚ ਸਰਗਨਾ ਰੇਨੂੰ ਮਹੰਤ ਵਾਸੀ ਬਹਿਲੋਲਪੁਰ, ਨਿਰਮਲ ਸਿੰਘ ਗੋਪੀ ਅਤੇ ਜਗਦੀਪ ਸਿੰਘ ਵਾਸੀ ਇੰਦਰਾ ਕਾਲੋਨੀ ਸ਼ਾਮਲ ਹਨ।
ਅੱਜ ਮਾਛੀਵਾੜਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ 21 ਅਗਸਤ 2024 ਨੂੰ ਸਥਾਨਕ ਗੁਰੂ ਨਾਨਕ ਮੁਹੱਲਾ ਵਿਖੇ ਮਨਮੋਹਣ ਸ਼ਰਮਾ ਦੇ ਘਰ ਚੋਰੀ ਹੋਈ ਸੀ ਜਿਸ ’ਚ ਚੋਰਾਂ ਨੇ ਘਰ ’ਚੋਂ ਇੱਕ ਰਿਵਾਲਵਰ, 5 ਜ਼ਿੰਦਾ ਕਾਰਤੂਸ ਤੇ ਗਹਿਣੇ ਚੋਰੀ ਕਰ ਲਏ ਸਨ। ਮਾਛੀਵਾੜਾ ਪੁਲਸ ਵਲੋਂ ਇਸ ਸਬੰਧੀ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ ਅਤੇ ਪੁਲਸ ਜ਼ਿਲਾ ਖੰਨਾ ਦੇ ਐੱਸਐੱਸੀ ਅਸ਼ਵਨੀ ਗੋਟਿਆਲ ਦੇ ਨਿਰਦੇਸ਼ਾਂ ਤਹਿਤ ਪੁਲਸ ਟੀਮਾਂ ਦਾ ਗਠਨ ਕਰ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਮਾਮਲੇ ਨੂੰ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਸਨ।
ਇਸ ਚੋਰੀ ਕੀਤੇ ਰਿਵਾਲਵਰ ਨਾਲ ਬਹਿਲੋਲਪੁਰ ਵਾਸੀ ਕਿੰਨਰ ਰੇਨੂੰ ਮਹੰਤ ਅਤੇ ਉਸਦੇ ਸਾਥੀ ਨਿਰਮਲ ਸਿੰਘ ਤੇ ਜਗਦੀਪ ਸਿੰਘ ਨੇ 2 ਦਿਨ ਪਹਿਲਾਂ ਥਾਣਾ ਚਮਕੌਰ ਸਾਹਿਬ ਵਿਖੇ ਪਿੰਡ ਬਹਿਰਾਮਪੁਰ ਬੇਟ ਵਿਖੇ ਘਰ ਵਿਚ ਦਾਖਲ ਹੋ ਕੇ ਪਿਸਤੌਲ ਦੇ ਜ਼ੋਰ ’ਤੇ ਔਰਤ ਤੋਂ ਵਾਲੀਆਂ ਝਪਟ ਕੇ ਲੈ ਗਏ। ਮਾਛੀਵਾੜਾ ਪੁਲਸ ਵਲੋਂ ਨਾਕਾਬੰਦੀ ਕਰ ਰੇਨੂੰ ਮਹੰਤ, ਨਿਰਮਲ ਸਿੰਘ ਤੇ ਜਗਦੀਪ ਸਿੰਘ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲੋਂ ਚੋਰੀ ਹੋਇਆ ਰਿਵਾਲਵਰ, ਕਾਰਤੂਸ ਤੇ ਲੁੱਟੇ ਹੋਏ ਗਹਿਣੇ ਵੀ ਬਰਾਮਦ ਕਰ ਲਏ।
ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੇਨੂੰ ਮਹੰਤ ਨੇ ਕੁਝ ਦਿਨ ਪਹਿਲਾਂ ਹੀ ਬਹਿਰਾਮਪੁਰ ਬੇਟ ਵਿਖੇ ਜਿਸ ਘਰ ਲੁੱਟ ਕੀਤੀ ਉਸ ਘਰ ਮੁੰਡਾ ਹੋਇਆ ਸੀ ਜਿੱਥੋਂ ਉਹ ਵਧਾਈ ਲੈ ਕੇ ਆਇਆ ਸੀ। ਇਹ ਕਿੰਨਰ ਜਿਸ ਘਰ ਵਧਾਈ ਦੇਣ ਜਾਂਦਾ ਸੀ ਉੱਥੇ ਸਾਰਾ ਮੁਆਇਨਾ ਕਰਨ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਾ ਸੀ। ਡੀਐੱਸਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਪਿਸਤੌਲ ਦੇ ਜ਼ੋਰ ’ਤੇ ਜੋ ਹੋਰ ਵਾਰਦਾਤਾਂ ਕੀਤੀਆਂ ਹਨ ਉਸਦਾ ਖੁਲਾਸਾ ਵੀ ਹੋ ਜਾਵੇਗਾ। ਵਧਾਈ ਦੇਣ ਤੋਂ ਬਾਅਦ ਭੇਸ ਬਦਲਕੇ ਗਿਰੋਹ ਨਾਲ ਵਾਰਦਾਤਾਂ ਨੂੰ ਦਿੱਤਾ ਸੀ ਅੰਜ਼ਾਮ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੇਨੂੰ ਮਹੰਤ ਜਿਸ ਪਿੰਡ ਵਿਚ ਵਧਾਈ ਦੇਣ ਜਾਂਦਾ ਸੀ ਉਸ ਤੋਂ ਬਾਅਦ ਲੁੱਟ ਲਈ ਸੁਰੱਖਿਅਤ ਘਰ ਦੇਖ ਕੇ ਭੇਸ਼ ਬਦਲਕੇ ਆਪਣੇ ਗਿਰੋਹ ਨਾਲ ਵਾਰਦਾਤ ਨੂੰ ਅੰਜ਼ਾਮ ਦੇਣ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਵਧਾਈ ਦੇਣ ਸਮੇਂ ਇਹ ਔਰਤਾਂ ਵਾਲੇ ਕੱਪਡ਼ੇ ਪਹਿਨਦਾ ਸੀ ਅਤੇ ਲੁੱਟ ਕਰਦਾ ਸੀ ਉਸ ਵੇਲੇ ਪੁਰਸ਼ਾਂ ਵਾਲੇ ਕੱਪਡ਼ੇ ਪਹਿਨਦਾ ਸੀ। ਜਿਸ ਸੁਨਿਆਰ ਨੂੰ ਚੋਰੀ ਦਾ ਸਮਾਨ ਵੇਚਿਆ ਉਸ ’ਤੇ ਵੀ ਸਿਕੰਜ਼ਾ ਕੱਸਾਂਗੇ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਵਲੋਂ ਲੁੱਟਿਆ ਸੋਨੇ ਦਾ ਸਮਾਨ ਮਾਛੀਵਾਡ਼ਾ ਦੇ ਹੀ ਇੱਕ ਸੁਨਿਆਰ ਨੂੰ ਵੇਚਿਆ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ’ਤੇ ਲਿਆਉਣ ਤੋਂ ਬਾਅਦ ਇਨ੍ਹਾਂ ਕਥਿਤ ਦੋਸ਼ੀਆਂ ਤੋਂ ਉਸ ਸੁਨਿਆਰੇ ਦੀ ਦੁਕਾਨ ਦੀ ਪਹਿਚਾਣ ਕਰਵਾਈ ਜਾਵੇਗੀ ਜਿੱਥੇ ਇਨ੍ਹਾਂ ਲੁੱਟ ਦਾ ਸਮਾਨ ਵੇਚਿਆ। ਉਨ੍ਹਾਂ ਕਿਹਾ ਕਿ ਚੋਰੀ ਤੇ ਲੁੱਟ ਦਾ ਸਮਾਨ ਖਰੀਦਣ ਵਾਲੇ ਕਿਸੇ ਵੀ ਸੁਨਿਆਰੇ ਨੂੰ ਬਖਸ਼ਿਆ ਨਹੀਂ ਜਾਵੇਗਾ। ਗ੍ਰਿਫ਼ਤਾਰ ਕੀਤੇ ਗਏ ਗਿਰੋਹ ’ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਿਰੋਹ ਦੇ ਤਿੰਨਾਂ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ਦਾ ਸਰਗਨਾ ਰੇਨੂੰ ਮਹੰਤ ਜਿਸ ’ਤੇ 3 ਮਾਮਲੇ ਦਰਜ ਹਨ ਜਿਸ ਵਿਚ ਆਰਮਜ਼ ਐਕਟ ਤੇ ਹੋਰ ਧਰਾਵਾਂ ਤਹਿਤ। ਇਸ ਤੋਂ ਇਲਾਵਾ ਨਿਰਮਲ ਸਿੰਘ ’ਤੇ ਇੱਕ ਮਾਮਲਾ ਦਰਜ ਹੈ ਜਦਕਿ ਜਗਦੀਪ ਸਿੰਘ ’ਤੇ ਚੋਰੀ ਤੇ ਲੁੱਟ ਖੋਹ ਦੇ 3 ਮਾਮਲੇ ਦਰਜ ਹਨ।