ਮਾਲੇਰਕੋਟਲਾ: DC ਵੱਲੋਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਮੁਕਤ ਰੱਖਣ ਲਈ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਬਣਾਈ
* ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੇ ਖਤਰਿਆਂ ਨੂੰ ਰੋਕਿਆ ਜਾਣਾ ਬੇਹੱਦ ਜ਼ਰੂਰੀ- ਡਾ ਪੱਲਵੀ
* ਕਿਹਾ, ਸੁਪਰ ਸੀਡਰ, ਹੈਪੀ ਸੀਡਰ ਪਰਾਲੀ ਨੂੰ ਜ਼ਮੀਨ 'ਚ ਮਿਲਾਕੇ ਮਿੱਟੀ ਦੀ ਤਾਕਤ ਵਧਾਉਣ ਲਈ ਲਾਹੇਵੰਦ
* ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆ ਨੇ ਡੀ.ਏ.ਪੀ.ਬਦਲਵੇਂ ਸਰੋਤਾਂ (ਖਾਦਾ) ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ
ਮੁਹੰਮਦ ਇਸਮਾਈਲ ਏਸ਼ੀਆ
ਅਮਰਗੜ੍ਹ/ਮਾਲੇਰਕੋਟਲਾ 11 ਨਵੰਬਰ:2024 ਪੰਜਾਬ ਦੀ ਆਬੋ- ਹਵਾ ਨੂੰ ਬਚਾਉਣ ਅਤੇ ਕੁਦਰਤੀ ਸਰੋਤਾ ਦੀ ਰਾਖੀ ਲਈ ਆਪਣੀ ਨੈਤਿਕ,ਸਮਾਜਿਕ,ਜਿੰਮੇਵਾਰੀ ਸਮਝਦੇ ਹੋਏ ਸਾਨੂੰ ਆਪਣੀ ਸਾਰਥਕ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਨੂੰ ਗੰਦਲਾ ਹੋਣ ਤੋਂ ਬਚਾ ਸਕੀਏ ।
ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਅਮਲੀ ਰੂਪ ਦਿੰਦੇ ਹੋਏ ਜ਼ਿਲ੍ਹੇ ਦੇ ਪਿੰਡਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਮਾਰਚ ਦੌਰਾਨ ਅਮਰਗੜ੍ਹ ਸਬ ਡਵੀਜਨ ਦੇ ਪਿੰਡ ਬਾਠਾ ਬੁਰਜ, ਝੱਲ,ਨੰਗਲ,ਝੂੰਦਾ,ਬਾਗੜੀਆਂ ਭੱਟੀਆਂ ਕਲ੍ਹਾਂ ਭੱਟੀਆਂ ਖੁਰਦ,ਟੋਗਾਹੇੜੀ ਗੀਗਾਮਾਜਰਾ ਆਦਿ ਪਿੰਡਾਂ ਦਾ ਦੌਰਾ ਕਰਨ ਮੌਕੇ ਪਿੰਡ ਨਿਵਾਸੀਆਂ ਨਾਲ ਗੱਲਬਾਤ ਕੀਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ,ਤਹਿਸੀਲਦਾਰ ਸੀਸ਼ੂ ਪਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੀ ਮੌਜੂਦ ਸਨ ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਦਾ ਖੇਤਾਂ ਤੱਕ ਪਹੁੰਚ ਬਣਾਉਣ ਦਾ ਮਕਸਦ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਅਤੇ ਫਸ਼ਲੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕਮੀ ਲਿਆਉਣਾ ,ਇਨ ਸੀਟੂ ਤਕਨੀਕਾਂ ਨਾਲ ਪਰਾਲੀ ਦਾ ਨਿਪਟਾਰਾ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਹੈ। ਇਸ ਮੌਕੇ ਕਈ ਪਿੰਡਾਂ ਵਿੱਚ ਫਸਲੀ ਰਹਿੰਦ-ਖੂਹੰਦ ਨੂੰ ਲੱਗੀ ਅੱਗ ਵੀ ਬੁਝਵਾਈ ਗਈ।
ਵਾਤਾਵਰਣ ਦੀ ਸਾਂਭ ਸੰਭਾਲ ਲਈ ਹਰੇਕ ਨਾਗਰਿਕ ਨੂੰ ਸੁਹਿਰਦ ਯਤਨ ਚੁੱਕਣ ਦੀ ਲੋੜ ਤੇ ਜੋਰ ਦਿੰਦਿਆ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਵਿੱਚ ਸਾਰਥਕ ਭੂਮਿਕਾ ਨਿਭਾਉਣ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਆਲਾ-ਦੁਆਲਾ ਮੁਹੱਈਆ ਕਰਵਾਉਣਾ ਹਰੇਕ ਨਾਗਰਿਕ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੇ ਖਤਰਿਆਂ ਨੂੰ ਰੋਕਿਆ ਜਾਣਾ ਬੇਹੱਦ ਜ਼ਰੂਰੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਗਰੂਕਤਾ ਮੁਹਿੰਮ ਇਸ ਵਿੱਚ ਵੱਡਾ ਯੋਗਦਾਨ ਪਾਵੇਗੀ।