ਮੈਰਿਜ ਪੈਲਿਸਾਂ ’ਚ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਅਸਲਾ ਲੈ ਕੇ ਆਉਣ ’ਤੇ ਮਨਾਹੀ
ਹਥਿਆਰਾਂ ਦੀ ਵਡਿਆਈ ਕਰਨ ਵਾਲੇ ਗੀਤ ਵਜਾਉਣ ਵਾਲੇ ਮੈਰਿਜ ਪੈਲਿਸ ਤੇ ਹੋਵੇਗੀ ਕਾਨੂੰਨੀ ਕਾਰਵਾਈ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 11 ਨਵੰਬਰ - 2024 ਜ਼ਿਲ੍ਹਾ ਮੈਜਿਸਟਰੇਟ ਡਾ. ਪੱਲਵੀ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 (ਬੀ.ਐਨ.ਐਨ.ਐਸ) ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਪੈਂਦੇ ਸਾਰੇ ਮੈਰਿਜ ਪੈਲੇਸਾਂ, ਜਨਤਕ ਇੱਕਠ, ਧਾਰਮਿਕ ਸਥਾਨਾਂ ਜਾਂ ਹੋਰ ਸਮਾਗਮਾਂ ਜਿੱਥੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ/ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਪ੍ਰੋਗਰਾਮ ਮੌਕੇ ਅਸਲਾ ਅੰਦਰ ਲੈ ਕੇ ਜਾਣ ਅਤੇ ਲੋਕ ਦਿਖਾਵੇ ਲਈ ਅਸਮਾਨੀ ਫਾਇਰ ਕਰਨ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਵਿਆਹ ਸ਼ਾਦੀਆਂ ਦੇ ਸਮੇਂ ਮੈਰਿਜ ਪੈਲਸਾਂ ਵਿੱਚ ਕੁਝ ਲੋਕ ਆਪਣਾ ਲਾਇਸੰਸੀ ਅਸਲਾ ਨਾਲ ਲੈ ਕੇ ਜਾਂਦੇ ਹਨ ਅਤੇ ਜਦੋਂ ਹਥਿਆਰਾਂ ਵਾਲੇ ਗਾਣੇ ਅਤੇ ਸ਼ਰਾਬ ਦਾ ਮੇਲ ਹੁੰਦਾ ਹੈ ਤਾਂ ਅਕਸਰ ਲੋਕ ਦਿਖਾਵੇ ਦੇ ਤੌਰ ਤੇ ਫਾਇਰ ਕਰਦੇ ਹਨ ਜੋ ਪੈਲੇਸ ਵਿੱਚ ਮੌਜੂਦ ਲੋਕਾਂ ਦੀ ਜਾਨ ਦਾ ਖਤਰਾ ਬਣ ਜਾਂਦਾ ਹੈ, ਅਜਿਹੀਆਂ ਘਟਨਾਵਾਂ ਵਿੱਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਸਖਤ ਫੈਸਲਾ ਲੈਂਦੇ ਹੋਏ ਹੁਣ ਮੈਰਿਜ ਪੈਲਸਾਂ ਵਿੱਚ ਹਥਿਆਰਾਂ ਦੀ ਵਡਿਆਈ ਕਰਨ ਵਾਲੇ ਗੀਤ ਵਜਾਉਣੇ ਤੇ ਪਾਬੰਦੀ ਲਗਾਈ ਜਾਂਦੀ ਹੈ। ਵਰਨਣਯੋਗ ਹੈ ਕਿ ਪੈਲੇਸਾਂ ਵਿੱਚ ਅਸਲਾ ਨਾਲ ਲੈ ਕੇ ਆਉਣ ਸਬੰਧੀ ਬੋਰਡ ਤਾਂ ਲਿਖੇ ਹੁੰਦੇ ਹਨ ਪਰ ਇਨ੍ਹਾਂ ਬੋਰਡਾਂ 'ਤੇ ਕਿਸੇ ਵੱਲੋਂ ਅਮਲ ਨਹੀਂ ਕੀਤਾ ਜਾਂਦਾ। ਇਸ ਲਈ ਕੋਈ ਵੀ ਵਿਅਕਤੀ ਮੈਰਿਜ ਪੈਲਸਾਂ/ਹੋਟਲਾਂ ਵਿੱਚ ਲਾਇਸੰਸੀ ਹਥਿਆਰ ਨਾ ਲੈ ਕੇ ਆਵੇ, ਨੂੰ ਰੋਕਣ ਲਈ ਯਕੀਨੀ ਬਣਾਇਆ ਜਾਣਾ ਹੈ ਤਾਂ ਜੋ ਅੱਗੇ ਤੋਂ ਮੈਰਿਜ ਪੈਲੇਸਾਂ/ਹੋਟਲਾਂ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਜ਼ਿਲ੍ਹੇ ਵਿੱਚ ਸਥਿਤ ਸਾਰੇ ਮੈਰਿਜ ਪੈਲੇਸ, ਹੋਟਲ, ਕਮਿਊਨਿਟੀ ਹਾਲ ਦੇ ਮਾਲਕਾਂ/ਮੈਨੇਜਰ/ ਪ੍ਰਬੰਧਕ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਇਹ ਹੁਕਮ ਜ਼ਿਲ੍ਹੇ ਵਿੱਚ 10 ਜਨਵਰੀ 2025 ਤੱਕ ਲਾਗੂ ਰਹਿਣਗੇ।